ਕਾਦੀਆਂ ਰੇਲਵੇ ਪ੍ਰਾਜੈਕਟ ਨੂੰ ਲੈ ਕੇ ਕਾਂਗਰਸ ਤੇ ਭਾਜਪਾ ਆਗੂ ਆਹਮੋ ਸਾਹਮਣੇ, ਦਿੱਤੇ ਇਹ ਬਿਆਨ
Sunday, Sep 17, 2017 - 03:17 PM (IST)
ਕਾਦੀਆਂ — ਇਥੋਂ ਦੇ ਪਿੰਡ ਢੱਪਈ 'ਚ ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਇਕ ਰੈਲੀ 'ਚ ਕਾਦੀਆਂ-ਬਿਆਸ ਰੇਲਵੇ ਲਾਈਨ ਬਣਨ ਦੇ ਮੁੱਦੇ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਥੇ ਰੇਲ ਲਾਈਨ ਬਣਨ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਸ ਹਲਕੇ ਦੇ 80 ਫੀਸਦੀ ਲੋਕ ਇਸ ਪ੍ਰੋਜੈਕਟ ਦੇ ਪੱਖ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਪ੍ਰਾਜੈਕਟ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਦਿੱਲੀ ਬੁਲਵਾ ਕੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਉਣਗੇ ਤਾਂ ਕਿ ਇਸ ਕੰਮ ਨੂੰ ਰੋਕਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਅਜੇ ਤਕ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ ਹੈ ਤੇ ਲੋਕਾਂ ਦਾ ਮੋਹ ਕਾਂਗਰਸ ਤੋਂ ਭੰਗ ਹੋ ਚੁੱਕਾ ਹੈ। ਇਸ ਮੌਕੇ 'ਤੇ ਬਟਾਲਾ ਤੋਂ ਭਾਜਪਾ ਦੇ ਮਹਾ ਸਕੱਤਰ ਲਾਜਵੰਤ ਸਿੰਘ ਲਾਟੀ, ਹਰਦਿਆਲ ਸਿੰਘ ਭਆਮ ਮੈਂਬਰ ਜ਼ਿਲਾ ਕਾਊਂਸਲਰ ਨੇ ਵੀ ਕਾਂਗਰਸ ਦੀਆਂ ਨੀਤੀਆਂ ਦਾ ਵਿਰੋਧ ਕੀਤਾ। ਇਸ ਮੌਕੇ ਸਰਪੰਚ ਯਾਦਵਿੰਦਰ ਸਿੰਘ, ਦਲਜੀਤ ਸਿੰਘ ਸਾਬਕਾ ਸਰਪੰਚ, ਕੰਨੂ ਸਿੰਘ, ਰਘੂਬੀਰ ਸਿੰਘ, ਸੁਲਖਨ ਸਿੰਘ ਨੇ ਸਾਰੇ ਪਿੰਡ ਵਾਸੀਆਂ ਦੇ ਹਸਤਾਖਰ ਕਰਵਾ ਕੇ ਭਾਜਪਾ ਆਗੂਆਂ ਨੂੰ ਮੰਗ ਪਤੱਰ ਸੌਂਪਿਆ।
ਦੂਜੇ ਪਾਸੇ ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰੇਲਵੇ ਲਾਈਨ ਬਨਾਉਣ ਦਾ ਵਾਅਦਾ ਸੰਸਦ ਮੈਂਬਰ ਰਹਿ ਚੁੱਕੇ ਨਵਜੋਤ ਸਿੰਘ ਸਿੱਧੂ, ਵਿਨੋਦ ਖੰਨਾ ਸਮੇਤ ਅਨੇਕਾ ਭਾਜਪਾ ਆਗੂਆਂ ਨੇ ਵੀ ਕੀਤਾ ਸੀ। ਉਨ੍ਹਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ 'ਮੇਰੇ ਕਿਹੜਾ ਨਾਨਕਿਆਂ ਨੂੰ ਜਾਣੀ ਰੇਲ, ਮੇਰੇ ਵੱਲੋਂ ਸਾਰਾ ਕੁਝ ਰੋਕ ਦਿਓ'। ਉਨ੍ਹਾਂ ਕਿਹਾ ਕਿ ਜਦ ਕੇਂਦਰ ਸਰਕਾਰ ਤੋਂ ਰੇਲਵੇ ਲਾਈਨ ਬਨਾਉਣ ਦੀ ਮਨਜ਼ੂਰੀ ਮਿਲੀ ਤਾਂ ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਇਸ ਨੂੰ ਬਣਨ ਨਹੀਂ ਦਿੱਤਾ ਤੇ ਹੁਣ ਜਦੋਂ ਸੱਤਾ 'ਚ ਕਾਂਗਰਸ ਸਰਕਾਰ ਆਈ ਹੈ ਤਾਂ ਭਾਜਪਾ ਦਾ ਇਕ ਆਗੂ ਅਜਿਹੇ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੇ ਬਦਲੇ ਬਣਦਾ ਮੁਆਵਜ਼ਾ ਵੀ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੇਸ਼ ਦੇ ਵਿਕਾਸ ਨੂੰ ਸਿਆਸਤ ਦੀ ਬਲੀ ਚੜਾਉਣਾ ਹੈ ਤਾਂ ਚੜਾਉਂਦੇ ਜਾਓ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਤੋਂ ਮਹਾਰਾਸ਼ਟਰ ਤਕ 500 ਕਿਲੋਮੀਟਰ ਬੁਲੇਟ ਰੇਲ ਲਾਈਨ ਬਿਛਾਉਣਗੇ ਤਾਂ ਉਸ 'ਚ ਵੀ ਲੋਕਾਂ ਦੀ ਜ਼ਮੀਨ ਐਕਵਾਇਰ ਹੋਵੇਗੀ। ਉਨ੍ਹਾਂ ਨੇ ਵਿਜੇ ਸਾਂਪਲਾ ਦੇ ਦਿੱਤੇ ਬਿਆਨ 'ਤੇ ਅਫਸੋਸ ਜਾਹਿਰ ਕੀਤਾ।