ਅਮਰੀਕਾ ''ਚੋਂ ਤਾਬੂਤ ''ਚ ਬੰਦ ਹੋ ਕੇ ਆਈ ਜਵਾਨ ਪੁੱਤ ਦੀ ਲਾਸ਼, ਪਲਾਂ ''ਚ ਟੁੱਟੇ ਮਾਪਿਆਂ ਦੇ ਵੱਡੇ ਸੁਫ਼ਨੇ
Saturday, Jan 27, 2024 - 07:05 PM (IST)

ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਭਮਾ ਕਲਾਂ ਦੇ ਵਾਸੀ ਨੌਜਵਾਨ ਜਸਦੀਪ ਸਿੰਘ ਉਰਫ਼ ਜੱਸੂ (22) ਦੀ ਅਮਰੀਕਾ 'ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਅੱਜ ਉਸ ਦਾ ਪਿੰਡ ਦੇ ਸਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਮਾ ਕਲਾਂ ਦੇ ਕਿਸਾਨ ਦਲਜੀਤ ਸਿੰਘ ਮਾਂਗਟ ਦਾ ਇਕਲੌਤਾ ਪੁੱਤਰ ਜਸਦੀਪ ਸਿੰਘ 10ਵੀਂ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ 5 ਸਾਲ ਪਹਿਲਾਂ ਚੰਗੇ ਭਵਿੱਖ ਲਈ ਅਮਰੀਕਾ ਵਿਖੇ ਰਹਿੰਦੇ ਆਪਣੇ ਮਾਮੇ ਕੋਲ ਚਲਾ ਗਿਆ ਸੀ। ਜਸਦੀਪ ਅਮਰੀਕਾ 'ਚ ਕੈਲੇਫੋਰਨੀਆ ਦੇ ਫਰਿਜ਼ਨਲ ਸ਼ਹਿਰ 'ਚ ਰਹਿੰਦਾ ਸੀ, ਜਿੱਥੇ ਕਿ ਉਹ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੰਘੀ 3 ਜਨਵਰੀ ਨੂੰ ਜਸਦੀਪ ਸਿੰਘ ਅਮਰੀਕਾ ਵਿਖੇ ਆਪਣੇ ਘਰ ਤੋਂ ਕਾਰ ’ਤੇ ਸਵਾਰ ਹੋ ਕੇ ਨਿਕਲਿਆ ਅਤੇ ਰਸਤੇ ’ਚ ਆਪਣੇ ਮਾਤਾ-ਪਿਤਾ ਅਤੇ ਦਾਦੀ ਨਾਲ ਵੀਡੀਓ ਕਾਲਿੰਗ ਰਾਹੀਂ ਗੱਲ ਵੀ ਕਰਦਾ ਰਿਹਾ ਪਰ ਅਚਾਨਕ ਫੋਨ ਬੰਦ ਹੋ ਗਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਚਿੰਤਾ ਹੋਣ ਲੱਗ ਪਈ।
ਇਹ ਵੀ ਪੜ੍ਹੋ : ਕੇਂਦਰ ਵਲੋਂ ਰੱਦ ਕੀਤੀ ਪੰਜਾਬ ਦੀ ਝਾਕੀ ਬਣੇਗੀ ਸੂਬਾ ਪੱਧਰੀ ਸਮਾਰੋਹ ਦੀ ਸ਼ਾਨ
ਇਸ ’ਤੇ ਉਨ੍ਹਾਂ ਅਮਰੀਕਾ ਵਿਖੇ ਰਹਿੰਦੇ ਮਾਮੇ ਨੂੰ ਸੂਚਿਤ ਕੀਤਾ। ਮਾਮੇ ਨੇ ਮੌਕੇ ’ਤੇ ਜਾ ਦੇਖਿਆ ਗਿਆ ਤਾਂ ਜਸਦੀਪ ਸਿੰਘ ਕਾਰ 'ਚ ਮ੍ਰਿਤਕ ਪਿਆ ਸੀ, ਜਿਸ ਦੇ ਸਿਰ 'ਚ ਗੋਲੀ ਵੱਜੀ ਹੋਈ ਸੀ। 24 ਦਿਨਾਂ ਬਾਅਦ ਨੌਜਵਾਨ ਜਸਦੀਪ ਸਿੰਘ ਦੀ ਲਾਸ਼ ਲੈ ਕੇ ਉਸ ਦਾ ਮਾਮਾ ਪਿੰਡ ਭਮਾ ਕਲਾਂ ਪਹੁੰਚਿਆ ਤਾਂ ਉੱਥੇ ਮਾਹੌਲ ਬੜਾ ਗਮਗ਼ੀਨ ਹੋ ਗਿਆ ਅਤੇ ਸਾਰੇ ਪਿੰਡ 'ਚ ਸੋਗ ਦੀ ਲਹਿਰ ਛਾਈ ਹੋਈ ਸੀ। ਮਾਪਿਆਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਅੱਜ ਸਿਰ ’ਤੇ ਸਿਹਰਾ ਸਜਾ ਕੇ ਅੰਤਿਮ ਵਿਦਾਇਗੀ ਦਿੱਤੀ ਅਤੇ ਪਿੰਡ ਦੇ ਸਮਸ਼ਾਨ ਘਾਟ 'ਚ ਜਸਦੀਪ ਸਿੰਘ ਦਾ ਬੜੇ ਸੋਗਮਈ ਮਾਹੌਲ 'ਚ ਅੰਤਿਮ ਸਸਕਾਰ ਕੀਤਾ ਗਿਆ। ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੂੰਡੀਆਂ, ਪਰਮਦੀਪ ਸਿੰਘ ਗੁਰਮ ਪੁੱਜੇ। ਉਨ੍ਹਾਂ ਨੇ ਕਿਹਾ ਕਿ ਇਕਲੌਤੇ ਪੁੱਤਰ ਦੀ ਮੌਤ ਕਾਰਨ ਜਿੱਥੇ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ, ਉੱਥੇ ਵਿਦੇਸ਼ਾਂ 'ਚ ਹੋ ਰਹੇ ਹਾਦਸੇ ਚਿੰਤਾ ਦਾ ਵਿਸ਼ਾ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ 'ਨਾਰੀਅਲ ਪਾਣੀ' ਹੋਵੇਗਾ ਮਹਿੰਗਾ! ਵੇਚਣ ਵਾਲਿਆਂ ਨੂੰ ਵੀ ਹੋਵੇਗੀ ਭਾਰੀ ਪਰੇਸ਼ਾਨੀ
ਅਮਰੀਕਾ ਪੁਲਸ ਕਰ ਰਹੀ ਮਾਮਲੇ ਦੀ ਜਾਂਚ
ਨੌਜਵਾਨ ਜਸਦੀਪ ਸਿੰਘ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਅਮਰੀਕਾ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਘਟਨਾ ਕਿਵੇਂ ਵਾਪਰੀ। ਪਰਿਵਾਰਕ ਮੈਂਬਰਾਂ ਵਲੋਂ ਇਸ ਸਬੰਧੀ ਕੁੱਝ ਵੀ ਨਹੀਂ ਦੱਸਿਆ ਗਿਆ ਕਿਉਂਕਿ ਉਹ ਬੜੇ ਗਮਗ਼ੀਨ ਹਨ ਕਿਉਂਕਿ ਜਸਦੀਪ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਕੋਈ ਵੀ ਭੈਣ-ਭਰਾ ਨਹੀਂ ਸੀ। ਮਾਪਿਆਂ ਨੂੰ ਆਪਣੇ ਨੌਜਵਾਨ ਪੁੱਤਰ ਤੋਂ ਬਹੁਤ ਆਸਾਂ ਸਨ ਪਰ ਅਚਨਚੇਤ ਵਾਪਰੀ ਅਣਹੋਣੀ ਨੇ ਉਨ੍ਹਾਂ ਦੇ ਸਾਰੇ ਸੁਫ਼ਨੇ ਚਕਨਾਚੂਰ ਕਰ ਦਿੱਤੇ। ਜਸਦੀਪ ਸਿੰਘ ਅਮਰੀਕਾ ਵਿਖੇ ਗ੍ਰੀਨ ਕਾਰਡ ਹੋਲਡਰ ਸੀ, ਜਿਸ ਨੇ ਮਾਰਚ ਵਿਚ ਕਰੀਬ ਸਾਢੇ 5 ਸਾਲ ਬਾਅਦ ਆਪਣੇ ਪਿੰਡ ਭਮਾ ਕਲਾਂ ਵਿਖੇ ਪਰਤਣਾ ਸੀ। ਜਸਦੀਪ ਸਿੰਘ ਨੇ ਭਾਰਤ ਆਉਣ ਦੀ ਪੂਰੀ ਤਿਆਰੀ ਕੀਤੀ ਸੀ, ਜਿਸ ਲਈ ਉਸਨੇ ਆਪਣੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਲਈ ਸਮਾਨ ਵੀ ਖ਼ਰੀਦਿਆ ਹੋਇਆ ਸੀ ਪਰ ਅਜਿਹੀ ਹੋਣੀ ਵਾਪਰੀ ਕਿ ਅਮਰੀਕਾ ਤੋਂ ਖੁਸ਼ੀ ’ਚ ਲਿਆਉਣ ਵਾਲੇ ਗਿਫ਼ਟਾਂ ਦੀ ਬਜਾਏ ਉਸ ਦੀ ਲਾਸ਼ ਤਾਬੂਤ 'ਚ ਬੰਦ ਹੋ ਕੇ ਪਿੰਡ ਪੁੱਜੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8