ਧੁੰਦ ''ਚ ਸੜਕ ਹਾਦਸੇ ਰੋਕਣ ਲਈ PWD ਮੰਤਰੀ ਨੇ ਸ਼ੁਰੂ ਕੀਤੀ ਰਿਫਲੈਕਟਰ ਲਗਾਉਣ ਦੀ ਮੁਹਿੰਮ

12/20/2022 8:52:26 PM

ਚੰਡੀਗੜ੍ਹ (ਬਿਊਰੋ) : ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ਨੂੰ ਰੋਕਣ ਲਈ ਬਿਜਲੀ ਤੇ ਪੀ.ਡਬਲਿਊ.ਡੀ. ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇੱਥੇ ਕੁਰਾਲੀ-ਚੰਡੀਗੜ੍ਹ ਰੋਡ 'ਤੇ ਸਥਿਤ ਬੜੌਦੀ ਟੋਲ ਪਲਾਜ਼ਾ ਵਿਖੇ ਵੱਖ-ਵੱਖ ਵਾਹਨਾਂ ’ਤੇ ਰਿਫਲੈਕਟਰ ਲਗਾ ਕੇ ਰਾਜ ਪੱਧਰੀ ਮੁਹਿੰਮ ਦਾ ਆਗਾਜ਼ ਕੀਤਾ। ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਸੜਕ ਹਾਦਸੇ ਵਾਹਨਾਂ ’ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਹੁੰਦੇ ਹਨ। ਰਾਤ ਸਮੇਂ ਵਾਹਨਾਂ ’ਤੇ ਲੱਗੇ ਰਿਫਲੈਕਟਰ ਵਾਹਨ ਚਾਲਕਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਅਗਲੇ ਕੁਝ ਦਿਨ ਧੁੰਦ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਦੇ ਚਲਦਿਆਂ ਸੜਕ ਹਾਦਸੇ ਹੋਣ ਦਾ ਖਦਸ਼ਾ ਰਹਿੰਦਾ ਹੈ, ਇਸ ਲਈ ਰਿਫਲੈਕਟਰ ਲਗਾਉਣ ਨਾਲ ਸੜਕਾਂ 'ਤੇ ਵਾਹਨ ਦੂਰੋਂ ਦਿਸਣ ਲੱਗ ਜਾਂਦੇ ਹਨ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਹਿੰਦਾ ਹੈ।

ਇਹ ਵੀ ਪੜ੍ਹੋ : 'ਮਾਨ ਸਰਕਾਰ ਸੂਬਾ ਵਾਸੀਆਂ ਨੂੰ ਬਿਨਾਂ ਕਿਸੇ ਖੱਜਲ-ਖੁਆਰੀ ਦੇ ਪ੍ਰਭਾਵਸ਼ਾਲੀ ਤੇ ਜਵਾਬਦੇਹੀ ਪ੍ਰਸ਼ਾਸਨ ਦੇਣ ਲਈ ਵਚਨਬੱਧ'

ਉਨ੍ਹਾਂ ਕਿਹਾ ਕਿ ਪੰਜਾਬ 'ਚ ਜਿੰਨੇ ਵੀ ਸਟੇਟ ਅਤੇ ਨੈਸ਼ਨਲ ਹਾਈਵੇਅ ਟੋਲ ਹਨ, ਉਨ੍ਹਾਂ ਸਭ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਰੋਡ ਸੇਫਟੀ ਸਬੰਧੀ ਬਣਦੇ ਸਾਰੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ। ਇਸੇ ਮੁਹਿੰਮ ਨੂੰ ਮੁੱਖ ਰੱਖਦਿਆਂ ਸੂਬੇ 'ਚ ਸੜਕਾਂ ’ਤੇ ਡਿਵਾਈਡਰਾਂ ’ਤੇ ਰਿਫਲੈਕਟਰ ਲਗਾਉਣ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਸਕੂਲੀ ਵੈਨਾਂ ਦੇ ਡਰਾਈਵਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਪੂਰੀ ਸਾਵਧਾਨੀ ਨਾਲ ਵਾਹਨ ਚਲਾਉਣ। ਉਨ੍ਹਾਂ ਭਾਰੀ ਵਾਹਨਾਂ ਅਤੇ ਟਰੈਕਟਰ-ਟਰਾਲੀਆਂ ਵਾਲਿਆਂ ਨੂੰ ਕਿਹਾ ਕਿ ਉਹ ਖਾਸ ਕਰਕੇ ਸਵੇਰੇ ਜਦੋਂ ਸਕੂਲਾਂ ਦਾ ਸਮਾਂ ਹੁੰਦਾ ਹੈ, ਇਸੇ ਸਮੇਂ ਭਾਰੀ ਧੁੰਦ ਹੁੰਦੀ ਹੈ, ਕੋਸ਼ਿਸ਼ ਕਰਨ ਕਿ ਕੁਝ ਸਮੇਂ ਲਈ ਰੁਕ ਜਾਣ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News