ਵਿਦਿਆਰਥੀਆਂ ਦੀਆਂ ਮੌਜ਼ਾਂ, ਸਰਕਾਰੀ ਸਕੂਲਾਂ ''ਚ ਬਾਰਵ੍ਹੀਂ ਪ੍ਰੀ ਬੋਰਡ ਦੇ ਪ੍ਰਸ਼ਨ ਪੱਤਰ ਹੋਏ ਜੱਗ ਜਾਹਿਰ

02/04/2020 5:27:37 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸਰਕਾਰੀ ਸਕੂਲਾਂ 'ਚ +2 ਪ੍ਰੀ-ਬੋਰਡ ਦੀ ਪ੍ਰੀਖਿਆ ਲਈ ਜਾ ਰਹੀ ਹੈ ਪਰ ਸਿੱਖਿਆ ਵਿਭਾਗ ਦੀ ਇਨ੍ਹਾਂ ਇਮਤਿਹਾਨਾਂ ਪ੍ਰਤੀ ਵਧੀਆ ਨੀਤੀ ਨਾ ਹੋਣ ਕਾਰਨ ਇਸ ਦੇ ਪ੍ਰਸ਼ਨ ਪੱਤਰ ਪਹਿਲਾਂ ਹੀ ਵਿਦਿਆਰਥੀਆਂ ਦੇ ਹੱਥ ਵਿਚ ਪੁੱਜ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਮੌਜ਼ਾਂ ਲੱਗੀਆਂ ਹਨ ਕਿ ਉਹ ਕੇਵਲ ਪ੍ਰਸ਼ਨ ਪੱਤਰ 'ਚ ਆਏ ਸਵਾਲਾਂ ਨੂੰ ਪੜ੍ਹ ਕੇ ਪ੍ਰੀਖਿਆ ਦੀ ਤਿਆਰੀ ਕਰ ਲੈਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਨੂੰ ਨਿਰੇਦਸ਼ ਦਿੱਤੇ ਕਿ +2 ਦੀ ਪ੍ਰੀ-ਬੋਰਡ ਪ੍ਰੀਖਿਆ ਦੀ ਉਹ ਆਪਣੇ ਪੱਧਰ 'ਤੇ ਡੇਟਸ਼ੀਟ ਤਿਆਰ ਕਰ ਲੈਣ ਪਰ ਉਸ ਲਈ ਜੋ ਪ੍ਰਸ਼ਨ ਪੱਤਰ ਹੋਣਗੇ ਉਹ ਵਿਭਾਗ ਆਪਣੇ ਵਲੋਂ ਭੇਜੇਗਾ। ਸਿੱਖਿਆ ਵਿਭਾਗ ਵਲੋਂ ਚਾਹੀਦਾ ਤਾਂ ਇਹ ਸੀ ਕਿ ਪ੍ਰੀ-ਬੋਰਡ ਪ੍ਰੀਖਿਆਵਾਂ ਸਬੰਧੀ ਡੇਟਸ਼ੀਟ ਤੇ ਪ੍ਰਸ਼ਨ ਪੱਤਰ ਆਪ ਤਿਆਰ ਕਰਕੇ ਭੇਜਦਾ ਪਰ ਹਾਲਾਤ ਇਹ ਹੋ ਗਏ ਕਿ ਸਕੂਲਾਂ ਨੇ ਆਪਣੇ ਪੱਧਰ 'ਤੇ ਡੇਟਸ਼ੀਟ ਤਿਆਰ ਕਰ ਲਈ ਜਿਸ ਕਾਰਨ ਸਰਕਾਰੀ ਸਕੂਲਾਂ 'ਚ ਪਹਿਲੇ ਦਿਨ ਵੱਖ-ਵੱਖ ਵਿਸ਼ਿਆਂ ਦੇ ਇਮਤਿਹਾਨ ਹੋਏ। ਸਿੱਖਿਆ ਵਿਭਾਗ ਵਲੋਂ ਰਾਜਨੀਤੀ ਸਾਸ਼ਤਰ, ਇਕਨਾਮਿਕਸ, ਫਿਜੀਕਸ, ਗਣਿਤ ਅਤੇ ਇੰਗਲਿਸ਼ ਦੇ ਪ੍ਰਸ਼ਨ ਪੱਤਰ ਸਕੂਲਾਂ ਨੂੰ ਭੇਜੇ ਗਏ ਪਰ ਸਕੂਲਾਂ 'ਚ ਡੇਟਸ਼ੀਟ ਅਲੱਗ ਹੋਣ ਕਾਰਨ ਇਹ ਪ੍ਰਸ਼ਨ ਪੱਤਰ ਬਾਕੀ ਵਿਦਿਆਰਥੀਆਂ ਦੇ ਹੱਥਾਂ 'ਚ ਵੀ ਪੁੱਜ ਗਏ ਜਿਨ੍ਹਾਂ ਨੇ ਅਜੇ ਪ੍ਰੀਖਿਆਵਾਂ ਦੇਣੀਆਂ ਸਨ।

ਜਦੋਂ ਪੱਤਰਕਾਰਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਲਈ ਜਾ ਰਹੀ ਪ੍ਰੀ-ਬੋਰਡ ਪ੍ਰੀਖਿਆ ਸਬੰਧੀ ਦੇਖਿਆ ਗਿਆ ਤਾਂ ਕਈ ਸਕੂਲਾਂ ਵਿਚ ਰਾਜਨੀਤੀ ਸਾਸ਼ਤਰ, ਗਣਿਤ ਅਤੇ ਕਈ ਸਕੂਲਾਂ ਵਿਚ ਇਕਨਾਮਕਸ ਤੇ ਇਤਿਹਾਸ ਵਿਸ਼ੇ ਨਾਲ ਸੰਬੰਧਿਤ ਪੇਪਰ ਹੋ ਰਹੇ ਸਨ। ਜਿਸ ਤੋਂ ਇਹ ਸਹਿਜੇ ਹੀ ਪਤਾ ਚੱਲਦਾ ਹੈ ਕਿ ਜਿਸ ਵਿਸ਼ੇ ਦਾ ਪੇਪਰ ਪਹਿਲਾਂ ਹੋ ਗਿਆ ਤਾਂ ਉਸਦੇ ਪ੍ਰਸ਼ਨ ਦੂਜੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਬੜੇ ਅਰਾਮ ਨਾਲ ਮਿਲ ਜਾਣ ਨਾਲ ਪ੍ਰੀ-ਬੋਰਡ ਪ੍ਰੀਖਿਆ ਦੀ ਪਾਰਦਰਸ਼ਤਾ ਖਤਮ ਹੋ ਜਾਵੇਗੀ ਜਿਸ ਕਾਰਨ ਵਿਦਿਆਰਥੀ ਬਿਨ੍ਹਾਂ ਮਿਹਨਤ ਕੀਤੇ ਸਿੱਖਿਆ ਵਿਭਾਗ ਦੀ ਗਲਤੀ ਨਾਲ ਜੱਗ ਜਾਹਿਰ ਹੋਏ ਪ੍ਰਸ਼ਨ ਪੱਤਰਾਂ ਦੀ ਨਕਲ ਮਾਰ ਕੇ ਅਸਾਨੀ ਨਾਲ ਪਾਸ ਹੋ ਜਾਣਗੇ।

PunjabKesariਕਈ ਸਕੂਲਾਂ ਦੇ ਲੈਕਚਰਾਰਾਂ ਨੇ ਤਾਂ ਸਰਕਾਰ ਦੇ ਸਿੱਖਿਆ ਵਿਭਾਗ ਦੀ ਇਹ ਪ੍ਰੀਖਿਆ ਨੀਤੀ ਨੂੰ ਨਕਾਰਦਿਆਂ ਹੋਇਆ ਕਿਹਾ ਕਿ ਜਦ ਪੂਰੇ ਪੰਜਾਬ ਵਿਚ ਵਿਸ਼ਿਆਂ ਦੀ ਡੇਟ ਸ਼ੀਟ ਇੱਕ ਨਹੀਂ ਹੁੰਦੀ ਉਦੋਂ ਤੱਕ ਇਹ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਕਿਸ ਸਕੂਲ ਦੇ ਅਧਿਆਪਕਾਂ ਨੇ ਮਿਹਨਤ ਕਰਾਈ ਹੈ ਅਤੇ ਕਿਸ ਨੇ ਨਹੀਂ ਕਿਉਂÎਕਿ ਜਿਸ ਵਿਸ਼ੇ ਨਾਲ ਸਬੰਧਿਤ ਪੇਪਰ ਪਹਿਲਾਂ ਹੋ ਗਿਆ ਤਾਂ ਉਸਦੇ ਪ੍ਰਸ਼ਨ ਜੱਗ ਜ਼ਾਹਿਰ ਹੋ ਜਾਣਗੇ, ਜਿਸ ਨੂੰ ਬੱਚੇ ਅਸਾਨੀ ਨਾਲ ਹਾਸਿਲ ਕਰ ਲੈਣਗੇ।

ਪ੍ਰੀ-ਬੋਰਡ ਪ੍ਰਸ਼ਨ ਪੱਤਰਾਂ 'ਤੇ ਕਿਉਂ ਲਿਖਿਆ ਗਿਆ ਸਲਾਨਾ ਪ੍ਰੀਖਿਆ ਮਾਰਚ-2020?
ਅੱਜ ਸਰਕਾਰੀ ਸਕੂਲਾਂ 'ਚ +2 ਦੇ ਪ੍ਰੀ-ਬੋਰਡ ਦੇ ਪ੍ਰਸ਼ਨ ਪੱਤਰਾਂ 'ਤੇ ਸਲਾਨਾ ਪ੍ਰੀਖਿਆ ਮਾਰਚ-2020 ਲਿਖਿਆ ਹੋਇਆ ਹੈ। ਪ੍ਰੀਖਿਆ ਲੈ ਰਹੇ ਕਈ ਅਧਿਆਪਕਾਂ ਨੇ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਕਿ ਇਹ ਪ੍ਰੀਖਿਆ ਤਾਂ 2020 ਫਰਵਰੀ 'ਚ ਹੋ ਰਹੀ ਹੈ ਪਰ ਇਸ ਉਪਰ ਮਾਰਚ-2020 ਅੰਕਿਤ ਕਿਉਂ ਹੈ। ਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਬੋਰਡ ਵਾਲੀ ਪ੍ਰੀਖਿਆ ਦਾ ਅਸਲ ਪ੍ਰਸ਼ਨ ਪੱਤਰ ਤਾਂ ਨਹੀਂ।

ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇਖਣ ਲਈ ਹੁੰਦੀ ਹੈ ਪ੍ਰੀ-ਬੋਰਡ ਪ੍ਰੀਖਿਆ
ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇਖਣ ਲਈ ਸਿੱਖਿਆ ਬੋਰਡ ਵਲੋਂ ਅੰਤਿਮ ਬੋਰਡ ਦੀ ਪ੍ਰੀਖਿਆ ਤੋਂ ਪਹਿਲਾਂ ਪ੍ਰੀ-ਬੋਰਡ ਦੀ ਪ੍ਰੀਖਿਆ ਲਈ ਜਾਂਦੀ ਹੈ ਤਾਂ ਜੋ ਇਨ੍ਹਾਂ ਇਮਤਿਹਾਨਾਂ ਨਾਲ ਪਤਾ ਲੱਗ ਸਕੇ ਕਿ ਕਿਹੜਾ ਵਿਦਿਆਰਥੀ ਕਿਸ ਵਿਸ਼ੇ 'ਚੋਂ ਕਮਜ਼ੋਰ ਹੈ। ਸਿੱਖਿਆ ਵਿਭਾਗ ਦੀ ਠੋਸ ਨੀਤੀ ਨਾ ਹੋਣ ਕਾਰਨ ਵਿਦਿਆਰਥੀਆਂ ਕੋਲ ਪਹਿਲਾਂ ਹੀ ਪ੍ਰੀ-ਬੋਰਡ ਦੇ ਪ੍ਰਸ਼ਨ ਪੱਤਰ ਪੁੱਜ ਗਏ ਜਿਸ ਕਾਰਨ ਕਮਜ਼ੋਰ ਵਿਦਿਆਰਥੀ ਵੀ ਵਧੀਆ ਅੰਕ ਪ੍ਰਾਪਤ ਕਰ ਲਵੇਗਾ ਪਰ ਕੁੱਝ ਮਹੀਨੇ ਬਾਅਦ ਜਦੋਂ ਅਸਲ ਪ੍ਰੀਖਿਆ ਹੋਣੀ ਹੈ ਉਸ ਸਮੇਂ ਮਿਹਨਤੀ ਵਿਦਿਆਰਥੀ ਹੀ ਪਾਸ ਵਾਲੇ ਮੁਕਾਮ 'ਤੇ ਪੁੱਜਣਗੇ ਜਦਕਿ ਕਮਜ਼ੋਰ ਪੱਛੜ ਜਾਣਗੇ। ਸਿੱਖਿਆ ਵਿਭਾਗ ਦੀ ਅਣਗਹਿਲੀ ਕਾਰਨ ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ ਅਧਿਆਪਕਾਂ ਨੂੰ ਇਹ ਨਹੀਂ ਪਤਾ ਲੱਗ ਸਕੇਗਾ ਕਿ ਕਿਹੜਾ ਵਿਦਿਆਰਥੀ ਕਿਸ ਵਿਸ਼ੇ 'ਚੋਂ ਕਮਜ਼ੋਰ ਹੈ ਅਤੇ ਕਿਹੜਾ ਹੁਸ਼ਿਆਰ।

ਸਕੂਲ ਮੁਖੀ ਇਸ ਤਰੁੱਟੀ ਲਈ ਜਵਾਬਦੇਹ ਹੋਣਗੇ: ਜ਼ਿਲ੍ਹਾ ਸਿੱਖਿਆ ਅਧਿਕਾਰੀ
ਜਦੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਨਾਲ ਸਿੱਖਿਆ ਵਿਭਾਗ ਵਲੋਂ ਬਾਰਵ੍ਹੀਂ ਕਲਾਸ ਦੀ ਲਈ ਜਾ ਰਹੀ ਪ੍ਰੀ-ਬੋਰਡ ਪ੍ਰੀਖਿਆ ਦੇ ਪੇਪਰਾਂ 'ਚ ਸਕੂਲਾਂ ਦੀਆਂ ਵਿਸ਼ਿਆਂ ਸਬੰਧੀ ਵੱਖ-ਵੱਖ ਤਰੀਕਾਂ ਦੀ ਡੇਟ ਸ਼ੀਟ ਹੋਣ 'ਤੇ ਪੇਪਰ ਦੀ ਪਾਰਦਰਸ਼ਤਾ ਖਤਮ ਅਤੇ ਪ੍ਰਸ਼ਨ ਉੱਪਰ ਸਲਾਨਾ ਪ੍ਰੀਖਿਆ ਮਾਰਚ 2020 ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਮੇਰੇ ਵਲੋਂ ਤਾਂ ਸਕੂਲਾਂ ਨੂੰ ਇੱਕ ਵਿਸ਼ੇ ਦਾ ਇੱਕੋ ਹੀ ਤਾਰੀਕ ਵਿਚ ਪੇਪਰ ਲੈਣ ਦੀ ਹਦਾਇਤ ਕੀਤੀ ਗਈ ਸੀ ਤੇ ਇਹ ਤਰੁੱਟੀ ਕਿਉਂ ਹੋਈ ਹੈ, ਇਸ ਬਾਰੇ ਮੈਂ ਸਕੂਲ ਮੁਖੀਆਂ ਤੋਂ ਜਵਾਬ ਮੰਗਾਂਗੀ। ਉਨ੍ਹਾਂ ਪ੍ਰਸ਼ਨ ਪੱਤਰਾਂ ਉੱਪਰ ਸਲਾਨਾ ਪ੍ਰੀਖਿਆ ਮਾਰਚ ਦੇ ਸਬੰਧ ਵਿਚ ਕੁਝ ਵੀ ਕਹਿਣ ਤੋਂ ਕਿਨਾਰਾ ਕਰ ਲਿਆ।
 


Anuradha

Content Editor

Related News