ਬੀ. ਆਰ. ਟੀ. ਐੱਸ. ਪ੍ਰਾਜੈਕਟ ਨੂੰ ਸਿੱਧੂ ਨੇ ਦੱਸਿਆ ''ਪ੍ਰੀਮਚਿਓਰਡ ਚਾਈਲਡ''

Monday, Feb 19, 2018 - 06:30 AM (IST)

ਬੀ. ਆਰ. ਟੀ. ਐੱਸ. ਪ੍ਰਾਜੈਕਟ ਨੂੰ ਸਿੱਧੂ ਨੇ ਦੱਸਿਆ ''ਪ੍ਰੀਮਚਿਓਰਡ ਚਾਈਲਡ''

ਅੰਮ੍ਰਿਤਸਰ,  (ਮਹਿੰਦਰ)-   ਖੇਤੀ, ਖੇਡ ਤੇ ਟੂਰਿਜ਼ਮ ਖੇਤਰ 'ਚ ਆਸਟ੍ਰੇਲੀਆ ਤੋਂ ਆਧੁਨਿਕ ਤਕਨੀਕ ਦਾ ਸਹਿਯੋਗ ਹਾਸਲ ਕਰਨ ਸਬੰਧੀ ਆਸਟ੍ਰੇਲੀਅਨ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨਾਲ ਸਥਾਨਕ ਸਰਕਟ ਹਾਊਸ ਪਹੁੰਚੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹੁਣ ਵੀ ਫਲਾਪ ਚੱਲ ਰਹੇ ਬੀ. ਆਰ. ਟੀ. ਐੱਸ. ਪ੍ਰਾਜੈਕਟ 'ਤੇ ਇਸ ਦੀਆਂ ਕੰਡਮ ਹੋ ਰਹੀਆਂ ਬੱਸਾਂ ਦੇ ਸਵਾਲ 'ਤੇ ਬੀ. ਆਰ. ਟੀ. ਐੱਸ. ਪ੍ਰਾਜੈਕਟ ਦੀ ਪ੍ਰੀਮਚਿਓਰਡ ਚਾਈਲਡ ਨਾਲ ਤੁਲਨਾ ਕੀਤੀ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਬਿਨਾਂ ਕੋਈ ਠੋਸ ਯੋਜਨਾ ਤਿਆਰ ਕੀਤੇ ਜਲਦਬਾਜ਼ੀ 'ਚ ਇਸ ਪ੍ਰਾਜੈਕਟ ਨੂੰ ਸ਼ੁਰੂ ਕਰ ਦਿੱਤਾ ਸੀ। ਇਹ ਪ੍ਰਾਜੈਕਟ ਸਾਬਕਾ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਫਲਾਪ ਹੋ ਚੁੱਕਾ ਸੀ, ਇਸ ਲਈ ਇਹ ਪ੍ਰਾਜੈਕਟ ਇਕ ਤਰ੍ਹਾਂ ਪ੍ਰੀਮਚਿਓਰਡ ਬੱਚੇ ਵਾਂਗ ਅਜਿਹੇ ਵੈਂਟੀਲੇਟਰ 'ਤੇ ਚੱਲ ਰਿਹਾ ਹੈ, ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਿੱਧੂ ਨੇ ਕਿਹਾ ਕਿ ਉਹ ਖੁਦ ਵੀ ਕਈ ਵਾਰ ਦੇਖ ਚੁੱਕੇ ਹਨ ਕਿ ਬੀ. ਆਰ. ਟੀ. ਐੱਸ. ਬੱਸਾਂ ਵਿਚ 2-4 ਸਵਾਰੀਆਂ ਹੀ ਦਿਖਾਈ ਦਿੰਦੀਆਂ ਹਨ, ਇਸ ਦਾ ਕਾਰਨ ਇਹ ਹੈ ਕਿ ਬੱਸਾਂ ਦਾ ਗੈਪ ਘੰਟਿਆਂ ਵਿਚ ਹੈ ਤੇ ਲੋਕਾਂ ਨੂੰ ਬੱਸ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ।
ਸੁਖਬੀਰ ਬਾਦਲ ਨੂੰ ਫਿਰ ਦਿੱਤੀ ਚੁਣੌਤੀ : ਸੱਤਾ ਬਦਲਣ ਤੋਂ ਬਾਅਦ ਸਿੱਧੂ ਤੇ ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਬਾਦਲ ਇਕ-ਦੂਜੇ 'ਤੇ ਖੋਖਲੇ ਦਾਅਵੇ ਕਰਨ ਦੇ ਦੋਸ਼ ਲਾ ਰਹੇ ਹਨ। ਸੁਖਬੀਰ ਬਾਦਲ ਵੱਲੋਂ ਸਿੱਧੂ 'ਤੇ ਸ਼ਬਦਾਂ ਦੇ ਤਿੱਖੇ ਵਾਰ ਕਰਨ ਸਬੰਧੀ ਪੁੱਛੇ ਗਏ ਸਵਾਲ 'ਚ ਸਿੱਧੂ ਨੇ ਕਿਹਾ ਕਿ ਉਹ ਕਈ ਵਾਰ ਸੁਖਬੀਰ ਨੂੰ ਖੁੱਲ੍ਹੀ ਚੁਣੌਤੀ ਦੇ ਚੁੱਕੇ ਹਨ ਤੇ ਅੱਜ ਵੀ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹਨ, ਉਹ ਕਿਤੇ ਵੀ ਕਿਸੇ ਵੀ ਮੰਚ 'ਤੇ ਉਨ੍ਹਾਂ ਨਾਲ ਮੁੱਦਿਆਂ 'ਤੇ ਬਹਿਸ ਕਰ ਲੈਣ।


Related News