ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਨੀਲਾ ਤੋਂ ਸਾਢੇ 5 ਸਾਲ ਬਾਅਦ ਘਰ ਪਰਤਿਆ ਪੰਜਾਬੀ ਨੌਜਵਾਨ
Thursday, Apr 13, 2023 - 01:18 PM (IST)
ਸੁਲਤਾਨਪੁਰ ਲੋਧੀ (ਸੋਢੀ, ਜ.ਬ., ਜੋਸ਼ੀ, ਅਸ਼ਵਨੀ) : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਨੀਲਾ ਪਿਛਲੇ ਸਾਢੇ 5 ਸਾਲਾਂ ਤੋਂ ਫਸਿਆ ਪਿੰਡ ਝੱਲਲੇਈ ਵਾਲ ਦਾ ਨੌਜਵਾਨ ਸਰਬਜੀਤ ਸਿੰਘ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ। ਉਕਤ ਨੌਜਵਾਨ ਕੁੱਝ ਸਾਲ ਪਹਿਲਾਂ ਪੰਜਾਬ ਤੋਂ ਮਨੀਲਾ ਲਈ ਰੋਜ਼ਗਾਰ ਕਰਨ ਲਈ ਗਿਆ ਸੀ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਉੱਥੇ ਹੀ ਰਿਹਾ ਰਹਿ ਰਿਹਾ ਸੀ ਪਰ ਪਾਸਪੋਰਟ ਦੀ ਮਿਆਦ ਖਤਮ ਹੋਣ ਕਾਰਨ ਤੇ ਲੋੜੀਂਦਾ ਦਸਤਾਵੇਜ਼ ਨਾ ਹੋਣ ਕਾਰਨ ਇਹ ਸਭ ਉਸਦੀ ਘਰ ਵਾਪਸੀ ਵਿਚ ਮੁੱਖ ਅੜਿੱਕਾ ਬਣਿਆ ਹੋਇਆ ਸੀ, ਜਿਸ ਬਾਰੇ ਉਸਦੇ ਪਰਿਵਾਰ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਤੇ ਨੌਜਵਾਨ ਵੱਲੋਂ ਵੀ ਇਸ ਬਾਰੇ ਸੋਸ਼ਲ ਮੀਡੀਆ ਰਾਹੀਂ ਸੰਤ ਸੀਚੇਵਾਲ ਨੂੰ ਮੱਦਦ ਦੀ ਅਪੀਲ ਕੀਤੀ ਗਈ। ਸੰਤ ਸੀਚੇਵਾਲ ਵੱਲੋਂ ਫਰਵਰੀ ਮਹੀਨੇ ਵਿਚ ਫਿਲੀਪੀਨਜ਼ ਦੀ ਫੇਰੀ ਦੌਰਾਨ ਸਰਬਜੀਤ ਸਿੰਘ ਦਾ ਮਸਲਾ ਉੱਥੋਂ ਦੇ ਰਾਜਦੂਤ ਕੋਲ ਉਠਾਇਆ ਤੇ ਉਨ੍ਹਾਂ ਸਰਬਜੀਤ ਸਿੰਘ ਦੀ ਸਹਾਇਤਾ ਲਈ ਭਾਰਤੀ ਰਾਜਦੂਤ ਨੂੰ ਅਪੀਲ ਵੀ ਕੀਤੀ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਜਿੱਥੇ ਭਾਰਤੀ ਦੂਤਾਵਾਸ ਨੇ ਉਸਦਾ ਪਾਸਪੋਰਟ ਬਣਾ ਕੇ ਦਿੱਤਾ, ਉੱਥੇ ਹੀ ਉਸਨੂੰ ਭਾਰੀ ਜੁਰਮਾਨੇ ਤੋਂ ਬਚਾਉਂਦਿਆਂ ਹੋਇਆ ਲੋੜੀਂਦੇ ਦਸਤਾਵੇਜ਼ ਬਣਾਉਣ ਵਿਚ ਮਦਦ ਕੀਤੀ।
ਇਹ ਵੀ ਪੜ੍ਹੋ : ਆਜ਼ਾਦ ਦੀ ਆਤਮਕਥਾ ’ਤੇ ਕਸ਼ਮੀਰ ’ਚ ਸਿਆਸੀ ਹੰਗਾਮਾ, ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼
ਸਰਬਜੀਤ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਜੀ ਵੱਲੋਂ ਕੀਤੇ ਗਏ ਯਤਨਾਂ ਸਦਕਾ ਉਹ ਮੁੜ ਭਾਰਤ ਪਹੁੰਚਿਆ। ਲਾਕਡਾਊਨ ਦੌਰਾਨ ਉਸਦਾ ਉਥੇ ਕਾਰੋਬਾਰ ਠੱਪ ਹੋ ਗਿਆ ਸੀ ਤੇ ਉਸ ਨਾਲ ਕਈ ਵਾਰ ਉਥੇ ਲੁੱਟਾਂ-ਖੋਹਾਂ ਹੋਈਆਂ ਸੀ। ਇਸ ਬਾਰੇ ਸੰਤ ਸੀਚੇਵਾਲ ਵੱਲੋਂ ਉੱਥੇ ਰਹਿ ਰਹੇ ਜਗਮੋਹਨ ਸਿੰਘ ਦੀ ਡਿਊਟੀ ਲਗਾਈ ਗਈ ਸੀ। ਜਿੱਥੇ ਜਗਮੋਹਨ ਸਿੰਘ ਨੇ ਅੰਬੈਸੀ ਨਾਲ ਮਿਲਕੇ ਉਸਦੇ ਦਸਤਾਵੇਜ਼ ਬਣਾਉਣ ਵਿਚ ਸਹਾਇਤਾ ਕੀਤੀ, ਉੱਥੇ ਹੀ ਜਗਮੋਹਨ ਸਿੰਘ ਵੱਲੋਂ ਉਸ ਦੀ ਟਿਕਟ ਤੱਕ ਦਾ ਖਰਚਾ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਨੂੰ ਅੰਮਿ੍ਤਸਰ ਏਅਰਪੋਰਟ ’ਤੇ ਲੈਣ ਲਈ ਦਿਲਬਾਗ ਸਿੰਘ ਝੰਡ, ਦਿਲਬਾਗ ਸਿੰਘ ਮੈਂਬਰ ਪੰਚਾਇਤ ਸਮੇਤ ਪਰਿਵਾਰ ਦੇ ਲੋਕ ਹਾਜ਼ਰ ਸੀ।
ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵਲੋਂ ਅੰਕੜਿਆਂ ’ਤੇ ਆਧਾਰਤ ਕਿਤਾਬ ‘ਪੰਜਾਬ ਸਟੇਟ ਐਟ ਏ ਗਲਾਂਸ 2022’ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ