ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ''ਮਹਾਨ ਕੋਸ਼'' ਦੀ ਵਿਕਰੀ ''ਤੇ ਲੱਗੀ ਪਾਬੰਦੀ

07/19/2017 6:37:30 AM

ਪਟਿਆਲਾ (ਜੋਸਨ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤਿੰਨ ਭਾਸ਼ਾਵਾਂ ਵਿਚ ਛਾਪੇ ਗਏ 'ਮਹਾਨ ਕੋਸ਼' ਦੀ ਵਿੱਕਰੀ 'ਤੇ ਅੱਜ ਵਾਈਸ ਚਾਂਸਲਰ ਨੇ ਪਾਬੰਦੀ ਲਾ ਦਿੱਤੀ ਹੈ। ਕੱਲ ਇਸ ਸਬੰਧੀ ਬਣਾਈ ਕਮੇਟੀ ਨੇ 'ਮਹਾਨ ਕੋਸ਼' 'ਤੇ ਪਾਬੰਦੀ ਲਾਉਣ ਲਈ ਸਿਫਾਰਸ਼ ਕਰ ਦਿੱਤੀ ਸੀ।   ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ 'ਮਹਾਨ ਕੋਸ਼' ਸਬੰਧੀ ਇਕ ਕਮੇਟੀ ਬਣਾ ਦਿੱਤੀ ਸੀ। ਉਸ ਵੱਲੋਂ ਕੀਤੀਆਂ ਸਿਫ਼ਾਰਸ਼ਾਂ 'ਤੇ ਪ੍ਰੋ. ਬਡੂੰਗਰ ਨੇ ਇਕ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੂੰ ਲਿਖਿਆ ਸੀ, ਜਿਸ ਤਹਿਤ ਕੈਪਟਨ ਨੇ ਪ੍ਰੋ. ਬਡੂੰਗਰ ਨੂੰ ਇਕ ਪੱਤਰ ਭੇਜਿਆ ਸੀ, ਜਿਸ ਦਾ ਉਤਾਰਾ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵੀ. ਸੀ. ਸ਼੍ਰੀ ਸੰਧੂ ਨੂੰ ਵੀ ਭੇਜਿਆ ਗਿਆ ਸੀ। ਉਸ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਲਿਖਿਆ ਸੀ ਕਿ 'ਮਹਾਨ ਕੋਸ਼' ਵਿਚ ਗਲਤੀਆਂ ਲਈ ਜੋ ਵੀ ਜ਼ਿੰਮੇਵਾਰ ਹਨ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ। ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਪੱਸ਼ਟ ਲਿਖਿਆ ਸੀ ਕਿ ਗਲਤੀਆਂ ਨਾਲ ਸਿੱਖ ਪੰਥ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਮੁੱਖ ਮੰਤਰੀ ਤੋਂ ਮਿਲੇ ਆਦੇਸ਼ਾਂ ਤੋਂ ਬਾਅਦ ਕਾਰਜਕਾਰੀ ਵਾਈਸ ਚਾਂਸਲਰ ਸ਼੍ਰੀ ਸੰਧੂ ਨੇ ਇਕ ਕਮੇਟੀ 'ਮਹਾਨ ਕੋਸ਼' ਬਾਰੇ ਬਣਾਈ ਸੀ। ਇਸ ਵਿਚ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਪਬਲੀਕੇਸ਼ਨ ਬਿਊਰੋ ਦੇ ਡਾਇਰੈਕਟਰ ਡਾ. ਸਰਬਜਿੰਦਰ ਸਿੰਘ, ਡੀ. ਪੀ. ਡੀ. ਦੇ ਮੁਖੀ ਡਾ. ਬਲਜੀਤ ਕੌਰ ਸੇਖੋਂ, ਆਰ. ਟੀ. ਆਈ. ਵਿੰਗ ਦੇ ਮੁਖੀ ਡਾ. ਗੁਰਚਰਨ ਸਿੰਘ ਅਤੇ ਵਿੱਤ ਅਫ਼ਸਰ ਡਾ. ਬਲਜੀਤ ਸਿੰਘ ਸਿੱਧੂ ਲਏ ਗਏ ਸਨ।
ਕੱਲ ਹੋਈ ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਫਿਲਹਾਲ 'ਮਹਾਨ ਕੋਸ਼' ਦੀਆਂ ਤਿੰਨੇ ਭਾਸ਼ਾਵਾਂ ਦੇ ਛਾਪੇ ਦੀ ਵਿੱਕਰੀ 'ਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕਰ ਦਿੱਤੀ ਸੀ। ਕੱਲ ਦੀ ਮੀਟਿੰਗ ਵਿਚ ਡਾ. ਗੁਰਚਰਨ ਸਿੰਘ ਗੈਰ-ਹਾਜ਼ਰ ਰਹੇ। ਇਸ ਸਬੰਧੀ ਅੱਜ ਮੀਡੀਆ ਨਾਲ ਗੱਲ ਕਰਦਿਆਂ ਕਾਰਜਕਾਰੀ ਵਾਈਸ ਚਾਂਸਲਰ ਐੱਸ. ਕੇ. ਸੰਧੂ ਨੇ ਕਿਹਾ ਕਿ ਮੇਰੇ ਵੱਲੋਂ ਬਣਾਈ ਗਈ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ, ਜਿਸ ਤਹਿਤ ਅੱਜ ਅਸੀਂ 'ਮਹਾਨ ਕੋਸ਼' ਦੀ ਵਿਕਰੀ 'ਤੇ ਪਾਬੰਦੀ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਹੁਣ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪਿਆ ਗਿਆ 'ਮਹਾਨ ਕੋਸ਼' ਕਿਤੇ ਵੀ ਨਹੀਂ ਵਿਕੇਗਾ।
ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਤਿਆਰ ਕੀਤਾ 'ਮਹਾਨ ਕੋਸ਼' ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਸਰਕਾਰ ਦੀ ਮਦਦ ਨਾਲ ਤਿੰਨ ਭਾਸ਼ਾਵਾਂ (ਹਿੰਦੀ, ਅੰਗਰੇਜ਼ੀ ਤੇ ਪੰਜਾਬੀ) ਵਿਚ ਛਾਪਿਆ ਸੀ। ਇਸ ਵਿਚ ਕਥਿਤ ਰਹਿ ਗਈਆਂ ਗਲਤੀਆਂ ਦਾ ਮਾਮਲਾ ਹਾਈ ਕੋਰਟ ਵਿਚ ਚਲਾ ਗਿਆ ਸੀ, ਜਿਸ ਕਰ ਕੇ ਪਹਿਲਾਂ ਰਹੇ ਰਜਿਸਟਰਾਰ ਡਾ. ਇੰਦਰਜੀਤ ਸਿੰਘ ਨੇ 'ਮਹਾਨ ਕੋਸ਼' ਦੀ ਵਿੱਕਰੀ 'ਤੇ ਪਾਬੰਦੀ ਲਾ ਦਿੱਤੀ ਸੀ ਪਰ ਤੀਜੇ ਦਿਨ ਹੀ ਇਹ ਪਾਬੰਦੀ ਵਾਪਸ ਲੈ ਲਈ ਸੀ।


Related News