ਪੰਜਾਬਣਾਂ ਦਾ ਵੱਡਾ ਜਿਗਰਾ, ਸੁਹਾਗ ਨੂੰ ਮੌਤ ਦੇ ਮੂੰਹ 'ਚੋਂ ਵੀ ਖਿੱਚ ਲੈਣ
Monday, Jun 18, 2018 - 11:52 AM (IST)

ਅੰਮ੍ਰਿਤਸਰ : ਪੰਜਾਬਣ ਔਰਤਾਂ ਦਾ ਇੰਨਾ ਵੱਡਾ ਜਿਗਰਾ ਹੁੰਦਾ ਹੈ ਕਿ ਉਹ ਆਪਣੇ ਸੁਹਾਗ ਨੂੰ ਮੌਤ ਦੇ ਮੂੰਹ 'ਚੋਂ ਵੀ ਖਿੱਚ ਕੇ ਵਾਪਸ ਲੈ ਆਉਂਦੀਆਂ ਹਨ। ਅਜਿਹੀਆਂ ਪੰਜਾਬਣਾਂ 'ਤੇ ਪੰਜਾਬ ਨੂੰ ਮਾਣ ਹੋਣਾ ਚਾਹੀਦਾ ਹੈ। ਅਸਲ 'ਚ ਸੂਬੇ 'ਚ ਕਿਡਨੀ ਦਾਨ ਕਰਨ ਵਾਲਿਆਂ 'ਚੋਂ ਸਭ ਤੋਂ ਜ਼ਿਆਦਾ ਗਿਣਤੀ ਔਰਤਾਂ ਦੀ ਹੀ ਹੈ।
70 ਤੋਂ 80 ਫੀਸਦੀ ਤੱਕ ਔਰਤਾਂ ਆਪਣੀ ਕਿਡਨੀ ਦੇਣ 'ਚ ਦੇਰ ਨਹੀਂ ਲਾਉਂਦੀਆਂ, ਜਿਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਪਤਨੀਆਂ 50 ਫੀਸਦੀ, ਮਾਵਾਂ 20 ਫੀਸਦੀ ਅਤੇ 10 ਫੀਸਦੀ ਦੇ ਕਰੀਬ ਭੈਣਾਂ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਦਫਤਰ ਦੇ ਸੀਨੀਅਰ ਅਫਸਰ ਨੇ ਦੱਸਿਆ ਕਿ ਪੰਜਾਬ 'ਚ ਹਰ ਸਾਲ ਔਸਤਨ 170 ਤੋਂ ਜ਼ਿਆਦਾ ਮਾਮਲੇ ਆਉਂਦੇ ਹਨ। ਇਨ੍ਹਾਂ 'ਚੋਂ ਮਹਿਲਾ ਡੋਨਰ ਸਭ ਤੋਂ ਅੱਗ ਰਹਿੰਦੀਆਂ ਹਨ।
ਇਸ ਸਾਲ ਅਜੇ ਤੱਕ ਕਿਡਨੀ ਟਰਾਂਸਪਲਾਂਟ ਦੇ 87 ਮਾਮਲੇ ਆ ਚੁੱਕੇ ਹਨ। ਇੱਥੇ ਅੰਮ੍ਰਿਤਸਰ ਤੋਂ ਇਲਾਵਾ ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਪਠਾਨਕੋਟ, ਜਲੰਧਰ, ਬਟਾਲਾ ਅਤੇ ਹੁਸ਼ਿਆਰਪੁਰ ਦੇ ਲੋਕ ਆਉਂਦੇ ਹਨ, ਜਦੋਂ ਕਿ ਸੂਬੇ 'ਚ 2 ਹੋਰ ਥਾਵਾਂ ਪਟਿਆਲਾ ਅਤੇ ਫਰੀਦਕੋਟ 'ਚ ਵੀ ਕਿਡਨੀ ਕਮੇਟੀਆਂ ਹਨ, ਜੋ ਟਰਾਂਸਪਲਾਂਟੇਸ਼ਨ ਨੂੰ ਮਨਜ਼ੂਰੀ ਦਿੰਦੀਆਂ ਹਨ। ਉੱਥੋਂ ਦੇ ਆਂਕੜੇ ਵੀ ਤਕਰੀਬਨ ਇਸੇ ਔਸਤ 'ਚ ਆਉਂਦੇ ਹਨ।