ਹਰ ਸਾਲ ਹੁੰਦੀ ਹੈ ਗਰਮੀ..ਫਿਰ ਇਸ ਵਾਰ ਕੀ ਹੋਇਆ ਕਿ ਸਵੇਰ, ਸ਼ਾਮ, ਰਾਤ ਨੂੰ ਵੀ ਨਹੀਂ ਆਰਾਮ!
Tuesday, Jun 18, 2024 - 08:40 PM (IST)
ਨਵੀਂ ਦਿੱਲੀ, ਦੇਸ਼ ਦੇ ਕਈ ਸੂਬਿਆਂ 'ਚ ਇਨ੍ਹੀਂ ਦਿਨੀਂ ਬੇਹੱਦ ਗਰਮੀ ਪੈ ਰਹੀ ਹੈ। ਰਾਤ ਹੋਵੇ, ਸਵੇਰ ਹੋਵੇ ਜਾਂ ਦਿਨ, ਹਰ ਸਮੇਂ ਗਰਮੀ ਕਾਰਨ ਹਾਲਤ ਬਦ ਤੋਂ ਬਦਤਰ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਤਾਪਮਾਨ ਆਮ ਨਾਲੋਂ 6 ਤੋਂ 8 ਡਿਗਰੀ ਵੱਧ ਹੈ। ਉੱਤਰੀ ਭਾਰਤ 'ਚ ਹੀਟ ਵੇਵ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਕਈ ਜ਼ਿਲਿਆਂ 'ਚ ਕਰੀਬ ਡੇਢ ਮਹੀਨੇ ਤੋਂ ਤਾਪਮਾਨ 45 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ। ਆਮ ਨਾਲੋਂ ਵੱਧ ਪੈ ਰਹੀ ਗਰਮੀ ਨੂੰ ਲੈ ਕੇ ਸਾਰਿਆਂ ਦੇ ਮਨ ਵਿੱਚ ਇੱਕ ਹੀ ਸਵਾਲ ਹੈ ਕਿ ਇਸ ਵਾਰ ਅਜਿਹਾ ਕੀ ਹੋ ਗਿਆ ਕਿ ਗਰਮੀ ਘੱਟ ਨਹੀਂ ਹੋ ਰਹੀ ਅਤੇ ਦਿਨ-ਰਾਤ ਹਰ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਤਾਂ ਆਓ ਜਾਣਦੇ ਹਾਂ ਕਿ ਇਸ ਵਾਰ ਇੰਨੀ ਗਰਮੀ ਕਿਉਂ ਹੈ?
ਕੀ ਹੈ ਅੱਪਡੇਟ?
ਦਿੱਲੀ 'ਚ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ‘ਚ ਵੀ ਗਰਮੀ ਰਿਕਾਰਡ ਤੋੜ ਰਹੀ ਹੈ। ਇਸ ਵਾਰ ਗਰਮੀ ਨੇ ਤਾਂ ਇਨ੍ਹਾਂ ਕਹਿਰ ਵਰ੍ਹਾ ਦਿੱਤਾ ਕਿ ਬਠਿੰਡਾ ਵਿੱਚ ਹੀ ਪਾਰਾ 48 ਡਿਗਰੀ ਦੇ ਲਾਗੇ ਰਿਕਾਰਡ ਕੀਤਾ ਗਿਆ। ਦੂਜੇ ਸੂਬਿਆਂ ਦੀ ਗੱਲ ਕਰੀਏ ਤਾਂ ਪ੍ਰਯਾਗਰਾਜ ਉੱਤਰ ਪ੍ਰਦੇਸ਼ ਦਾ ਸਭ ਤੋਂ ਗਰਮ ਜ਼ਿਲ੍ਹਾ ਹੈ, ਜਿੱਥੇ ਤਾਪਮਾਨ 47 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਤੋਂ ਬਾਅਦ ਕਾਨਪੁਰ, ਲਖਨਊ, ਬਾਂਦਾ, ਬੁੰਦੇਲਖੰਡ ਵਰਗੇ ਸ਼ਹਿਰ ਹਨ। ਬਿਹਾਰ ਦੀ ਗੱਲ ਕਰੀਏ ਤਾਂ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਅਤੇ ਚਾਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਹੈ। ਇਸ ਤੋਂ ਇਲਾਵਾ ਉੱਤਰ ਭਾਰਤ ਦੇ ਹੋਰ ਰਾਜਾਂ ਵਿੱਚ ਵੀ ਇਹੀ ਸਥਿਤੀ ਹੈ।
ਇਸ ਵਾਰ ਇੰਨੀ ਗਰਮੀ ਕਿਉਂ ਹੈ?
ਗਲੋਬਲ ਜਲਵਾਯੂ ਤਬਦੀਲੀ ਗਰਮੀ ਵਧਣ ਦਾ ਇੱਕ ਮਹੱਤਵਪੂਰਨ ਕਾਰਨ ਹੈ। ਗਲੋਬਲ ਵਾਰਮਿੰਗ ਕਾਰਨ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਤਾਪਮਾਨ ਵਧਣ ਦੀਆਂ ਖਬਰਾਂ ਆ ਰਹੀਆਂ ਹਨ। ਲੰਡਨ 'ਚ ਵੀ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ ਉੱਤਰੀ ਭਾਰਤ ਵਿੱਚ ਹੀਟਵੇਵ ਦੀ ਸਥਿਤੀ ਬਣੀ ਹੋਈ ਹੈ। ਇਸ ਤੋਂ ਇਲਾਵਾ ਹਰ ਪਾਸੇ ਮੌਸਮ ਦੇ ਪੈਟਰਨ 'ਚ ਬਦਲਾਅ ਆਇਆ ਹੈ, ਐਲ ਨੀਨੋ ਸਥਿਤੀ ਵੀ ਇਸ ਦਾ ਕਾਰਨ ਹੈ।
ਐਲ ਨੀਨੋ ਦੀ ਸਥਿਤੀ ਵਿੱਚ, ਹਵਾਵਾਂ ਉਲਟ ਦਿਸ਼ਾ ਵਿੱਚ ਚਲਦੀਆਂ ਹਨ ਅਤੇ ਸਮੁੰਦਰ ਦੇ ਪਾਣੀ ਦਾ ਤਾਪਮਾਨ ਵੀ ਵੱਧ ਜਾਂਦਾ ਹੈ, ਜਿਸਦਾ ਅਸਰ ਵਿਸ਼ਵ ਦੇ ਮੌਸਮ 'ਤੇ ਪੈਂਦਾ ਹੈ। ਇਸ ਕਾਰਨ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਇਸ ਤੋਂ ਇਲਾਵਾ ਗਰਮੀ ਦੇ ਵਧਣ, ਕੁਦਰਤ ਦੇ ਅਸੰਤੁਲਨ ਆਦਿ ਕਾਰਨ ਵੀ ਖੇਤੀ ਹਾਲਤਾਂ ਵਿੱਚ ਤਬਦੀਲੀਆਂ ਆ ਰਹੀਆਂ ਹਨ। ਵਾਤਾਵਰਨ 'ਚ ਆਏ ਇਨ੍ਹਾਂ ਬਦਲਾਅ ਕਾਰਨ ਰਾਤਾਂ ਗਰਮ ਹੋਣ ਦੀ ਸਥਿਤੀ ਬਣ ਗਈ ਹੈ, ਜਿਸ ਕਾਰਨ ਰਾਤ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ।
ਕਿਉਂ ਜਾਰੀ ਕੀਤਾ ਗਿਆ ਹੈ ਰੈੱਡ ਅਲਰਟ?
ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕਰਨ ਦੇ ਕਈ ਕਾਰਨ ਹਨ। ਰੈੱਡ ਅਲਰਟ ਬਾਰੇ ਮੌਸਮ ਵਿਗਿਆਨੀ ਸੋਮਾ ਸੇਨ ਰਾਏ ਨੇ ਕਿਹਾ ਹੈ ਕਿ ਨਾ ਸਿਰਫ ਵੱਧ ਤੋਂ ਵੱਧ ਤਾਪਮਾਨ ਵੱਧ ਰਿਹਾ ਹੈ, ਸਗੋਂ ਗਰਮ ਰਾਤ ਦੇ ਹਾਲਾਤ ਵੀ ਚੱਲ ਰਹੇ ਹਨ, ਜਿਸ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਰਾਤ ਦਾ ਤਾਪਮਾਨ ਵੀ ਬਹੁਤ ਜ਼ਿਆਦਾ ਹੈ ਅਤੇ ਰਾਤ ਨੂੰ ਤਾਪਮਾਨ ਆਮ ਨਾਲੋਂ 4.5 ਡਿਗਰੀ ਤਕ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਸਾਡੇ ਸਰੀਰ ਅਤੇ ਪੌਦਿਆਂ ਨੂੰ ਤਾਪਮਾਨ ਨੂੰ ਕੰਟਰੋਲ ਕਰਨ ਲਈ ਸਮਾਂ ਨਹੀਂ ਮਿਲਦਾ, ਜਿਸ ਕਾਰਨ ਰੈੱਡ ਅਲਰਟ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਹੀਟ ਵੇਵ ਕਾਰਨ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।