ਸਿਟੀ ਸੈਂਟਰ ਦੇ ਰਿਹਾਇਸ਼ੀ ਫਲੈਟਾਂ 'ਚ ਰੇਡ : ਕਾਂਗਰਸੀ ਮਹਿਲਾ ਆਗੂ ਦਾ ਨਜ਼ਦੀਕੀ ਚਲਾ ਰਿਹਾ ਸੀ ਇਹ ਗੰਦਾ ਧੰਦਾ

Sunday, Sep 17, 2017 - 02:27 PM (IST)

ਪਟਿਆਲਾ (ਬਲਜਿੰਦਰ)-ਦੇਰ ਸ਼ਾਮ ਐਕਸਾਈਜ਼ ਵਿਭਾਗ ਦੀ ਇਕ ਉੱਚ ਪੱਧਰੀ ਟੀਮ ਨੇ ਸਿਟੀ ਸੈਂਟਰ ਮਾਰਕੀਟ ਦੇ ਪਿੱਛੇ ਬਣੇ ਰਿਹਾਇਸ਼ੀ ਫਲੈਟਾਂ 'ਚ ਰੇਡ ਕਰ ਕੇ ਉਥੋਂ ਨਕਲੀ ਸ਼ਰਾਬ ਤਿਆਰ ਕਰਨ ਵਾਲਾ ਕੈਮੀਕਲ ਅਤੇ ਬ੍ਰਾਂਡਿਡ ਸ਼ਰਾਬ ਦੇ ਲੇਬਲ ਬਰਾਮਦ ਕੀਤੇ। ਇਸ ਸਿਲਸਿਲੇ ਵਿਚ ਐਕਸਾਈਜ਼ ਵਿਭਾਗ ਦੀ ਟੀਮ ਨੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਵੀ ਲਿਆ ਹੈ। ਹਾਲਾਂਕਿ ਹੁਣ ਤੱਕ ਕਿੰਨਾ ਕੈਮੀਕਲ ਫੜਿਆ ਗਿਆ ਅਤੇ ਉਸ ਕੈਮੀਕਲ ਨਾਲ ਕਿਸ-ਕਿਸ ਤਰ੍ਹਾਂ ਦੀ ਸ਼ਰਾਬ ਬਣਾਈ ਜਾਂਦੀ ਸੀ, ਬਾਰੇ ਐਕਸਾਈਜ਼ ਵਿਭਾਗ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰ ਰਿਹਾ। ਲੋਕਾਂ ਮੁਤਾਬਕ ਸ਼ਰਾਬ ਦੀ ਫੈਕਟਰੀ ਚਲਾਉਣ ਵਾਲਾ ਇਕ ਵਿਅਕਤੀ ਕਾਂਗਰਸੀ ਮਹਿਲਾ ਆਗੂ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ। 
 ਮਿਲੀ ਜਾਣਕਾਰੀ ਅਨੁਸਾਰ ਕੈਮੀਕਲ ਅਤੇ ਲੇਬਲ ਕਾਫੀ ਵੱਡੀ ਗਿਣਤੀ ਵਿਚ ਬਰਾਮਦ ਕੀਤੇ ਗਏ ਹਨ, ਜਿਵੇਂ ਹੀ ਪੁਲਸ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਮਾਡਲ ਟਾਊਨ ਚੌਕੀ ਦੇ ਇੰਚਾਰਜ ਏ. ਐੱਸ. ਆਈ. ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ, ਉਦੋਂ ਤੱਕ ਐਕਸਾਈਜ਼ ਵਿਭਾਗ ਦੀ ਟੀਮ ਸਾਮਾਨ ਅਤੇ ਵਿਅਕਤੀਆਂ ਨੂੰ ਉਥੋਂ ਲਿਜਾ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਫਲੈਟ ਇਕ ਨਾਮੀ ਕੰਪਨੀ ਕੋਲ ਸੀ, ਜਿਸ ਦਾ ਸ਼ਰਾਬ ਕਾਰੋਬਾਰ ਹੈ। ਖਬਰ ਲਿਖੇ ਜਾਣ ਤੱਕ ਐਕਸਾਈਜ਼ ਵਿਭਾਗ ਦੀ ਟੀਮ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਸੀ।


Related News