ਪਨਬੱਸ ਦੀਆਂ ਕਰਜ਼ਾ ਮੁਕਤ 299 ਬੱਸਾਂ ''ਪੰਜਾਬ ਰੋਡਵੇਜ਼'' ''ਚ ਸ਼ਾਮਲ
Friday, Aug 09, 2019 - 02:10 PM (IST)
ਲੁਧਿਆਣਾ (ਮੋਹਿਨੀ, ਅਮਰਦੀਪ) : ਸੂਬਾ ਸਰਕਾਰ ਦੇ ਇਕ ਅਹਿਮ ਫੈਸਲੇ 'ਚ ਹਾਲ ਹੀ 'ਚ ਪਨਬੱਸ ਦੀਆਂ ਕਰਜ਼ਾ ਮੁਕਤ ਹੋਈਆਂ 299 ਬੱਸਾਂ ਨੂੰ ਹੁਣ ਪੰਜਾਬ ਰੋਡਵੇਜ਼ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸੇ ਤਹਿਤ ਪਨਬੱਸ ਦੀਆਂ ਪੰਜਾਬ ਭਰ ਦੇ 18 ਡਿਪੂਆਂ ਦੀਆਂ 2007-2010 ਮਾਡਲ ਦੀਆਂ ਲਗਭਗ 299 ਬੱਸਾਂ ਨੂੰ ਪੰਜਾਬ ਰੋਡਵੇਜ਼ 'ਚ ਸ਼ਾਮਲ ਕੀਤੇ ਜਾਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਰੋਡਵੇਜ਼ 'ਚ ਬੱਸਾਂ ਦੀ ਗਿਣਤੀ ਘੱਟ ਹੋ ਰਹੀ ਸੀ ਅਤੇ ਜਿਨ੍ਹਾਂ 'ਚੋਂ ਜ਼ਿਆਦਾਤਰ ਬੱਸਾਂ ਕੰਡਮ ਹੋ ਚੁੱਕੀਆਂ ਸਨ। ਇਸ ਸਬੰਧੀ ਡਾਇਰੈਕਟਰ ਟ੍ਰਾਂਸਪੋਰਟ ਤਜਿੰਦਰ ਸਿੰਘ ਧਾਲੀਵਾਲ ਨੇ ਸੂਬੇ ਦੇ 18 ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਹੁਕਮ ਜਾਰੀ ਕਰਕੇ 299 ਬੱਸਾਂ ਦੇ ਕਰਜ਼ੇ ਉੱਤਰ ਜਾਣ ਦੀ ਜਾਣਕਾਰੀ ਦੇਣ ਸਮੇਤ ਹੁਣ ਇਨ੍ਹਾਂ ਨੂੰ ਰੋਡਵੇਜ਼ ਦੇ ਤਹਿਤ 1 ਸਤੰਬਰ ਨੂੰ ਚਲਾਉਣ ਲਈ ਕਿਹਾ ਗਿਆ ਹੈ।
299 ਬੱਸਾਂ ਦੇ ਇਸ ਜੰਬੋ ਬੇੜੇ 'ਚ ਚੰਡੀਗੜ੍ਹ, ਲੁਧਿਆਣਾ, ਮੁਕਤਸਰ, ਫਿਰੋਜ਼ਪੁਰ, ਹੁਸ਼ਿਆਰਪੁਰ ਸਮੇਤ ਸਾਰੇ ਡਿਪੂਆਂ ਦੀਆਂ ਬੱਸਾਂ ਸ਼ਾਮਲ ਹਨ। ਡਾਇਰੈਕਟਰ ਸਟੇਟ ਟ੍ਰਾਂਸਪੋਰਟ ਦੇ ਹੁਕਮਾਂ ਦੀ ਇਹ ਪੱਤਰੀ ਆਗਾਮੀ ਕਾਰਵਾਈ ਲਈ ਸਾਰੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ। ਇਸ ਸਬੰਧੀ ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਡਿਪੂ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਵਰਕਰਾਂ ਵਲੋਂ ਇਨ੍ਹਾਂ ਬੱਸਾਂ ਤੋਂ ਕੀਤੀ ਗਈ ਕਮਾਈ ਕਾਰਣ ਇਹ ਬੱਸਾਂ ਕਰਜ਼ਾਮੁਕਤ ਹੋਈਆਂ ਹਨ, ਜਿਸ ਦਾ ਸਿਹਰਾ ਵਰਕਰਾਂ ਨੂੰ ਜਾਣਾ ਚਾਹੀਦਾ ਹੈ ਅਤੇ ਸਰਕਾਰ ਵਰਕਰਾਂ ਨੂੰ ਵੀ ਰੋਡਵੇਜ਼ ਵਿਚ ਸ਼ਾਮਲ ਕਰਨ ਦੀ ਕਵਾਇਦ ਜਲਦ ਸ਼ੁਰੂ ਕਰੇ।