ਰਾਘਵ ਚੱਢਾ ਦੀ CM ਚੰਨੀ ਨੂੰ ਚੁਣੌਤੀ, ਦਿੱਲੀ ਵਾਂਗ ਕੋਰੋਨਾ ਦੌਰਾਨ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਦਿਓ 1 ਕਰੋੜ
Tuesday, Nov 30, 2021 - 01:00 PM (IST)
ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਜਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ ਹੈ ਕਿ ਅਨੁਸੂਚਿਤ ਜਾਤੀਆਂ (ਐੱਸ. ਸੀ ਵਰਗ) ਦੇ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਅਤੇ ਕੋਰੋਨਾ ਮਹਾਮਾਰੀ ਸਮੇਤ ਹੋਰ ਡਿਊਟੀਆਂ ਨਿਭਾਉਂਦਿਆਂ ਜਾਨਾਂ ਵਾਰਨ ਵਾਲੇ ਮੁਲਾਜ਼ਮਾਂ ਖ਼ਾਸ ਕਰਕੇ ਦਲਿਤ ਵਰਗ ਦੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਤੁਰੰਤ ਦੇਣ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਚੰਨੀ ਅਜਿਹਾ ਨਹੀਂ ਕਰਦੇ ਤਾਂ 2022 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ’ਚ ਸਰਕਾਰ ਬਣਾ ਕੇ ਅਰਵਿੰਦ ਕੇਜਰੀਵਾਲ ਐੱਸ. ਸੀ. ਵਰਗ ਦੇ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਅਤੇ ਨੌਕਰੀਆਂ ਦੌਰਾਨ ਹੋਣ ਸ਼ਹੀਦ ਹੋਣ ਵਾਲੇ ਸਾਰੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਦੇਣਗੇ।
ਪੜ੍ਹੋ ਇਹ ਵੀ ਖ਼ਬਰ - ਤਪਾ ਮੰਡੀ : ਪ੍ਰੇਮ ਸੰਬੰਧਾਂ ‘ਚ ਅੜਿੱਕਾ ਬਣੀ ‘ਪਤਨੀ’ ਨੂੰ ਪਤੀ ਨੇ ਪਰਿਵਾਰ ਨਾਲ ਮਿਲ ਉਤਾਰਿਆ ਮੌਤ ਦੇ ਘਾਟ
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ‘ਆਪ’ ਆਗੂ ਰਾਘਵ ਚੱਢਾ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਅਤੇ ਇਸ ਮੌਕੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਬੁਲਾਰੇ ਨੀਲ ਗਰਗ ਵੀ ਮੌਜੂਦ ਸਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਘਵ ਚੱਢਾ ਨੇ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐੱਸ. ਸੀ. ਵਰਗ ਦੇ ਹਮਦਰਦ ਹੋਣ ਦਾ ਡਰਾਮਾ ਕਰਦੇ ਹਨ ਕਿਉਂਕਿ ਮੁੱਖ ਮੰਤਰੀ ਨੇ ਨਾ ਤਾਂ ਐੱਸ. ਸੀ. ਵਰਗ ਦੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੀ ਆਰਥਿਕ ਮਦਦ ਦਿੱਤੀ ਅਤੇ ਨਾ ਹੀ ਐੱਸ. ਸੀ. ਵਰਗ ਦੇ ਪਰਿਵਾਰਾਂ ਨੂੰ 5-5 ਮਰਲਿਆਂ ਦੇ ਪਲਾਟ ਦਿੱਤੇ ਹਨ, ਜਦਕਿ ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾਂ ਸਮੇਂ ਆਪਣੇ ਚੋਣ ਮਨੋਰਥ ਪੱਤਰ ’ਚ ਪਲਾਟ ਦੇਣ ਦਾ ਵਾਅਦਾ ਕੀਤਾ ਸੀ।’’ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਐੱਸ. ਸੀ. ਵਰਗ ਦੇ ਸੱਚੇ ਹਮਦਰਦ ਅਤੇ ਸ਼ੁਭਚਿੰਤਕ ਹਨ ਕਿਉਂਕਿ ਉਨ੍ਹਾਂ ਕੋਰੋਨਾ ਮਹਾਮਾਰੀ ਸਮੇਤ ਹੋਰ ਡਿਊਟੀਆਂ ਨਿਭਾਉਂਦਿਆਂ ਜਾਨਾਂ ਕੁਰਬਾਨ ਕਰਨ ਵਾਲੇ ਐੱਸ. ਸੀ. ਵਰਗ ਦੇ ਮੁਲਾਜ਼ਮਾਂ ਨੂੰ 1-1 ਕਰੋੜ ਰੁਪਏ ਦੀ ਮਦਦ ਦਿੱਤੀ ਹੈ। ਇਥੋਂ ਤੱਕ ਕਿ ਕੋਰੋਨਾ ਮਹਾਮਾਰੀ ਦੌਰਾਨ ਜਾਨ ਗੁਆਉਣ ਵਾਲੀ ਸਫ਼ਾਈ ਸੇਵਕ ਔਰਤ ਮੁਲਾਜ਼ਮ ਦੇ ਪਰਿਵਾਰ ਨੂੰ ਵੀ ਇਕ ਕਰੋੜ ਰੁਪਏ ਦੀ ਮਦਦ ਦਿੱਤੀ ਗਈ।
ਪੜ੍ਹੋ ਇਹ ਵੀ ਖ਼ਬਰ - ਜਥੇ ਨਾਲ ਪਾਕਿ ਗਈ ਵਿਆਹੁਤਾ ਜਨਾਨੀ ਨੇ ਪਤੀ ਦੇ ਸਾਹਮਣੇ ਲਾਹੌਰ 'ਚ ਕਰਵਾਇਆ ਦੂਜਾ ਵਿਆਹ
ਇਸ ਤੋਂ ਇਲਾਵਾ ਐੱਸ. ਸੀ. ਵਰਗ ਦੇ ਬੱਚਿਆਂ ਨੂੰ ਉੱਚ ਪੱਧਰੀ ਨੌਕਰੀਆਂ ਪ੍ਰਾਪਤ ਕਰਨ ’ਚ ਮਦਦ ਲਈ ‘ਜੈ ਭੀਮ ਯੋਜਨਾ’ ਲਾਗੂ ਕੀਤੀ ਹੋਈ ਹੈ, ਜਿਸ ਅਧੀਨ ਆਈ. ਏ. ਐੱਸ., ਆਈ. ਪੀ. ਐੱਸ., ਆਈ.ਆਈ.ਟੀ. ਅਤੇ ਹੋਰ ਪ੍ਰੀਖਿਆਵਾਂ ਦੀ ਮੁਫ਼ਤ ਤਿਆਰੀ ਕਰਵਾਈ ਜਾਂਦੀ ਹੈ ਅਤੇ ਬੱਚੇ ਨੂੰ ਖ਼ਰਚੇ ਲਈ ਵਿਸ਼ੇਸ਼ ਰਾਸ਼ੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਐੱਸ. ਸੀ. ਵਰਗ ਦੇ ਬੱਚਿਆਂ ਨੂੰ ਵਿਦੇਸ਼ ਜਾਣ ’ਚ ਵੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ’ਚ ਕੇਜਰੀਵਾਲ ਵੱਲੋਂ ਸਕੂਲ ਸਿੱਖਿਆ ’ਚ ਕੀਤੇ ਸੁਧਾਰਾਂ ਦਾ ਐੱਸ. ਸੀ. ਵਰਗ ਦੇ ਬੱਚਿਆਂ ਨੂੰ ਹੀ ਸਭ ਤੋਂ ਜ਼ਿਆਦਾ ਲਾਭ ਹੋਇਆ ਹੈ। ਰਾਘਵ ਚੱਢਾ ਨੇ ਦੋਸ਼ ਲਾਇਆ, ‘‘ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐੱਸ. ਸੀ. ਵਰਗ ਨੂੰ ਇਕ ਵੋਟ ਵਜੋਂ ਹੀ ਵਰਤ ਰਹੇ ਹਨ ਪਰ ਇਸ ਵਰਗ ਦੀ ਤਰੱਕੀ ਲਈ ਕੋਈ ਕੰਮ ਨਹੀਂ ਕਰ ਰਹੇ, ਜਦਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਸਮਰਪਿਤ ਭਾਵਨਾ ਨਾਲ ਐੱਸ. ਸੀ. ਵਰਗ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਹਨ। ਇਸੇ ਕਾਰਨ ਕਿਹਾ ਜਾਂਦਾ ਹੈ ਕਿ ‘ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ, ਕੇਜਰੀਵਾਲ ਕਰੇਗਾ ਪੂਰਾ।’’ ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੇ ਐੱਸ. ਸੀ. ਵਰਗ ਨੂੰ ਕੇਵਲ ਵੋਟ ਬੈਂਕ ਵਜੋਂ ਹੀ ਵਰਤਿਆ ਹੈ। ਪੰਜਾਬ ’ਚ ਐੱਸ. ਸੀ. ਵਰਗ ਦੇ ਬੱਚਿਆਂ ਦਾ ਕਰੋੜਾਂ ਰੁਪਿਆਂ ਦਾ ਵਜ਼ੀਫ਼ਾ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਾ ਗਏ, ਚੰਨੀ ਸਰਕਾਰ ਕਥਿਤ ਦੋਸ਼ੀ ਮੰਤਰੀ ਖਿਲਾਫ਼ ਕਾਰਵਾਈ ਕਰਨ ਦੀ ਥਾਂ ਉਸ ਦਾ ਬਚਾਅ ਕਰ ਰਹੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ’ਚ ਐੱਸ. ਸੀ. ਵਰਗ ਦੇ ਬੱਚਿਆਂ ਨੂੰ ਯੂ.ਪੀ.ਐੱਸ.ਸੀ., ਪੀ.ਪੀ.ਐੱਸ.ਸੀ. ਅਤੇ ਹੋਰ ਮੁਕਾਬਲਿਆਂ ਦੀ ਤਿਆਰੀ ਲਈ ਚਲਾਏ ਜਾਂਦੇ ਸਿਖਲਾਈ ਕੇਂਦਰ ਬੰਦ ਹੋ ਗਏ ਹਨ। ਨਾ ਹੀ 2500 ਰੁਪਏ ਪੈਨਸ਼ਨ ਮਿਲ ਰਹੀ ਹੈ ਅਤੇ ਨਾ ਹੀ 51 ਹਜ਼ਾਰ ਰੁਪਏ ਦਾ ਸ਼ਗਨ ਮਿਲ ਰਿਹਾ ਹੈ। ਇਸ ਲਈ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਐੱਸ. ਸੀ. ਵਰਗ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਚੰਗੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।
ਨੋਟ ਰਾਘਵ ਚੱਢਾ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ?