‘ਆਪ’ ਵਿਧਾਇਕ ਇੰਨੀ ਮਿਹਨਤ ਕਰਨ ਕਿ ਅੱਗੇ ਵੀ ਭਗਵੰਤ ਮਾਨ ਦੀ ਸਰਕਾਰ ਬਣੇ: ਰਾਘਵ ਚੱਢਾ

Monday, Mar 21, 2022 - 02:48 PM (IST)

ਜਲੰਧਰ (ਧਵਨ)- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਐਤਵਾਰ ਕਿਹਾ ਕਿ ਉਨ੍ਹਾਂ ਨੂੰ ਇੰਨੀ ਮਿਹਨਤ ਕਰਨੀ ਹੋਵੇਗੀ ਕਿ 2027, 2032 ਅਤੇ 2037 ’ਚ ਵੀ ਪੰਜਾਬ ’ਚ ਭਗਵੰਤ ਮਾਨ ਦੀ ਅਗਵਾਈ ’ਚ ‘ਆਪ’ ਦੀ ਸਰਕਾਰ ਬਣੇ। ਉਨ੍ਹਾਂ ਕਿਹਾ ਕਿ ਦਿੱਲੀ ’ਚ ਲੋਕਾਂ ਨੇ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ। ਉਸ ਤੋਂ ਬਾਅਦ ਹਮੇਸ਼ਾ ਲਈ ਕਾਂਗਰਸ ਅਤੇ ਭਾਜਪਾ ਦਾ ਪੱਤਾ ਸਾਫ਼ ਹੋ ਗਿਆ ਹੈ। ਦਿੱਲੀ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਵਸਥਾ ਨੂੰ ਇੰਨਾ ਵਧੇਰੇ ਸੁਧਾਰ ਦਿੱਤਾ ਹੈ ਕਿ ਹੁਣ ਲੋਕ ਆਮ ਆਦਮੀ ਪਾਰਟੀ ਦਾ ਪੱਲਾ ਕਦੇ ਵੀ ਨਹੀਂ ਛੱਡਣਗੇ।

ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਜਦੋਂ ਕੋਈ ਫੇਲ ਹੋਣ ਵਾਲਾ ਵਿਦਿਆਰਥੀ 50 ਜਾਂ 55 ਫ਼ੀਸਦੀ ਅੰਕ ਪ੍ਰੀਖਿਆ ’ਚ ਲੈ ਲੈਂਦਾ ਸੀ ਤਾਂ ਕੋਈ ਹੈਰਾਨੀ ਨਹੀਂ ਹੁੰਦੀ ਸੀ ਪਰ ਜਦੋਂ 95 ਫ਼ੀਸਦੀ ਅੰਕ ਲੈਣ ਵਾਲਾ ਵਿਦਿਆਰਥੀ 80 ਫ਼ੀਸਦੀ ਜਾਂ ਉਸ ਤੋਂ ਘੱਟ ਅੰਕਾਂ ’ਤੇ ਸਿਮਟ ਜਾਂਦਾ ਸੀ ਤਾਂ ਸਭ ਦੀਆਂ ਨਜ਼ਰਾਂ ਉਸ ਵੱਲ ਚਲੀਆਂ ਜਾਂਦੀਆਂ ਸਨ ਕਿ ਆਖਿਰ 15 ਫ਼ੀਸਦੀ ਅੰਕ ਘੱਟ ਕਿਉਂ ਆਏ ਹਨ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ 70 ਜਾਂ 80 ਫ਼ੀਸਦੀ ਅੰਕਾਂ ’ਤੇ ਸਿਮਟਣਾ ਨਹੀਂ ਸਗੋਂ ਉਨ੍ਹਾਂ ਨੂੰ 95 ਫ਼ੀਸਦੀ ਅੰਕਾਂ ਨਾਲ ਕੰਮ ਕਰਨਾ ਹੈ। ਦਿੱਲੀ ਦੀ ਉਦਾਹਰਣ ਸਾਡੇ ਸਾਹਮਣੇ ਹੈ। ਉਥੇ ਕੇਜਰੀਵਾਲ ਸਰਕਾਰ ਨੇ 95 ਫ਼ੀਸਦੀ ਅੰਕਾਂ ਨਾਲ ਲੋਕਾਂ ਦਾ ਭਰੋਸਾ ਜਿੱਤਿਆ ਹੋਇਆ ਹੈ।

ਇਹ ਵੀ ਪੜ੍ਹੋ: ਹੋਲੇ-ਮਹੱਲੇ ਦੌਰਾਨ ਵਾਪਰੀ ਵੱਡੀ ਘਟਨਾ, ਸਰੋਵਰ 'ਚ ਡੁੱਬਣ ਕਾਰਨ ਸ਼ਰਧਾਲੂ ਦੀ ਮੌਤ

ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨਾਲ ਵਾਅਦੇ ਨਹੀਂ ਕੀਤੇ ਸਗੋਂ ਉਨ੍ਹਾਂ ਨੂੰ ਗਾਰੰਟੀ ਦਿੱਤੀ ਹੈ। ਹੁਣ ਹਰ ਵਿਧਾਇਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਨ੍ਹਾਂ ਗਾਰੰਟੀਆਂ ਨੂੰ ਪੂਰਾ ਕਰਨ ’ਚ ਸਹਿਯੋਗ ਦੇਣ। ਉਨ੍ਹਾਂ ਵਿਧਾਇਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਬਦਲਾਖੋਰੀ ਦੀ ਸਿਆਸਤ ਵਿਚ ਨਹੀਂ ਪੈਣਾ ਚਾਹੀਦਾ ਕਿਉਂਕਿ ਮੈਨੂੰ ਪਤਾ ਲੱਗਾ ਹੈ ਕਿ ਕੁਝ ਵਿਧਾਇਕਾਂ ਨੇ ਵਿਰੋਧੀਆਂ ਨੂੰ ਲਲਕਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ 2017 ’ਚ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਏ ਸੀ। ਉਸ ਪਿੱਛੋਂ ਸਾਡਾ ਮਨੋਬਲ ਕਮਜ਼ੋਰ ਹੋਇਆ ਸੀ। 5 ਸਾਲ ’ਚ ਅਸੀਂ ਸਖ਼ਤ ਮਿਹਨਤ ਕੀਤੀ ਅਤੇ ਅੱਜ ਸੂਬੇ ’ਚ ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ। ਚੋਣਾਂ ਵਿਚ ਧਰਮ ਅਤੇ ਅਧਰਮ ਦੀ ਲੜਾਈ ਹੋਈ ਸੀ। ਅਸੀਂ ਧਰਮ ਨਾਲ ਚੱਲੇ ਸੀ ਜਦੋਂਕਿ ਸਾਡੀਆਂ ਵਿਰੋਧੀ ਪਾਰਟੀਆਂ ਅਧਰਮ ਦਾ ਸਾਥ ਲੈ ਕੇ ਚੱਲੀਆਂ ਸਨ। ਉਨ੍ਹਾਂ ਨਾਂਹਪੱਖੀ ਸਿਆਸਤ ਕੀਤੀ ਸੀ। ਕੇਜਰੀਵਾਲ ਦੇ ਰੰਗ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ। ਭਗਵੰਤ ਮਾਨ ’ਤੇ ਕਈ ਤਰ੍ਹਾਂ ਦੇ ਵਿਅੰਗ ਕੱਸੇ ਗਏ ਪਰ ਲੋਕਾਂ ਨੇ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਆਮ ਆਦਮੀ ਪਾਰਟੀ ਦੇ ਹੱਕ ’ਚ ਇਤਿਹਾਸਕ ਫਤਵਾ ਦਿੱਤਾ। ਚੱਢਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਸੁਨਹਿਰੀ ਦੌਰ ’ਚ ਵਾਪਸ ਲੈ ਕੇ ਜਾਣਾ ਹੈ। ਇਸ ਵਿਚ ਸਭ ਵਿਧਾਇਕਾਂ ਨੂੰ ਟੀਮ ਵਰਕ ਵਜੋਂ ਕੰਮ ਕਰਨਾ ਹੋਵੇਗਾ।

ਇਹ ਵੀ ਪੜ੍ਹੋ:  ਸ੍ਰੀ ਕੇਸਗੜ੍ਹ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਮਹੱਲਾ, ਜੈਕਾਰਿਆਂ ਦੀ ਗੂੰਜ 'ਚ ਹੋਲਾ-ਮਹੱਲਾ ਹੋਇਆ ਸੰਪੰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News