ਆਮ ਆਦਮੀ ਪਾਰਟੀ ਨੇ ਚੰਨੀ ਸਰਕਾਰ ''ਤੇ ਲਾਏ ਵੱਡੇ ਦੋਸ਼, ਸੁਖਬੀਰ ਬਾਦਲ ''ਤੇ ਵੀ ਸਾਧਿਆ ਨਿਸ਼ਾਨਾ
Wednesday, Dec 08, 2021 - 01:36 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਇੱਥੇ ਪ੍ਰੈੱਸ ਕਾਨਫਰੰਸ ਕਰਦਿਆਂ ਚੰਨੀ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਪੰਜਾਬ 'ਚ ਇਕ ਵੱਡਾ ਮੁੱਦਾ ਹੈ ਅਤੇ ਕਿੰਨੇ ਪਰਿਵਾਰ ਇਸ ਕਾਰਨ ਬਰਬਾਦ ਹੋ ਗਏ ਹਨ। ਰਾਘਵ ਚੱਢਾ ਨੇ ਚੰਨੀ ਸਰਕਾਰ 'ਤੇ ਵੱਡਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਚੰਨੀ ਵਿਚਕਾਰ ਇਕ ਖ਼ੁਫੀਆ ਮੀਟਿੰਗ ਹੋਈ ਹੈ ਅਤੇ ਇਹ ਮੀਟਿੰਗ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਮਜ਼ੋਰ ਕੇਸ ਬਣਾਉਣ ਨੂੰ ਲੈ ਕੇ ਹੋਈ ਹੈ।
ਉਨ੍ਹਾਂ ਕਿਹਾ ਕਿ ਥੋੜ੍ਹੇ ਦਿਨਾਂ ਅੰਦਰ ਚੰਨੀ ਸਰਕਾਰ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਫਿਰ ਅਗਲੇ ਦਿਨ ਅਦਾਲਤ ਤੋਂ ਉਨ੍ਹਾਂ ਨੂੰ ਜ਼ਮਾਨਤ ਦਿਵਾਏਗੀ। ਉਨ੍ਹਾਂ ਕਿਹਾ ਕਿ ਇਹ ਸਭ ਇਕ ਕਮਜ਼ੋਰ ਕੇਸ ਤਹਿਤ ਹੋਵੇਗਾ ਅਤੇ ਜਨਤਾ ਦੀਆਂ ਅੱਖਾਂ 'ਚ ਇਸ ਕੇਸ ਰਾਹੀਂ ਘੱਟਾ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੰਦਰੂਨੀ ਜੋ ਮੀਟਿੰਗ ਚੱਲ ਰਹੀ ਹੈ, ਇਸ ਦੀ ਜਾਣਕਾਰੀ ਮੁੱਖ ਮੰਤਰੀ ਚੰਨੀ ਹੀ ਦੇਣਗੇ। ਜੇਕਰ ਪੰਜਾਬ 'ਚ ਸਾਰੀਆਂ ਪਾਰਟੀਆਂ ਮਿਲ ਕੇ ਕੰਮ ਕਰਨਗੀਆਂ ਅਤੇ ਪੰਜਾਬੀਆਂ ਅੱਗੇ ਡਰਾਮਾ ਰਚਣਗੀਆਂ ਤਾਂ ਫਿਰ ਪੰਜਾਬ ਦੇ ਲੋਕਾਂ ਦਾ ਕੀ ਹੋਵੇਗਾ।
ਉਨ੍ਹਾਂ ਕਿਹਾ ਕਿ ਇਹ ਸਾਰੀ ਸੂਚਨਾ ਪੰਜਾਬ ਪੁਲਸ ਦੇ ਬਹੁਤ ਵੱਡੇ ਅਫ਼ਸਰ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਨੇ ਮੀਡੀਆ ਨੂੰ ਮੁੱਖ ਮੰਤਰੀ ਚੰਨੀ ਅਤੇ ਸੁਖਬੀਰ ਬਾਦਲ ਤੋਂ ਇਹ ਗੱਲ ਪੁੱਛਣ ਲਈ ਕਿਹਾ ਕਿ ਇਹ ਮੀਟਿੰਗ ਕਦੋਂ ਅਤੇ ਕਿੱਥੇ ਹੋਈ ਹੈ। ਭਗਵੰਤ ਮਾਨ ਨੂੰ ਭਾਜਪਾ ਵੱਲੋਂ ਆਉਣ ਵਾਲੇ ਫੋਨ ਦੇ ਮਾਮਲੇ ਬਾਰੇ ਬੋਲਦਿਆਂ ਰਾਘਵ ਚੱਢਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ 'ਚੋਂ ਸਾਡੇ ਲੋਕਾਂ ਨੂੰ ਫੋਨ ਕੀਤੇ ਜਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਆਉਣ ਲਈ ਕਿਹਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ