ਰਾਹੁਲ ਗਾਂਧੀ ਪੰਜਾਬ ''ਚ ਸਮਾਰਟ ਵਿਲੇਜ ਮੁਹਿੰਮ ਫੇਸ-2 ਨੂੰ ਭਲਕੇ ਵਰਚੁਅਲੀ ਲਾਂਚ ਕਰਨਗੇ
Thursday, Oct 15, 2020 - 08:34 PM (IST)
ਜਲੰਧਰ,(ਧਵਨ)–ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ 17 ਅਕਤੂਬਰ ਨੂੰ ਪੰਜਾਬ ਸਮਾਰਟ ਵਿਲੇਜ ਮੁਹਿੰਮ ਦੇ ਫੇਸ-2 ਨੂੰ ਵਰਚੁਅਲੀ ਲਾਂਚ ਕਰਨਗੇ, ਜਿਸ ਨਾਲ ਸੂਬੇ ਦੇ 13,000 ਤੋਂ ਵੱਧ ਪਿੰਡਾਂ 'ਚ ਇਤਿਹਾਸਿਕ ਵਿਕਾਸ ਦਾ ਅਗਲਾ ਪੜਾਅ ਸ਼ੁਰੂ ਹੋਵੇਗਾ। ਇਸ ਮੁਹਿੰਮ ਨੂੰ ਲਾਂਚ ਕਰਦੇ ਸਮੇਂ ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵਰਚੁਅਲੀ ਸ਼ਾਮਲ ਹੋਣਗੇ। ਇਸ ਨੂੰ ਸੂਬੇ ਦੇ 1500 ਗ੍ਰਾਮੀਣ ਸਥਾਨਾਂ 'ਤੇ ਇਕੱਠੇ ਲਾਂਚ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ ਸੂਬੇ ਦੇ ਕੈਬਨਿਟ ਮੰਤਰੀ, ਪੰਜਾਬ ਵਿਧਾਨ ਸਭਾ ਦੇ ਪ੍ਰਧਾਨ, ਉਪ ਪ੍ਰਧਾਨ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਪੰਜਾਬ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਵੱਖ-ਵੱਖ ਸਥਾਨਾਂ 'ਤੇ ਵੀਡੀਓ ਕਾਨਫਰੰਸਿੰਗ ਕਰ ਕੇ ਮੌਜੂਦ ਰਹਿਣਗੇ। ਸਾਰੇ ਕਾਂਗਰਸੀ ਵਿਧਾਇਕਾਂ ਨੂੰ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ ਅਤੇ ਨਾਲ ਹੀ ਪਟਿਆਲਾ, ਐੱਸ. ਏ. ਐੱਸ. ਨਗਰ ਅਤੇ ਫਤਿਹਗੜ੍ਹ ਸਾਹਿਬ ਦੇ ਕੁਝ ਚੁਣੇ ਹੋਏ ਸਰਪੰਚਾਂ ਨੂੰ ਵੀ ਇਸ 'ਚ ਹਿੱਸਾ ਲੈਣ ਲਈ ਕਿਹਾ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਐਲਾਨ ਕਰਦੇ ਹੋਏ ਕਿਹਾ ਕਿ ਗ੍ਰਾਮੀਣ ਪਰਿਵਰਤਨ ਪ੍ਰੋਗਰਾਮ ਦੇ ਫੇਸ-1 ਦੇ ਪੂਰਾ ਹੋਣ ਤੋਂ ਬਾਅਦ ਹੁਣ ਦੂਜੇ ਫੇਸ ਨੂੰ ਸ਼ੁਰੂ ਕਰਦੇ ਹੋਏ 2700 ਕਰੋੜ ਦੀ ਰਾਸ਼ੀ ਦੇ 50,000 ਵਿਕਾਸ ਦੇ ਕੰਮਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਕਾਸ ਕੰਮਾਂ 'ਚ ਗਲੀਆਂ ਅਤੇ ਨਾਲੀਆਂ ਨੂੰ ਪੱਕਾ ਕਰਨ, ਪਾਣੀ ਅਤੇ ਸਫਾਈ ਦੀ ਵਿਵਸਥਾ ਕਰਨ, ਤਾਲਾਬ, ਧਰਮਸ਼ਾਲਾ ਅਤੇ ਭਾਈਚਾਰਕ ਕੇਂਦਰਾਂ ਨੂੰ ਬਣਾਉਣ, ਸ਼ਮਸ਼ਾਨਘਾਟ, ਸਕੂਲ, ਆਂਗਣਵਾੜੀ, ਸਟ੍ਰੀਟ ਲਾਈਟ ਦੀ ਵਿਵਸਥਾ ਕਰਨ ਨੂੰ ਕਿਹਾ ਗਿਆ ਹੈ। ਇਨ੍ਹਾਂ ਸਾਰੇ ਕੰਮਾਂ ਨੂੰ ਇਕੱਠੇ ਸ਼ੁਰੂ ਕਰ ਦਿੱਤਾ ਜਾਏਗਾ ਤਾਂ ਕਿ ਦੇਹਾਤੀ ਖੇਤਰਾਂ 'ਚ ਵਿਕਾਸ ਕੰਮਾਂ ਨੂੰ ਬੜਾਵਾ ਦਿੱਤਾ ਜਾ ਸਕੇ। ਇਨ੍ਹਾਂ ਸਾਰੇ ਕੰਮਾਂ ਨੂੰ ਮੁੱਖ ਮੰਤਰੀ ਅਗਲੇ ਕੁਝ ਮਹੀਨਿਆਂ 'ਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ।