ਅਮਰੀਕਾ 'ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
Friday, Jul 26, 2019 - 07:05 PM (IST)

ਸੁਲਤਾਨਪੁਰ ਲੋਧੀ (ਧੀਰ)-ਪਾਵਨ ਨਗਰੀ ਦੇ ਪਿੰਡ ਜਾਰਜਪੁਰ ਦਾ ਇਕ ਨੌਜਵਾਨ ਜੋ 4 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ 'ਚ ਆਪਣਾ ਕੈਰੀਅਰ ਤੇ ਪਰਿਵਾਰ ਦਾ ਸਹਾਰਾ ਬਣਨ ਲਈ ਅਮਰੀਕਾ ਗਿਆ ਸੀ, ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (23) ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਅਮਰਜੀਤ ਸਿੰਘ ਉਰਫ ਰਾਜੂ ਮਨੀਲਾ ਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੰਦੀਪ 2 ਬੇਟਿਆਂ ਤੇ 1 ਬੇਟੀ 'ਚੋਂ ਸਭ ਤੋਂ ਵੱਡਾ ਸੀ। ਉਹ 4 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਕੈਲੀਫੋਰਨੀਆ 'ਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਛੋਟਾ ਬੇਟਾ ਵੀ ਵਿਦੇਸ਼ ਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਮੈਂ ਸਵੇਰ ਤੋਂ ਹੀ ਉਸਨੂੰ ਫੋਨ ਕਰ ਰਿਹਾ ਸੀ ਪਰ ਉਸਦਾ ਫੋਨ ਮਿਲ ਨਹੀਂ ਰਿਹਾ ਸੀ । ਅਖੀਰ 'ਚ ਸ਼ਾਮ ਨੂੰ ਉਸਦੇ ਦੋਸਤ ਜੋ ਅਮਰੀਕਾ 'ਚ ਹੀ ਰਹਿੰਦਾ ਸੀ ਨੇ ਉਸਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਸਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਦੋਵੇਂ ਪਤੀ ਪਤਨੀ ਆਪਣੇ ਬੇਟੇ ਦੀ ਲਾਸ਼ ਲੈਣ ਲਈ ਅਮਰੀਕਾ ਜਾ ਰਹੇ ਹਨ। ਨੌਜਵਾਨ ਸੰਦੀਪ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰਦੇਸ਼ ਪੰਜਾਬ ਸਕੱਤਰ ਪਰਵਿੰਦਰ ਸਿੰਘ ਪੱਪਾ, ਸਰਪੰਚ ਸੁਖਵਿੰਦਰ ਸਿੰਘ ਸੋਨੀ, ਲਾਡੀ ਟੁਰਨਾ, ਸਾਬਕਾ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਦਲੀਪ ਸਿੰਘ, ਬਲਵਿੰਦਰ ਸਿੰਘ, ਮਾ. ਬਖਸ਼ੀ ਸਿੰਘ, ਗੁਰਲੀਨ ਸਿੰਘ, ਸਰਬਜੀਤ ਸਿੰਘ ਮੁੱਤੀ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।