ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਦੇ ਖੇਤੀਬਾੜੀ ਯੂਨੀਵਰਸਿਟੀ ਅਤੇ ਵਿਭਾਗ ਨੂੰ ਸਵਾਲ

Wednesday, May 06, 2020 - 09:17 AM (IST)

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਦੇ ਖੇਤੀਬਾੜੀ ਯੂਨੀਵਰਸਿਟੀ ਅਤੇ ਵਿਭਾਗ ਨੂੰ ਸਵਾਲ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਰੋਨਾ ਕਾਰਨ ਮਜ਼ਦੂਰਾਂ ਦੀ ਕਮੀ ਹੋਣ ਕਰਕੇ ਅਤੇ ਪਾਣੀ ਦੀ ਬੱਚਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਝੋਨੇ ਦੇ ਕਾਸ਼ਤਕਾਰ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੀਆਂ ਸਲਾਹਾਂ ਲਗਾਤਾਰ ਦੇ ਰਹੇ ਹਨ । ਬਹੁਤੇ ਕਿਸਾਨ ਮਜ਼ਦੂਰੀ ਦਾ ਖਰਚਾ ਅਤੇ ਲੁਆਈ ਸਮੇਂ ਦੀ ਸਿਰਦਰਦੀ ਤੋਂ ਬਚਣ ਕਰਕੇ ਝੋਨੇ ਦੀ ਸਿੱਧੀ ਬਿਜਾਈ ਲਈ ਰਾਜ਼ੀ ਹਨ ਪਰ ਜਿਹੜੇ ਕਿਸਾਨ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨਗੇ ਉਨ੍ਹਾਂ ਦੇ ਮਨ ਵਿਚ ਝਾੜ ਘਟਣ ਦਾ ਡਰ ਵੀ ਹੈ । ਪੰਜਾਬ ਦੇ ਕਿਸਾਨਾਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਨੂੰ ਇਸ ਸੰਬੰਧਿਤ ਕੁਝ ਸਵਾਲ ਹਨ । 

ਕਿਸਾਨਾਂ ਦੇ ਸਵਾਲ 

1. ਸਿੱਧੀ ਬਿਜਾਈ ਲਈ ਖੇਤ ਦੀ ਰੌਣੀ ਸਮੇਂ ਪਾਣੀ ਦੀ ਜ਼ਰੂਰਤ ਹੈ ਪਰ 10 ਜੂਨ ਤੱਕ ਬਿਜਲੀ 3 ਘੰਟੇ ਤੋਂ ਵੱਧ ਨਹੀਂ ਆਉਂਦੀ। ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਾਫ਼ੀ ਰਕਬੇ ਵਿਚ ਹੋਵੇਗੀ। ਇਸਦੀ ਬਿਜਾਈ 1 ਜੂਨ ਤੋਂ ਪਹਿਲਾ ਹੀ ਸ਼ੁਰੂ ਹੋ ਜਾਂਦੀ ਹੈ ਪਰ ਮੋਟਰਾਂ ਦੀ ਬਿਜਲੀ 20 ਜੂਨ ਤੋਂ ਆਉਦੀ ਹੈ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ 1 ਜੂਨ ਤੋਂ 8 ਘੰਟੇ ਦਿੱਤੀ ਜਾਵੇ।
2. ਸਿੱਧੀ ਬਿਜਾਈ ਲਈ ਜ਼ਮੀਨ ਜ਼ਿਆਦਾ ਉਪਜਾਊ  ਚਾਹੀਂਦੀ ਹੈ। ਅਸੀਂ ਕਿਹੜੀ ਮਿੱਟੀ ਵਿਚ ਸਿੱਧੀ ਬਿਜਾਈ ਨਹੀਂ ਕਰ ਸਕਦੇ ਅਤੇ ਕੀ ਇਸ ਨਾਲ ਝੋਨੇ ਦਾ ਝਾੜ ਘੱਟ ਜਾਵੇਗਾ ?
3. ਝੋਨੇ ਦੀ ਸਿੱਧੀ ਬਿਜਾਈ ਲਈ ਕਿਹੜੀਆਂ ਕਿਸਮਾਂ ਕਾਮਯਾਬ ਹਨ ? ਜਿਸ ਨਾਲ ਕੱਦੂ ਕੀਤੇ ਗਏ ਝੋਨੇ ਦੇ ਬਰਾਬਰ ਝਾੜ ਲਿਆ ਜਾ ਸਕਦਾ ਹੈ ।
4. ਸਿੱਧੀ ਬਿਜਾਈ ਨਾਲ ਨਦੀਨਾਂ ਦੀ ਮਾਤਰਾ ਵਧ ਜਾਵੇਗੀ। ਇਨ੍ਹਾਂ ਦੀ ਰੋਕਥਾਮ ਲਈ ਕੀ ਹੱਲ ਹੋ ਸਕਦਾ ਹੈ ?
5. ਕੱਦੂ ਕੀਤੇ ਗਏ ਝੋਨੇ ਵਿਚ ਸਿਰਫ਼ ਚਾਰ ਤੋਂ ਪੰਜ ਕਿਲੋ ਬੀਜ ਦੀ ਵਰਤੋਂ ਹੁੰਦੀ ਹੈ ਪਰ ਸਿੱਧੀ ਬਿਜਾਈ ਵਿਚ ਅੱਠ ਤੋਂ ਦਸ ਕਿਲੋ ਬੀਜ ਲੱਗਦਾ ਹੈ। ਸਿੱਧੀ ਬਿਜਾਈ ਵਿਚ ਬੀਜਾਂ ਦੀ ਨੇੜਤਾ ਕਰਕੇ ਪੌਦਾ ਬੂਝਾ ਨਹੀਂ ਮਾਰਦਾ ਜਿਸ ਕਾਰਨ ਝਾੜ ਘੱਟ ਸਕਦਾ ਹੈ ਅਤੇ ਦਾਣਿਆਂ ਦੀ ਫੋਕ ਨਿਕਲਣ ਦੇ ਆਸਾਰ ਵੀ ਹਨ । 
6. ਬਿਜਾਈ ਲਈ ਮਸ਼ੀਨਾ ਦੀ ਵੀ ਘਾਟ ਹੈ, ਮਸ਼ੀਨਾਂ ਕਿਸੇ ਵੀ ਖੇਤੀਬਾੜੀ ਸੁਸਾਇਟੀ ਵਿਚ ਨਹੀਂ ਹਨ।
7.ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਠੀਕ ਹੈ ਜੇਕਰ ਖੇਤੀਬਾੜੀ ਵਿਭਾਗ ਸਮੇਂ ਸਮੇਂ ਤੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਵਾ ਕੇ ਲੋੜੀਦੀ ਜਾਣਕਾਰੀ ਮੁਹੱਈਆ ਕਰਾਏ।
8. ਸਿੱਧੀ ਬਿਜਾਈ ਲਈ ਸਰਕਾਰ ਕਿਸਾਨਾਂ ਨੂੰ ਲੋੜੀਦੀ ਮਸ਼ੀਨਰੀ ਸਬਸਿਡੀ ਤੇ ਮੁਹੱਈਆ ਕਰਵਾਏ ਜੋ ਹੁਣ ਇਸ਼ਤਿਹਾਰਾ ਰਾਹੀ ਸਬਸਿਡੀ ਦੀ ਗੱਲ ਚੱਲ ਰਹੀ ਹੈ ਇਸ ਵਿਚ ਕਿਸਾਨਾਂ ਦੀ ਲੁੱਟ ਹੋਵੋਗੀ ਤੇ ਮਸ਼ੀਨਰੀ ਬਣਾਉਣ ਵਾਲੀਆ ਕੰਪਨੀਆਂ ਦੇ ਮੁਨਾਫੇ ਵਧਣਗੇ। ਕਿਉਕਿ ਜੋ ਸਰਕਾਰੀ ਮਾਨਤਾ ਪ੍ਰਾਪਤ ਹਨ ਉਨ੍ਹਾਂ ਦੀ ਮਸ਼ੀਨਰੀ ਦੇ ਰੇਟ ਜਿਆਦਾ ਹੋਣਗੇ। ਕਿਸਾਨ ਆਜ਼ਾਦ ਹੋਣ, ਕਿਤੋ ਵੀ ਮਸ਼ੀਨਰੀ ਖਰੀਦਣ ਜਿੱਥੋਂ ਕਿਸਾਨ ਮਸ਼ੀਨਰੀ ਖਰੀਦੇ, ਉਸੇ ਕੰਪਨੀ ਜਾਂ ਫਰਮ ਦਾ ਬਿਲ ਮਨਜੂਰ ਹੋਵੇ ।
9. ਜਿਸ ਤਰ੍ਹਾਂ ਪਹਿਲਾਂ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਤੋਂ ਕਣਕ ਦੀ ਬਿਜਾਈ ਸਿੱਧੀ ਬਿਨਾਂ ਅੱਗ ਲਗਾਏ ਕਰਵਾਈ ਤਾਂ ਉਸ ਕਣਕ ਦੀ ਫਸਲ ਨੂੰ ਸੁੰਡੀ ਪੈ ਗਈ ਸੀ ਵਿਭਾਗ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ। ਜੇਕਰ ਸਿੱਧੀ ਬਿਜਾਈ ਦੇ ਸਾਰਥਕ ਨਤੀਜੇ ਨਾ ਨਿਕਲੇ ਤਾਂ ਕੌਣ ਜ਼ਿੰਮੇਵਾਰੀ ਲਵੇਗਾ?

ਪੰਜਾਬ ਖੇਤੀਬਾੜੀ ਯੂਨੀਵਰਸਿਟੀ 
 ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫ਼ਸਲ ਵਿਗਾਆਨੀ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਸਿੱਧੀ ਬਿਜਾਈ ਰੇਤਲੀ ਜ਼ਮੀਨ ਵਿਚ ਕਾਮਯਾਬ ਨਹੀਂ ਹੈ। ਬਾਕੀ ਜ਼ਮੀਨਾਂ ਵਿਚ ਕਿਸਾਨ ਸਿੱਧੀ ਬਿਜਾਈ ਕਰ ਸਕਦੇ ਹਨ ਉਨ੍ਹਾਂ ਦੱਸਿਆ ਕਿ ਪੰਜਾਬ ਵਿਚ 85 ਫੀਸਦੀ ਰਕਬਾ ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਕਾਬਲ ਹੈ । 

ਸਿੱਧੀ ਬਿਜਾਈ ਲਈ ਘੱਟ ਅਤੇ ਦਰਮਿਆਨੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਝੋਨੇ ਦੀਆਂ ਪਰਮਲ ਕਿਸਮਾਂ ਜਿਵੇਂ ਪੀ.ਆਰ.126, ਪੀ. ਆਰ. 114, ਪੀ. ਆਰ. 121, ਪੀ. ਆਰ. 122, ਪੀ. ਆਰ. 127 ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਅਤੇ ਬਾਸਮਤੀ ਕਿਸਮਾਂ ਜਿਵੇਂ ਪੂਸਾ ਬਾਸਮਤੀ 1121, ਪੂਸਾ ਬਾਸਮਤੀ 1509,ਪੂਸਾ ਬਾਸਮਤੀ 1718 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰਨੀ ਸਹੀ ਰਹੇਗੀ। ਝੋਨੇ ਦੀ ਸਿੱਧੀ ਬਿਜਾਈ ਰੌਣੀ ਤੋਂ ਬਾਅਦ ਤਰ ਵੱਤਰ ਜ਼ਮੀਨ ਵਿਚ ਹੀ ਕਰਨੀ ਚਾਹੀਦੀ ਹੈ। ਬਿਜਾਈ ਦੇ ਦੌਰਾਨ ਹੀ ਨਦੀਨ ਨਾਸ਼ਕ ਦੀ ਸਪਰੇਅ ਕਰ ਦੇਣੀ ਬਹੁਤ ਜ਼ਰੂਰੀ ਹੈ। ਜਿਸ ਨਾਲ ਨਦੀਨਨਾਸ਼ਕ ਦੀ ਇਕ ਪਰਤ ਬਣ ਜਾਵੇਗੀ ਅਤੇ ਨਦੀਨ ਨਹੀਂ ਪੈਦਾ ਹੋਣਗੇ । 

ਉਨ੍ਹਾਂ ਇਹ ਵੀ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਵਿਚ ਅੱਠ ਕਿਲੋ ਪ੍ਰਤੀ ਏਕੜ ਬੀਜ ਤੋਂ ਜ਼ਿਆਦਾ ਬੀਜ ਦੀ ਵਰਤੋ ਨਹੀਂ ਕਰਨੀ ਚਾਹੀਦੀ। ਜਿਹੜੇ ਕਿਸਾਨ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਉਹ ਝੋਨੇ ਦਾ ਸਿਰਫ਼ ਛੇ ਕਿੱਲੋ ਬੀਜ ਹੀ ਵਰਤ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਿੱਧੀ ਬਿਜਾਈ ਨਾਲ ਪੌਦਾ ਬੂਝਾ ਘੱਟ ਮਾਰਦਾ ਹੈ ਤਾਂ ਇਸ ਦੇ ਉਲਟ ਪੌਦਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਝਾੜ ਬਰਾਬਰ ਰਹੇਗਾ । 

ਖੇਤੀਬਾੜੀ ਵਿਭਾਗ 
ਖੇਤੀਬਾੜੀ ਵਿਭਾਗ ਪੰਜਾਬ ਦੇ ਮੁਖੀ ਡਾ ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਸਹੀ ਸਮੇਂ ਤੇ ਸਰਕਾਰ ਦੁਆਰਾ ਲੋੜੀਂਦੀ ਬਿਜਲੀ ਮਹੱਈਆ ਕਰਵਾਈ ਜਾਵੇਗੀ। ਮਸ਼ੀਨਾਂ ਦੀ ਗੱਲ ਕਰੀਏ ਤਾਂ ਜਿਹੜੇ ਪਿੰਡਾਂ ਦੀਆਂ ਸੁਸਾਇਟੀਆਂ ਸਾਡੇ ਤੋਂ ਝੋਨੇ ਦੀ ਸਿੱਧੀ ਬਿਜਾਈ ਲਈ ਮਸ਼ੀਨਾਂ ਖਰੀਦਣੀਆਂ ਚਾਹੁੰਦੀਆਂ ਹਨ ਉਨ੍ਹਾਂ ਨੂੰ ਅਸੀਂ ਸਬਸਿਡੀ ਦੇ ਰਹੇ ਹਾਂ। ਜੇਕਰ ਕੋਈ ਕਿਸਾਨ ਵੀ ਆਪਣੇ ਪੱਧਰ ’ਤੇ ਮਸ਼ੀਨ ਖਰੀਦਣੀ ਚਾਹੁੰਦਾ ਹੈ ਤਾਂ ਵੀ 50 ਪ੍ਰਤੀਸ਼ਤ ਤੱਕ ਸਬਸਿਡੀ ਮਿਲੇਗੀ। ਉਨ੍ਹਾਂ ਕਿਹਾ ਕਿ ਕਿਸਾਨ ਸਿਰਫ ਮਾਨਤਾ ਪ੍ਰਾਪਤ ਕੰਪਨੀਆਂ ਤੋਂ ਹੀ ਮਸ਼ੀਨਾਂ ਖਰੀਦ ਸਕਦਾ ਹੈ ਇਨ੍ਹਾਂ ਕੰਪਨੀਆਂ ਨੂੰ ਮਾਨਤਾ ਪੰਜਾਬ ਨਹੀਂ ਬਲਕਿ ਕੇਂਦਰ ਸਰਕਾਰ ਦੁਆਰਾ ਦਿੱਤੀ ਗਈ ਹੈ। ਕਿਸਾਨਾਂ ਦਾ ਸਵਾਲ ਸੀ ਕਿ ਜੇਕਰ ਸਿੱਧੀ ਬਿਜਾਈ ਨਾਲ ਝਾੜ ਚੰਗਾ ਨਾ ਨਿਕਲਿਆ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੈ? ਇਸ ਸਬੰਧ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਲੰਬੀ ਖੋਜ ਤੋਂ ਬਾਅਦ ਇਹ ਨਤੀਜਾ ਕੱਢਿਆ ਕਿ ਸਿੱਧੀ ਬਿਜਾਈ ਨਾਲ ਝੋਨੇ ਦਾ ਝਾੜ ਘੱਟ ਨਹੀਂ ਆਵੇਗਾ। ਜੇਕਰ ਨਦੀਨਾਂ ਕਾਰਨ ਝਾੜ ਉੱਤੇ ਅਸਰ ਪੈਂਦਾ ਹੈ ਤਾਂ ਕਿਸਾਨ ਨਦੀਨਨਾਸ਼ਕਾਂ ਸਪਰੇਅ ਕਰਕੇ ਇਸ ਦਾ ਹੱਲ ਕਰ ਸਕਦੇ ਹਨ ।


author

rajwinder kaur

Content Editor

Related News