ਸ਼ਹਿਰ ਦੇ 3 ਵੱਡੇ ਰਾਧਾ ਸਵਾਮੀ ਸਤਿਸੰਗ ਘਰ ਕੁਆਰੰਟਾਈਨ ਸੈਂਟਰ ''ਚ ਤਬਦੀਲ

Monday, Jul 13, 2020 - 08:12 AM (IST)

ਸ਼ਹਿਰ ਦੇ 3 ਵੱਡੇ ਰਾਧਾ ਸਵਾਮੀ ਸਤਿਸੰਗ ਘਰ ਕੁਆਰੰਟਾਈਨ ਸੈਂਟਰ ''ਚ ਤਬਦੀਲ

ਜਲੰਧਰ,(ਗੁਲਸ਼ਨ)- ਕੋਰੋਨਾ ਵਾਇਰਸ ਚੀਨ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਭਾਰਤ ਵਿਚ ਵੀ ਲੱਖਾਂ ਲੋਕ ਇਸ ਵਾਇਰਸ ਦੀ ਮਾਰ ਵਿਚ ਆ ਚੁੱਕੇ ਹਨ। ਕੇਂਦਰ ਅਤੇ ਸੂਬਾ ਸਰਕਾਰਾਂ ਆਪੋ-ਆਪਣੇ ਪੱਧਰ ’ਤੇ ਇਸ ਵਾਇਰਸ ਨੂੰ ਰੋਕਣ ਦਾ ਯਤਨ ਕਰ ਰਹੀਆਂ ਹਨ ਪਰ ਬਾਵਜੂਦ ਇਸ ਦੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਮਹਾਮਾਰੀ ਲਈ ਪ੍ਰਸ਼ਾਸਨ ਨੇ ਸ਼ਹਿਰ ਵਿਚ ਕਈ ਥਾਵਾਂ ’ਤੇ ਕੁਆਰੰਟਾਈਨ ਸੈਂਟਰ ਬਣਾਏ ਹਨ ਜਿਥੇ ਰੇਲਵੇ ਅਤੇ ਬੱਸਾਂ ਵਿਚ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ।

ਡੇਰਾ ਬਿਆਸ ਨੇ ਇਸ ਮਹਾਮਾਰੀ ਦੌਰਾਨ ਇਕ ਵਾਰ ਫਿਰ ਅੱਗੇ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਥ ਦਿੰਦਿਆਂ ਸ਼ਹਿਰ ਦੇ 3 ਵੱਡੇ ਰਾਧਾ ਸਵਾਮੀ ਘਰਾਂ ਨੂੰ ਕੁਆਰੰਟਾਈਨ ਸੈਂਟਰਾਂ ਵਿਚ ਤਬਦੀਲ ਕਰ ਦਿੱਤਾ ਹੈ। ਪਠਾਨਕੋਟ ਚੌਕ ਦੇ ਨੇੜੇ ਸੈਂਟਰ ਨੰਬਰ 2, ਲਿਲੀ ਰਿਜ਼ਾਰਟ ਦੇ ਨੇੜੇ ਦੀਪ ਨਗਰ ਵਿਚ ਸਥਿਤ ਸੈਂਟਰ ਨੰਬਰ 3 ਅਤੇ ਰਾਮਾ ਮੰਡੀ-ਹੁਸ਼ਿਆਰਪੁਰ ਰੋਡ ’ਤੇ ਸਥਿਤ ਸੈਂਟਰ ਨੰਬਰ 6 ਵਿਚ ਕੁਆਰੰਟਾਈਨ ਸੈਂਟਰ ਬਣਾਏ ਗਏ ਹਨ। ਇਨ੍ਹਾਂ ਤਿੰਨਾਂ ਸਤਿਸੰਗ ਘਰਾਂ ਵਿਚ ਕਰੀਬ 700 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟਾਈਨ ਕਰਨ ਲਈ ਇਨ੍ਹਾਂ ਸੈਂਟਰਾਂ ਵਿਚ ਭੇਜਿਆ ਜਾ ਰਿਹਾ ਹੈ। ਡੇਰਾ ਬਿਆਸ ਵਲੋਂ ਇਨ੍ਹਾਂ ਸੈਂਟਰਾਂ ਵਿਚ ਠਹਿਰਣ ਵਾਲੇ ਲੋਕਾਂ ਨੂੰ ਉੱਚ ਪੱਧਰ ਦੀਆਂ ਸੁਖ-ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ’ਤੇ ਨਵੀਂ ਦਿੱਲੀ ’ਚ ਡੇਰਾ ਬਿਆਸ ਵਲੋਂ ਦੁਨੀਆ ਦਾ ਸਭ ਤੋਂ ਵੱਡਾ 10 ਹਜ਼ਾਰ ਬੈੱਡ ਦੀ ਸਮਰੱਥਾ ਵਾਲਾ ਕੁਆਰੰਟਾਈਨ ਸੈਂਟਰ ਬਣਾਇਆ ਗਿਆ ਹੈ। ਡੇਰਾ ਬਿਆਸ ਸੇਵਾ ਭਾਵ ਦੇ ਕਾਰਜ ਵਿਚ ਹਮੇਸ਼ਾ ਮੋਹਰੀ ਰਿਹਾ ਹੈ। ਕੋਰੋਨਾ ਮਹਾਮਾਰੀ ਦੌਰਾਨ ਡੇਰਾ ਬਿਆਸ ਵਲੋਂ ਵੱਖ-ਵੱਖ ਰਾਜਾਂ ਵਿਚ ਵੀ ਸਰਕਾਰਾਂ ਨੂੰ ਕਰੋੜਾਂ ਰੁਪਏ ਦੀ ਆਰਥਿਕ ਸਹਾਇਤਾ ਦੇਣ ਤੋਂ ਇਲਾਵਾ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਚਲਾਈ ਗਈ ਪੈਕ ਭੋਜਨ ਦੀ ਵਿਵਸਥਾ ਨੇ ਪੂਰੀ ਦੁਨੀਆ ਵਿਚ ਇਕ ਮਿਸਾਲ ਕਾਇਮ ਕੀਤੀ ਹੈ।

ਸਤਿਸੰਗ ਘਰ ਦੇ ਅੰਦਰ ਦਾਖਲ ਹੋਣ ’ਤੇ ਦਿੱਤੀ ਜਾਂਦੀ ਹੈ ਵੈਲਕਮ ਕਿੱਟ :

ਸਤਿਸੰਗ ਘਰ ਦੇ ਅੰਦਰ ਦਾਖਲ ਹੁੰਦੇ ਹੀ ਪਹਿਲਾਂ ਉਨ੍ਹਾਂ ਨੂੰ ਇਕ ਵੈਲਕਮ ਕਿੱਟ ਦਿੱਤੀ ਜਾਂਦੀ ਹੈ, ਜਿਸ ਵਿਚ ਟੁੱਥ ਬਰੱਸ਼, ਪੇਸਟ, ਨਹਾਉਣ ਦਾ ਸਾਬਣ, ਕੱਪੜੇ ਧੋਣ ਦਾ ਸਾਬਣ, ਸਰ੍ਹੋਂ ਦਾ ਤੇਲ, ਸੈਨੇਟਾਈਜ਼ਰ ਆਦਿ ਸਾਮਾਨ ਪਾਇਆ ਗਿਆ ਹੈ। ਜ਼ਰੂਰਤ ਮੁਤਾਬਕ ਉਨ੍ਹਾਂ ਨੂੰ ਬਾਥਰੂਮ ਚੱਪਲ ਅਤੇ ਤੌਲੀਆ ਵੀ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਫ-ਸੁਥਰੀ ਬੈਡਿੰਗ ਤੋਂ ਇਲਾਵਾ ਵੱਖਰੇ ਤੌਰ ’ਤੇ ਭਾਂਡੇ (ਥਾਲੀ, ਗਿਲਾਸ, ਚਮਚ, ਕੌਲੀ) ਦੇ ਨਾਲ-ਨਾਲ ਪਾਣੀ ਦੀ ਬੋਤਲ ਵੀ ਦਿੱਤੀ ਜਾਂਦੀ ਹੈ।

3 ਟਾਈਮ ਖਾਣੇ ਤੋਂ ਇਲਾਵਾ ਦਿੱਤਾ ਜਾ ਰਿਹੈ 2 ਟਾਈਮ ਨਿੰਬੂ ਪਾਣੀ ਅਤੇ ਚਾਹ-ਬਿਸਕੁਟ :

ਰਾਧਾ ਸਵਾਮੀ ਸਤਿਸੰਗ ਘਰਾਂ ਵਿਚ ਕੁਆਰੰਟਾਈਨ ਹੋਣ ਵਾਲੇ ਨੂੰ 3 ਟਾਈਮ ਦੇ ਖਾਣੇ ਤੋਂ ਇਲਾਵਾ 2 ਟਾਈਮ ਨਿੰਬੂ ਪਾਣੀ ਅਤੇ ਚਾਹ ਵੀ ਿਦੱਤੀ ਜਾ ਰਹੀ ਹੈ। ਡੇਰੇ ਵਲੋਂ ਬਣਾਏ ਗਏ ਸ਼ਡਿਊਲ ਮੁਤਾਬਕ ਸਵੇਰੇ 7 ਵਜੇ ਚਾਹ-ਬਿਸਕੁਟ, 9 ਵਜੇ ਨਾਸ਼ਤਾ, 11 ਵਜੇ ਨਿੰਬੂ ਪਾਣੀ, ਦੁਪਹਿਰ 1 ਵਜੇ ਲੰਚ, 3 ਵਜੇ ਨਿੰਬੂ ਪਾਣੀ, ਸ਼ਾਮ 5 ਵਜੇ ਚਾਹ-ਬਿਸਕੁਟ ਅਤੇ ਰਾਤ 8 ਵਜੇ ਡਿਨਰ ਦਿੱਤਾ ਜਾਂਦਾ ਹੈ। ਕੁਆਰੰਟਾਈਨ ਕੀਤੇ ਗਏ ਲੋਕਾਂ ਦਾ ਕਹਿਣਾ ਹੈ ਕਿ ਡੇਰੇ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਸਰਕਾਰਾਂ ਤੋਂ ਵੱਧ ਕੇ ਸੁਖ-ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਸਤਿਸੰਗ ਘਰ ਦੀ ਸ਼ੈੱਡ ਵਿਚ ਟੈਂਪਰੇਚਰ ਕੰਟਰੋਲ ਲਈ ਲਾਏ ਫਾਊਂਟੇਨ

ਉਥੇ ਦੂਜੇ ਪਾਸੇ ਕੁਆਰੰਟਾਈਨ ਕੀਤੇ ਗਏ ਲੋਕਾਂ ਦੀ ਸਹੂਲਤ ਲਈ ਸ਼ੈੱਡ ਵਿਚ ਪੱਖੇ ਅਤੇ ਕੂਲਰਾਂ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਡੇਰਾ ਬਿਆਸ ਦੀ ਤਰਜ਼ ’ਤੇ ਟੈਂਪਰੇਚਰ ਕੰਟਰੋਲ ਕਰਨ ਲਈ ਸ਼ੈੱਡ ਵਿਚ ਵਾਇਰਿੰਗ ਫਾਊਂਟੇਨ ਵੀ ਲਾਏ ਜਾ ਰਹੇ ਹਨ, ਿਜਸ ਵਿਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਦੀ ਫੁਹਾਰ ਨਿਕਲਦੀ ਹੈ। ਇਸ ਨਾਲ ਸ਼ੈੱਡ ਦੇ ਅੰਦਰ ਦਾ ਤਾਪਮਾਨ ਕੰਟਰੋਲ ’ਚ ਰਹਿੰਦਾ ਹੈ। ਸ਼ੈੱਡ ਨੂੰ ਮੱਛਰਾਂ ਤੋਂ ਰਹਿਤ ਕਰਨ ਲਈ ਚਾਰੇ ਪਾਸੇ ਜਾਲੀ ਵੀ ਲਾਈ ਗਈ ਹੈ।


author

Lalita Mam

Content Editor

Related News