ਜਥੇਦਾਰ ਰਾਜਾਸਾਂਸੀ ਨੇ ਪੀ. ਏ. ਸੀ. ਮੈਂਬਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ

02/08/2020 6:12:52 PM

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਅਕਾਲੀ ਦਲ ਦੇ ਪੀ. ਏ. ਸੀ. (ਪਾਲੀਟਿਕਲ ਅਫੇਅਰਜ਼ ਕਮੇਟੀ) ਮੈਂਬਰ ਜਥੇਦਾਰ ਰਘਬੀਰ ਸਿੰਘ ਰਾਜਾਸਾਂਸੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਥੇਦਾਰ ਰਾਜਾਸਾਂਸੀ ਨੇ 'ਜਗਬਾਣੀ' ਨਾਲ ਗੱਲਬਾਤ ਕਰਦੇ ਆਖਿਆ ਕਿ ਪੁਰਾਣੇ ਅਕਾਲੀ ਆਗੂ ਜਿਨ੍ਹਾਂ ਨੇ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ ਹੈ ਅਤੇ ਜੇਲਾਂ ਵੀ ਕੱਟੀਆ ਹਨ, ਜੇਕਰ ਉਨ੍ਹਾਂ ਨੂੰ ਹੁਣ ਅਕਾਲੀ ਦਲ ਤੋਂ ਲਾਂਭੇ ਕੀਤਾ ਜਾਣਾ ਜਾਰੀ ਰਹੇਗਾ ਤਾਂ ਇਸ ਦਾ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਵੇਗਾ।

ਉਨ੍ਹਾਂ ਕਿਹਾ ਕਿ ਮੈਂ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗਾ। ਮੈਂ ਹਮੇਸ਼ਾ ਹੀ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਖਰੀ ਸਾਹ ਤੱਕ ਕੰਮ ਕਰਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਸਿਧਾਂਤਕ ਤੌਰ 'ਤੇ ਲੀਹਾਂ 'ਤੇ ਲਿਆਉਣ ਲਈ ਕੁਝ ਸੀਨੀਅਰ ਲੀਡਰਾਂ ਵਲੋਂ ਜੋ ਮੁਹਿੰਮ ਵਿੱਢੀ ਗਈ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਚ ਵੱਧ ਰਹੀ ਸਿਆਸੀ ਦਖਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੂੰ ਅਕਾਲੀ ਦਲ ਨੂੰ ਬਚਾਉਣ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਪੂਰੀ ਆਜ਼ਾਦੀ ਨਾਲ ਸਖਤ ਫੈਸਲੇ ਲੈਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੈਂ ਆਪਣਾ ਅਸਤੀਫਾ ਭੇਜ ਦਿੱਤਾ ਹੈ ਅਤੇ ਅਗਲੀ ਰਣਨੀਤੀ ਦਾ ਜਲਦ ਐਲਾਨ ਕੀਤਾ ਜਾਵੇਗਾ। ਇਸ ਸਮੇਂ ਸੀਨੀਅਰ ਅਕਾਲੀ ਆਗੂ ਜਥੇ. ਭੁਪਿੰਦਰ ਸਿੰਘ ਖਾਲਸਾ, ਲਖਮੀਰ ਸਿੰਘ ਲੱਖਾ ਅਤੇ ਹੋਰ ਵੀ ਹਾਜ਼ਰ ਸਨ।


Anuradha

Content Editor

Related News