ਮਾਣ ਵਾਲੀ ਗੱਲ : ਕੈਨੇਡਾ ਦੀ ਪੁਲਸ ’ਚ ਭਰਤੀ ਹੋ ਕੇ ਪੰਜਾਬੀ ਨੌਜਵਾਨ ਨੇ ਚਮਕਾਇਆ ਨਾਂ

Thursday, Jun 29, 2023 - 07:31 PM (IST)

ਮਾਣ ਵਾਲੀ ਗੱਲ : ਕੈਨੇਡਾ ਦੀ ਪੁਲਸ ’ਚ ਭਰਤੀ ਹੋ ਕੇ ਪੰਜਾਬੀ ਨੌਜਵਾਨ ਨੇ ਚਮਕਾਇਆ ਨਾਂ

ਕਾਲਾ ਸੰਘਿਆਂ (ਨਿੱਝਰ)-ਜ਼ਿਲ੍ਹਾ ਜਲੰਧਰ ਦੇ ਨਜ਼ਦੀਕੀ ਪਿੰਡ ਨਿੱਝਰਾਂ ਦਾ ਜੰਮਪਲ 33 ਸਾਲਾ ਨੌਜਵਾਨ ਅਵਤਾਰ ਸਿੰਘ ਮੱਟੂ, ਜੋ ਤਕਰੀਬਨ 13 ਸਾਲ ਪਹਿਲਾਂ ਵਿਦੇਸ਼ ਵਿਚ ਪੜ੍ਹਾਈ ਕਰਨ ਤੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਦੇ ਸੁਫ਼ਨੇ ਲੈ ਕੇ ਕੈਨੇਡਾ ਗਿਆ ਸੀ, ਨੇ ਆਪਣੀ ਪੜ੍ਹਾਈ ਨੂੰ ਜਿੱਥੇ ਤਨ-ਮਨ ਲਗਾ ਕੇ ਮੁਕੰਮਲ ਕੀਤਾ ਤੇ ਬਾਅਦ ਵਿਚ ਹੱਡ-ਭੰਨਵੀਂ ਮਿਹਨਤ ਕਰ ਕੇ ਥੋੜ੍ਹਾ ਪੈਰੀਂ ਹੋ ਕੇ ਆਪਣਾ ਘਰ ਵੀ ਵਸਾ ਲਿਆ, ਫਿਰ ਵੀ ਮਿਹਨਤ ਕਰਨੀ ਨਹੀਂ ਛੱਡੀ।

ਅਵਤਾਰ ਸਿੰਘ ਮੱਟੂ ਦੇ ਅੱਗੇ ਵੱਧਣ ਤੇ ਤਰੱਕੀ ਕਰਨ ਦੇ ਮਨਸੂਬਿਆਂ ਨੂੰ ਉਸ ਵਕਤ ਬੂਰ ਪੈ ਗਿਆ, ਜਦੋਂ ਉਹ ਕੈਨੇਡਾ ਦੀ ਪੁਲਸ ਵਿਚ ਬਤੌਰ ਕਾਂਸਟੇਬਲ ਭਰਤੀ ਹੋ ਕੇ ਆਪਣੀ ਕਰਮਭੂਮੀ ਦੀ ਸੇਵਾ ਲਈ ਤੱਤਪਰ ਰਹਿਣ ਲੱਗਾ। ਜ਼ਿਕਰਯੋਗ ਹੈ ਕਿ 1990 ਵਿਚ ਪਿੰਡ ਨਿੱਝਰਾਂ ਵਿਖੇ ਪਿਤਾ ਹਰਵਿੰਦਰ ਸਿੰਘ ਨਿੱਕਾ ਦੇ ਗ੍ਰਹਿ ਵਿਖੇ ਮਾਤਾ ਬਲਵਿੰਦਰ ਕੌਰ ਦੀ ਕੁੱਖੋਂ ਜਨਮੇ ਅਵਤਾਰ ਸਿੰਘ ਮੱਟੂ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ ਨਿੱਝਰਾਂ ਅਤੇ ਗਰਦੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਤੋਂ 12ਵੀਂ ਨਾਨ-ਮੈਡੀਕਲ ਵਿਚ ਕੀਤੀ ਤੇ ਬਾਅਦ ਵਿਚ ਆਈਲੈਟਸ ’ਚ 7 ਬੈਂਡ ਹਾਸਲ ਕਰ ਕੇ ਅਗਲੇਰੀ ਪੜ੍ਹਾਈ ਕਰਨ ਲਈ ਕੈਨੇਡਾ ਨੂੰ ਚੁਣਿਆ।

ਕੈਨੇਡਾ ਤੋਂ ਫੋਨ ਰਾਹੀਂ ਜਾਣਕਾਰੀ ਦਿੰਦਿਆਂ ਉਸ ਦੇ ਪਿਤਾ ਹਰਵਿੰਦਰ ਸਿੰਘ ਨਿੱਕਾ ਨੇ ਦੱਸਿਆ ਕਿ ਅਵਤਾਰ ਸਿੰਘ ਨੇ ਸਸਕੈਚੇਵਨ ਪੁਲਸ ਕਾਲਜ ਕੈਨੇਡਾ ਤੋਂ ਕੈਨੇਡੀਅਨ ਕ੍ਰਿਮੀਨਲ ਕੋਡ ਦੀ ਪੜ੍ਹਾਈ ਕੀਤੀ ਅਤੇ ਉਪਰੰਤ ਰਜਾਈਨਾ ਪੁਲਸ ਸਰਵਿਸ ਕੈਨੇਡਾ ’ਚ ਬੀਤੀ ਮਈ ਵਿਚ ਬਤੌਰ ਕਾਂਸਟੇਬਲ ਭਰਤੀ ਹੋਣ ਵਿਚ ਕਾਮਯਾਬੀ ਹਾਸਲ ਕਰ ਲਈ, ਜਿਸ ’ਤੇ ਪਰਿਵਾਰ ਤੇ ਪੇਂਡੂਆਂ ਨੂੰ ਫਖ਼ਰ ਮਹਿਸੂਸ ਹੋ ਰਿਹਾ ਹੈ। ਅਵਤਾਰ ਸਿੰਘ ਮੱਟੂ ਦੇ ਦਾਦਾ ਮਰਹੂਮ ਸੂਬੇਦਾਰ ਨਸੀਬ ਸਿੰਘ ਨੇ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕੀਤੀ ਤੇ ਉਸ ਦਾ ਚਾਚਾ ਵੀ ਪੰਜਾਬ ਪੁਲਸ ਵਿਚ ਇਸ ਵਕਤ ਬਤੌਰ ਏ. ਐੱਸ. ਆਈ. ਸੇਵਾਵਾਂ ਨਿਭਾ ਰਿਹਾ ਹੈ। ਉਸ ਦੀ ਇਸ ਪ੍ਰਾਪਤੀ ’ਤੇ ਪਤਨੀ, ਲੜਕਾ ਤੇ ਲੜਕੀ ਦੇ ਨਾਲ ਸਮੂਹ ਨਗਰ ਨਿਵਾਸੀਆਂ ਤੇ ਨਿੱਝਰਾਂ ਤੇ ਕਾਲਾ ਸੰਘਿਆਂ ਦੇ ਸਕੂਲ ਅਧਿਆਪਕਾਂ ’ਚ ਵੀ ਖੁਸ਼ੀ ਪਾਈ ਜਾ ਰਹੀ ਹੈ।


author

Manoj

Content Editor

Related News