ਪੰਜਾਬ ਸਰਕਾਰ ਦਾ ਪੰਜਾਬੀ ਯੂਨੀਵਰਸਿਟੀ ਲਈ ਵੱਡਾ ਐਲਾਨ, ਹੁਣ ਹਰ ਮਹੀਨੇ ਮਿਲਣਗੇ ਇੰਨੇ ਕਰੋੜ ਰੁਪਏ

Thursday, Apr 20, 2023 - 12:17 PM (IST)

ਪੰਜਾਬ ਸਰਕਾਰ ਦਾ ਪੰਜਾਬੀ ਯੂਨੀਵਰਸਿਟੀ ਲਈ ਵੱਡਾ ਐਲਾਨ, ਹੁਣ ਹਰ ਮਹੀਨੇ ਮਿਲਣਗੇ ਇੰਨੇ ਕਰੋੜ ਰੁਪਏ

ਪਟਿਆਲਾ (ਮਨਦੀਪ ਜੋਸਨ) : ਪੰਜਾਬੀ ਯੂਨੀਵਰਸਿਟੀ ਵਿਖੇ ਗ੍ਰਾਂਟ ਲੈਣ ਲਈ ਪਿਛਲੇ 38 ਦਿਨਾਂ ਤੋਂ ਚਲ ਰਿਹਾ ਵਿਸ਼ਾਲ ਧਰਨਾ ਬੀਤੇ ਦਿਨ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਖ਼ਤਮ ਹੋ ਗਿਆ ਹੈ। ਵਿਧਾਇਕ ਕੋਹਲੀ ਨੇ ਧਰਨੇ ’ਚ ਜਾ ਕੇ ਐਲਾਨ ਕੀਤਾ ਕਿ ਯੂਨੀਵਰਸਿਟੀ ਨੂੰ 30 ਕਰੋੜ ਰੁਪਏ ਪ੍ਰਤੀ ਮਹੀਨਾ ਗ੍ਰਾਂਟ ਮਿਲੇਗੀ ਤੇ ਬਾਕੀ ਸਮੱਸਿਆਵਾਂ ਨੂੰ ਵੀ ਮੀਟਿੰਗ ਕਰ ਕੇ ਹੱਲ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਹੋਰ ਵਰਗਾਂ ਨੇ ਅਜੀਤਪਾਲ ਕੋਹਲੀ ਦੀ ਪਟਿਆਲਾ ਸ਼ਹਿਰ ’ਚ ਸਥਿਤ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਪਰ ਅਜੀਤਪਾਲ ਨੇ ਆਪਣੀ ਰਾਜਸੀ ਸਿਆਣਪ ਤੇ ਸੂਝਬੂਝ ਦਿਖਾਉਂਦਿਆਂ ਲੰਘੀ ਰਾਤ ਤੋਂ ਹੀ ਵਿਦਿਆਰਥੀਆਂ ਨਾਲ, ਸੰਘਰਸ਼ ਮੋਰਚੇ ਦੇ ਨੇਤਾਵਾਂ ਨਾਲ ਮੀਟਿੰਗਾਂ ਕਰ ਕੇ ਇਸ ਨੂੰ ਹੱਲ ਕਰਵਾਇਆ। ਕੱਲ੍ਹ ਵਿਦਿਆਰਥੀਆਂ ਨੇ ਅਜੀਤਪਾਲ ਕੋਹਲੀ ਦੀ ਕੋਠੀ ਦਾ ਘਿਰਾਓ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਕੋਹਲੀ ਵਿਧਾਇਕ ਗੁਰਲਾਲ ਘਨੌਰ ਨੂੰ ਲੈ ਕੇ ਧਰਨੇ ’ਚ ਪੁੱਜੇ, ਜਿੱਥੇ ਉਨ੍ਹਾਂ ਉਕਤ ਐਲਾਨ ਕੀਤਾ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਦੀ ਪਤਨੀ ਨੇ ਦਾਨ ਕੀਤੇ ਆਪਣੇ ਵਾਲ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਬੁਆਏ ਕੱਟ ਲੁੱਕ

ਇਸ ਦੌਰਾਨ ਅਜੀਤਪਾਲ ਕੋਹਲੀ ਅਤੇ ਗੁਰਲਾਲ ਘਨੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਬੀਜੇ ਕੰਡੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਕਣੇ ਪੈ ਰਹੇ ਹਨ। ਇਹ ਕੰਡੇ ਜਲਦੀ ਹੀ ਚੁੱਕ ਕੇ ਰਾਹ ਪੱਧਰਾ ਕਰ ਦਿੱਤਾ ਜਾਵੇਗਾ। ਯੂਨੀਵਰਸਿਟੀ ’ਚ ਕਿਸੇ ਵਿਦਿਆਰਥੀ ਜਾਂ ਸਟਾਫ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਵਿਧਾਇਕਾਂ ਨੇ ਕਿਹਾ ਕਿ ਇਹ ਅਦਾਰਾ ਮਾਲਵੇ ਦਾ ਸਭ ਤੋਂ ਵੱਡਾ ਅਤੇ ਉੱਚ ਵਿੱਦਿਆਦਾਨ ਕਰਨ ਵਾਲਾ ਅਦਾਰਾ ਹੈ। ਇਸ ਅਦਾਰੇ ਦਾ ਜੋ ਪਿਛਲੀਆਂ ਸਰਕਾਰਾਂ ਨੇ ਹਾਲ ਕੀਤਾ, ਉਸ ਤੋਂ ਸਮੁੱਚੀ ਸਰਕਾਰ ਜਾਣੂ ਅਤੇ ਚਿੰਤਤ ਹੈ। ਇਸ ਲਈ ਇਸ ਚਿੰਤਾ ਨੂੰ ਦੂਰ ਕਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਸਦਕਾ ਯੂਨੀਵਰਸਿਟੀ ਦੇ ਵਿੱਤੀ ਸੰਕਟ ’ਚ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮਨਮੀਤ ਭਗਤਾਣਾ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ

ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਧਰਨਾਕਾਰੀ ਆਗੂਆਂ ਦੀ ਗੱਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ. ਐੱਸ. ਡੀ. ਓਂਕਾਰ ਸਿੰਘ ਨਾਲ ਕਰਵਾ ਕੇ ਜਲਦੀ ਮੀਟਿੰਗ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਨੂੰ 30 ਕਰੋੜ ਪ੍ਰਤੀ ਮਹੀਨੇ ਦੀ ਕਿਸ਼ਤ ਦੇਣ ਦਾ ਭਰੋਸਾ ਵੀ ਦਿੱਤਾ। ਇਨ੍ਹਾਂ ਵਿਧਾਇਕਾਂ ਨਾਲ ਮੋਰਚੇ ਦੀ ਤਾਲਮੇਲ ਕਮੇਟੀ ਨੇ ਮੰਗਾਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੈਸਟ ਹਾਊਸ ਵਿਖੇ ਵਿਸਥਾਰਪੂਰਵਕ ਮੀਟਿੰਗ ਕੀਤੀ ਗਈ। ਇਸ ਦੌਰਾਨ ਮੋਰਚੇ ’ਚ ਵਿਦਿਆਰਥੀਆਂ, ਅਧਿਆਪਕ ਅਤੇ ਮੁਲਾਜ਼ਮਾਂ ਵੱਲੋਂ ਸ਼ਿਰਕਤ ਕੀਤੀ ਗਈ।

ਇਹ ਵੀ ਪੜ੍ਹੋ-  ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਬੰਬੀਹਾ ਗੈਂਗ ਦੇ ਗੈਂਗਸਟਰ ਨੇ ਖੋਲ੍ਹੇ ਕਈ ਰਾਜ਼, ਦੇਣਾ ਸੀ ਵੱਡੀ ਵਾਰਦਾਤ ਨੂੰ ਅੰਜਾਮ

ਯੂਨੀਵਰਸਿਟੀ ’ਚੋਂ ਉੱਠ ਰਿਹਾ ਉਬਾਲ ਹੋਇਆ ਸ਼ਾਂਤ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਹਮੇਸ਼ਾ ਸ਼ਹਿਰ ਅਤੇ ਹੋਰ ਵੱਡੇ ਮਸਲਿਆਂ ਨੂੰ ਹੱਲ ਕਰਨ ਦੀ ਲੰਬੇ ਸਮੇਂ ਤੋਂ ਰਣਨੀਤੀ ਅਪਣਾਈ ਹੋਈ ਹੈ। ਪਹਿਲਾਂ ਵੀ ਅਜੀਤਪਾਲ ਕਈ ਮਸਲੇ ਹੱਲ ਕਰ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ ਦਾ 38 ਦਿਨਾਂ ਤੋਂ ਚਲਿਆ ਆ ਰਿਹਾ ਧਰਨਾ ਸਮਾਪਤ ਹੋ ਗਿਆ ਹੈ, ਜਿਸ ਦਾ ਪੰਜਾਬ ਸਰਕਾਰ ਨੂੰ ਵੱਡੇ ਪੱਧਰ ’ਤੇ ਲਾਭ ਮਿਲੇਗਾ। ਕੋਹਲੀ ਨੇ ਆਖਿਆ ਕਿ 30 ਕਰੋੜ ਰੁਪਏ ਪ੍ਰਤੀ ਮਹੀਨਾ ਯੂਨੀਵਰਸਿਟੀ ਨੂੰ ਮਿਲੇਗਾ, ਜਿਸ ਨਾਲ ਤਨਖ਼ਾਹ ਦਾ ਯੂਨੀਵਰਸਿਟੀ ’ਤੇ ਪੈ ਰਿਹਾ ਬੋਝ ਖ਼ਤਮ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਨੂੰ ਲੈ ਕੇ ਦ੍ਰਿੜ ਹਨ ਕਿ ਵਿੱਦਿਆ ਕਰਜ਼ਾਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਪਿਛਲੇ ਸਮੇਂ ਵਿੱਤ ਮੰਤਰੀ ਨਾ ਮੀਟਿੰਗ ਕਰ ਕੇ ਇਹ ਸਪੱਸ਼ਟ ਫ਼ੈਸਲਾ ਕੀਤਾ ਸੀ ਕਿ ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ੇ ’ਚੋਂ ਕੱਢ ਦਿੱਤਾ ਜਾਵੇਗਾ। ਆਉਣ ਵਾਲੇ ਸਮੇਂ ਅੰਦਰ ਯੂਨੀਵਰਸਿਟੀ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਹੱਲ ਕਰਵਾਇਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News