ਕੈਨੇਡਾ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦੀ ਝੀਲ ’ਚ ਡੁੱਬਣ ਨਾਲ ਮੌਤ
Tuesday, Aug 27, 2019 - 08:08 PM (IST)
ਖਰੜ੍ਹ,(ਅਮਰਦੀਪ): ਸ਼ਹਿਰ ਦੇ ਨੌਜਵਾਨ ਵਿਦਿਆਰਥੀ ਦੀ ਕੈਨੇਡਾ ’ਚ ਸਿਲਵਾਨ ਝੀਲ ’ਚ ਡੁੱਬ ਕੇ ਮੌਤ ਹੋ ਜਾਣ ਕਾਰਨ ਸ਼ਹਿਰ ’ਚ ਸੋਗ ਦੀ ਲਹਿਰ ਫੈਲ ਗਈ ਹੈ। ਖਰੜ ਦੇ ਖੂਨੀਮਾਜਰਾ ਸਰਕਾਰੀ ਕਾਲਜ ਦੇ ਨੇੜੇ ਰਹਿੰਦਾ ਨੌਜਵਾਨ ਪਲਵਿੰਦਰ ਸਿੰਘ ਸੈਣੀ ਪੁੱਤਰ ਰਣਜੋਧ ਸਿੰਘ ਕਾਕਾ ਸੈਣੀ ਸਾਲ 2018 ਨਵੰਬਰ ਮਹੀਨੇ ’ਚ ਪੜਾਹੀ ਕਰਨ ਲਈ ਕੈਨੇਡਾ ਗਿਆ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਨੇ ਧੇਲੀ-ਧੇਲੀ ਇਕੱਠੀ ਕਰਕੇ 20 ਲੱਖ ਰੁਪਏ ਲਗਾ ਕੇ ਆਪਣੇ ਪੁੱਤਰ ਨੂੰ ਪੜਾਈ ਲਈ ਕੈਨੇਡਾ ਭੇਜਿਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦਾ ਲੜਕਾ ਵਾਪਸ ਨਹੀਂ ਆਵੇਗਾ। ਕੈਨੇਡਾ ’ਚ ਸਿਲਵਾਨ ਝੀਲ ’ਚੋਂ ਜਦੋਂ ਪਲਵਿੰਦਰ ਸਿੰਘ 21 ਅਗਸਤ ਨੂੰ ਆਪਣੇ ਇਕ ਦੋਸਤ ਨਾਲ ਗੋਲ ਇਨਫਲਾਟੇਬਲਜ਼ ਉਪਰ ਲੇਟ ਕੇ ਤੈਰ ਰਿਹਾ ਸੀ ਤਾਂ ਅਚਾਨਕ ਝੀਲ ਦੀਆਂ ਲਹਿਰਾਂ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ।
ਇਸ ਦੌਰਾਨ ਉਸ ਦਾ ਦੋਸਤ ਤਾਂ ਬਚ ਗਿਆ ਪਰ ਪਲਵਿੰਦਰ ਸਿੰਘ ਪਾਣੀ ਅੰਦਰ ਡੁੱਬ ਗਿਆ। ਪਤਾ ਲੱਗਾ ਕਿ ਪਲਵਿੰਦਰ ਨੇ ਸੇਫਟੀ ਜੈਕਟ ਪਾਉਣ ਤੋਂ ਮਨਾ ਕਰ ਦਿੱਤਾ ਸੀ, ਜਿਸ ਕਾਰਨ ਬਿਨਾ ਸੇਫਟੀ ਜੈਕਟ ਉਹ ਪਾਣੀ ’ਚ ਡੁੱਬ ਗਿਆ। ਗੋਤਾਂ ਖੋਰਾਂ ਵਲੋਂ ਉਸ ਦੀ ਅਗਲੇ ਦਿਨ 22 ਅਗਸਤ ਨੂੰ ਲਾਸ਼ ਬਰਾਮਦ ਕੀਤੀ ਗਈ। ਮ੍ਰਿਤਕ ਪਲਵਿੰਦਰ ਸਿੰਘ ਮਾਂ ਗੁਰਪ੍ਰੀਤ ਕੌਰ ਜੋ ਕਿ ਇਕ ਭਿਆਨਕ ਬੀਮਾਰੀ ਤੋਂ ਪੀੜਤ ਹੈ ਤੇ ਆਪਣੇ ਪੁੱਤਰ ਦਾ ਵਿਛੋੜਾ ਨਾ ਝਲਦੀ ਹੋਈ ਹੋਰ ਵੀ ਬਿਮਾਰ ਹੋ ਗਈ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਹੋਇਆ ਹੈ ਤੇ ਉਸ ਦੇ ਬਜ਼ੁਰਗ ਪਿਤਾ ਵੀ ਆਪਣੇ ਪੁੱਤਰ ਦੇ ਵਿਯੋਗ ’ਚ ਗੁੰਮਸੁਮ ਹੋਈ ਬੈਠਾ ਹੈ।
ਹੁਣ ਵਿਦੇਸ਼ ਤੋਂ ਲਾਸ਼ ਲਿਆਉਣ ਲਈ ਲਗਭਗ 20 ਲੱਖ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ ਜਦਕਿ ਪਰਿਵਾਰ ਆਪਣੇ ਪੁੱਤਰ ਦੀ ਵਿਦੇਸ਼ ਤੋਂ ਲਾਸ਼ ਲਿਆਉਣ ਲਈ ਅਸਮਰਥ ਹੈ। ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਪਰਮਿੰਦਰ ਸਿੰਘ ਸੋਨਾ, ਸਿਟੀਜ਼ਨ ਵੈਲਫੇਅਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਕੇ. ਕੇ. ਸ਼ਰਮਾ, ਸਮਾਜ ਸੇਵੀ ਆਗੂ ਪਰਵਿੰਦਰ ਸਿੰਘ ਬੌਗੀ ਸੈਣੀ, ਖਰੜ ਯੂਥ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਹੈਪੀ, ਸੈਣੀ ਯੂਥ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਕਾ ਸੈਣੀ, ਠੇਕੇਦਾਰ ਰਣਜੀਤ ਸਿੰਘ ਮੁੰਡੀ ਖਰੜ੍ਹ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਤੇ ਨਾਲ ਹੀ ਵਿਦੇਸ਼ ਤੋਂ ਲੜਕੇ ਦੀ ਲਾਸ਼ ਲਿਆਉਣ ਲਈ ਕਾਰਵਾਈ ਕੀਤੀ ਜਾਵੇ।