''ਪੰਜਾਬੀ ਯੂਨੀਵਰਿਸਟੀ'' ਨੇ ਮਾਰੀ ਵੱਡੀ ਮੱਲ, ''ਨਿਰਫ'' ਰੈਂਕਿੰਗ ''ਚ 64ਵਾਂ ਸਥਾਨ

06/12/2020 9:50:59 AM

ਪਟਿਆਲਾ (ਜੋਸਨ) : ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਸੁਯੋਗ ਅਗਵਾਈ 'ਚ ਅਕਾਦਮਿਕ ਖੇਤਰ ਦੀਆਂ ਨਿੱਤ ਨਵੀਆਂ ਪ੍ਰਾਪਤੀਆਂ ਕਰ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹੁਣ ਵੱਡੀ ਮੱਲ ਮਾਰਦਿਆਂ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਕੀਤੀ ਜਾਂਦੀ ਨਿਰਫ਼ ਰੈਂਕਿੰਗ (ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ) 'ਚ ਲੰਬੀ ਇਤਿਹਾਸਕ ਛਾਲ ਮਾਰੀ ਹੈ। ਯੂਨੀਅਨ ਕੈਬਨਿਟ ਮੰਤਰੀ ਰਾਮੇਸ਼ ਪੋਖਰਿਆਲ ਨਿਸ਼ਾਕ ਵੱਲੋਂ ਜਾਰੀ ਰਾਸ਼ਟਰ ਪੱਧਰ ਦੀਆਂ ਯੂਨੀਵਰਸਿਟੀਆਂ ਦੀ ਅਕਾਦਮਿਕ ਦਰਜਾਬੰਦੀ ਨਿਰਫ-2020 ਦੀ ਤਾਜਾ ਸੂਚੀ 'ਚ ਪੰਜਾਬੀ ਯੂਨੀਵਰਸਿਟੀ ਹੁਣ ਦੇਸ਼ ਭਰ 'ਚ 64ਵੇਂ ਸਥਾਨ ’ਤੇ ਪਹੁੰਚ ਗਈ ਹੈ, ਜਦੋਂ ਕਿ ਪਿਛਲੇ ਸਾਲ ਇਸ ਰੈਂਕਿੰਗ 'ਚ ਪੰਜਾਬੀ ਯੂਨੀਵਰਸਿਟੀ ਦਾ ਨਾਂ 150 ਤੋਂ 200 ਵਾਲੀ ਸੂਚੀ 'ਚ ਸ਼ਾਮਲ ਸੀ।
ਵਾਈਸ ਚਾਂਸਲਰ ਡਾ. ਘੁੰਮਣ ਨੇ ਕਿਹਾ ਕਿ ਉਹ ਇਸ ਸਭ ਦਾ ਸਿਹਰਾ ਯੂਨੀਵਰਸਿਟੀ ਦੀਆਂ ਵੱਖ-ਵੱਖ ਫੈਕਲਟੀਆਂ ਦੇ ਸਮੂਹ ਅਧਿਆਪਕਾਂ, ਗੈਰ-ਅਧਿਆਪਨ ਵਰਗ, ਵਿਦਿਆਰਥੀਆਂ, ਖੋਜ਼ਾਰਥੀਆਂ, ਅਧਿਕਾਰੀਆਂ ਅਤੇ ਗਵਰਰਨਿੰਗ ਬਾਡੀਜ਼ ਨੂੰ ਦਿੰਦੇ ਹਨ, ਜਿਨ੍ਹਾਂ ਦੇ ਸਮੂਹਿਕ ਯਤਨਾਂ ਸਦਕਾ ਅਜਿਹਾ ਸੰਭਵ ਹੋ ਸਕਿਆ ਹੈ। ਵੱਖ-ਵੱਖ ਖੋਜ ਕਾਰਜਾਂ ਲਈ ਫੰਡਿੰਗ ਮੁਹੱਈਆ ਕਰਵਾਉਣ ਵਾਲੇ ਭਾਰਤ ਸਰਕਾਰ ਦੇ ਵੱਖ-ਵੱਖ ਅਦਾਰਿਆਂ ਅਤੇ ਪੰਜਾਬ ਸਰਕਾਰ ਦਾ ਵੀ ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ, ਜਿਸ ਦੀ ਮਦਦ ਨਾਲ ਚੱਲ ਰਹੇ ਗੁਣਵੱਤਾ ਸੰਪੰਨ ਖੋਜ ਪ੍ਰਾਜੈਕਟ ਇਸ ਵਕਾਰ ਨੂੰ ਹਾਸਲ ਕਰਨ 'ਚ ਮਦਦਗਾਰ ਸਾਬਿਤ ਹੋਏ।
ਉਨ੍ਹਾਂ ਦੱਸਿਆ ਕਿ ਇਸ ਰੈਂਕਿੰਗ ਦੀ ਬਦੌਲਤ ਹੁਣ ਯੂਨੀਵਰਸਿਟੀ ਹੋਰ ਅਜਿਹੀ ਅਕਾਦਮਿਕ ਫੰਡਿੰਗ ਲਈ ਵੀ ਯੋਗ ਹੋ ਜਾਵੇਗੀ, ਜੋ ਕਿ ਸਰਵੋਤਮ 100 ਯੂਨੀਵਰਸਿਟੀਆਂ ਨੂੰ ਹਾਸਲ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਸਥਾਪਨਾ ਦਾ ਮੂਲ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਕਾਰਜ ਕਰਨਾ ਹੈ। ਯੂਨੀਵਰਸਿਟੀ ਵੱਲੋਂ ਇਸ ਦਿਸ਼ਾ 'ਚ ਕੀਤਾ ਗਿਆ ਕਾਰਜ ਸੰਸਾਰ ਭਰ 'ਚ ਜਾਣਿਆ ਜਾਂਦਾ ਹੈ। ਰਾਸ਼ਟਰ ਪੱਧਰੀ ਰੈਂਕਿੰਗ 'ਚ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਹਵਾਲੇ ਨਾਲ ਹੋਏ ਅਜਿਹੇ ਕਾਰਜਾਂ ਨੇ ਵੀ ਢੁੱਕਵੀਂ ਭੂਮਿਕਾ ਨਿਭਾਈ ਹੈ, ਜੋ ਕਿ ਮਾਣ ਵਾਲੀ ਗੱਲ ਹੈ।
 


Babita

Content Editor

Related News