ਪੀ. ਯੂ. ਵੱਲੋਂ ਰੱਖੇ ਕੰਸਟੀਚਿਊਟ ਕਾਲਜਾਂ ਦੇ 25 ਅਧਿਆਪਕ ਵੀ. ਸੀ. ਦੇ ਸ਼ਿਕੰਜੇ ''ਚ
Thursday, Jun 08, 2017 - 06:41 AM (IST)

ਪਟਿਆਲਾ (ਜੋਸਨ) - ਪੰਜਾਬੀ ਯੂਨੀਵਰਸਿਟੀ ਵੱਲੋਂ ਪਿਛਲੇ ਸਮੇਂ ਵਿਚ ਆਪਣੇ ਕੰਸਟੀਚਿਊਟ ਕਾਲਜਾਂ ਵਿਚ ਇੰਟਰਵਿਊ ਲੈ ਕੇ ਰੱਖੇ ਗਏ 25 ਅਧਿਆਪਕ ਨਵੇਂ ਵਾਈਸ ਚਾਂਸਲਰ ਅਤੇ ਐਜੂਕੇਸ਼ਨ ਵਿਭਾਗ ਦੇ ਸੈਕਟਰੀ ਅਨੁਰਾਗ ਵਰਮਾ ਦੇ ਨਿਸ਼ਾਨੇ 'ਤੇ ਆ ਗਏ ਹਨ। ਵਾਈਸ ਚਾਂਸਲਰ ਅਨੁਰਾਗ ਵਰਮਾ ਦੇ ਹੁਕਮਾਂ ਤੇ ਇਨ੍ਹਾਂ 25 ਅਧਿਆਪਕਾਂ ਨੂੰ ਨੋਟਿਸ ਕੱਢ ਕੇ ਕਿਹਾ ਹੈ ਕਿ ਉਨ੍ਹਾਂ ਦੀ ਭਰਤੀ ਵਿਚ ਗੜਬੜ ਹੋਈ ਹੈ। ਇਸ ਲਈ ਕਿਉਂ ਨਾ ਉਨ੍ਹਾਂ ਦੀ ਐਕਸਟੈਨਸ਼ਨ ਵਿਚ ਵਾਧਾ ਰੋਕ ਦਿੱਤਾ ਜਾਵੇ? ਵੀ. ਸੀ. ਦੇ ਅਜਿਹੇ ਸਖਤ ਨੋਟਿਸ ਤੋਂ ਬਾਅਦ ਪੂਰੀ ਯੂਨੀਵਰਸਿਟੀ ਵਿਚ ਹੜਕੰਪ ਮੱਚਿਆ ਹੋਇਆ ਹੈ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਸਕੱਤਰ ਤੇ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਨੁਰਾਗ ਵਰਮਾ ਨੇ ਦੱਸਿਆ ਕਿ ਕੰਸਟੀਚਿਊਟ ਕਾਲਜਾਂ ਵਿਚ ਕੰਟਰੈਕਟ ਅਧਿਆਪਕਾਂ ਦੀ ਭਰਤੀ ਬਾਰੇ ਆਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਪੜਤਾਲ ਕਰਵਾਈ ਗਈ ਸੀ। ਪੜਤਾਲ ਰਿਪੋਰਟ ਦੇ ਆਧਾਰ 'ਤੇ 25 ਅਧਿਆਪਕਾਂ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿਚੋਂ 17 ਅਧਿਆਪਕ ਅਜਿਹੇ ਹਨ ਜਿਨ੍ਹਾਂ ਦੇ ਅਕੈਡਮਿਕ ਰਿਕਾਰਡ ਅਤੇ ਰਿਸਰਚ ਪਰਫਾਰਮੈਂਸ (ਏ. ਆਰ. ਆਰ. ਪੀ) ਦੇ ਨੰਬਰਾਂ ਵਿਚ ਅਤੇ ਇੰਟਰਵਿਊ ਦੇ ਨੰਬਰਾਂ ਵਿਚ ਭਾਰੀ ਅੰਤਰ ਹੈ।
ਅਨੁਰਾਗ ਵਰਮਾ ਨੇ ਦੱਸਿਆ ਕਿ ਪੜਤਾਲ ਕਮੇਟੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਸਿਲੈਕਟ ਕੈਂਡੀਡੇਟਸ ਨੂੰ ਉਨ੍ਹਾਂ ਦੇ ਅਕੈਡਮਿਕ ਰਿਕਾਰਡ ਦੇ ਮੁਕਾਬਲੇ ਬਹੁਤ ਜ਼ਿਆਦਾ ਨੰਬਰ ਦਿੱਤੇ ਗਏ ਹਨ। ਪੜਤਾਲ ਵਿਚ ਸਾਹਮਣੇ ਆਇਆ ਕਿ ਯੂ. ਜੀ. ਸੀ. ਦੀਆਂ ਗਾਈਡਲਾਈਨਜ਼ ਮੁਤਾਬਕ ਇੰਟਰਵਿਊ ਦੇ ਸਿਰਫ 20 ਫੀਸਦੀ ਨੰਬਰ ਹੋਣੇ ਚਾਹੀਦੇ ਸਨ ਪਰ ਇੰਟਰਵਿਊ ਕਮੇਟੀ ਨੇ ਅਸੈਸਮੈਂਟ ਆਫ ਡੋਮੇਨ ਨਾਲੇਜ ਐਂਡ ਟੀਚਿੰਗ ਸਕਿਲਜ਼ ਦੇ 30 ਫੀਸਦੀ ਨੰਬਰ ਵੀ ਇੰਟਰਵਿਊ ਵਿਚ ਹੀ ਸ਼ਾਮਿਲ ਕਰ ਲਏ, ਜਿਸ ਨਾਲ ਇੰਟਰਵਿਊ ਦੇ 50 ਫੀਸਦੀ ਨੰਬਰ ਹੋ ਗਏ।
ਉਨ੍ਹਾਂ ਦੱਸਿਆ ਕਿ ਉਦਾਹਰਣ ਦੇ ਤੌਰ 'ਤੇ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਲਈ ਇਕ ਉਮੀਦਵਾਰ ਦੇ ਏ. ਆਰ. ਆਰ. ਪੀ. ਵਿਚ 50 ਨੰਬਰਾਂ ਵਿਚੋਂ 32.41 ਨੰਬਰ ਸਨ ਪਰ ਉਸ ਨੂੰ ਇੰਟਰਵਿਊ ਵਿਚ 50 ਨੰਬਰਾਂ ਵਿਚੋਂ 23 ਨੰਬਰ ਦੇ ਕੇ ਪਿੱਛੇ ਕਰ ਦਿੱਤਾ ਗਿਆ। ਜਿਸ ਉਮੀਦਵਾਰ ਦੇ ਏ. ਆਰ. ਆਰ. ਪੀ. ਵਿਚ 50 ਨੰਬਰਾਂ ਵਿਚੋਂ ਸਭ ਤੋਂ ਘੱਟ 25.09 ਨੰਬਰ ਸਨ, ਉਸ ਨੂੰ ਇੰਟਰਵਿਊ ਵਿਚ 50 ਨੰਬਰਾਂ ਵਿਚੋਂ 31 ਨੰਬਰ ਦੇ ਕੇ ਸਿਲੈਕਟ ਕਰ ਲਿਆ ਗਿਆ।
ਅਨੁਰਾਗ ਵਰਮਾ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਿਖੇ ਜਿਸ ਉਮੀਦਵਾਰ ਦੇ ਏ. ਆਰ. ਆਰ. ਪੀ. ਵਿਚ 50 ਨੰਬਰਾਂ ਵਿਚੋਂ 35.30 ਨੰਬਰ ਬਣਦੇ ਸਨ, ਉਸ ਨੂੰ ਇੰਟਰਵਿਊ ਵਿਚ 50 ਨੰਬਰਾਂ ਵਿਚੋਂ ਸਿਰਫ 19 ਨੰਬਰ ਦੇ ਕੇ ਰਿਜੈਕਟ ਕਰ ਦਿੱਤਾ ਗਿਆ। ਜਿਸ ਉਮੀਦਵਾਰ ਦੇ ਏ. ਆਰ. ਆਰ. ਪੀ. ਵਿਚ 50 ਨੰਬਰਾਂ ਵਿਚੋਂ ਸਿਰਫ 22 ਨੰਬਰ ਬਣਦੇ ਸਨ ਅਤੇ ਮੈਰਿਟ ਵਿਚ ਸਭ ਤੋਂ ਥੱਲੇ ਸੀ, ਨੂੰ ਇੰਟਰਵਿਊ ਵਿਚ 50 ਨੰਬਰਾਂ ਵਿਚੋਂ 38 ਨੰਬਰ ਦੇ ਕੇ ਸਿਲੈਕਟ ਕਰ ਲਿਆ ਗਿਆ।
ਅਨੁਰਾਗ ਵਰਮਾ ਨੇ ਕਿਹਾ ਕਿ ਅਜਿਹੀ ਕਾਰਵਾਈ ਕਾਰਨ ਇਕ ਪਾਸੇ ਤਾਂ ਮੈਰਿਟ ਇਗਨੋਰ ਹੋਈ ਅਤੇ ਮੈਰੀਟੋਰੀਅਸ ਉਮੀਦਵਾਰਾਂ ਵਿਚ ਨਿਰਾਸ਼ਾ ਪੈਦਾ ਹੋਈ। ਦੂਜੇ ਪਾਸੇ ਯੂਨੀਵਰਸਿਟੀ ਨੂੰ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਘੱਟ ਮੈਰਿਟ ਵਾਲਾ ਉਮੀਦਵਾਰ ਉਪਲਬਧ ਹੋਇਆ। ਇਸੇ ਤਰ੍ਹਾਂ 8 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਵਿਚ ਨੈÎੱਟ ਦੀਆਂ ਯੋਗਤਾਵਾਂ ਤੋਂ ਛੋਟ ਦੇ ਕੇ ਮਿਤੀ 1.5.2006 ਨੂੰ ਵਾਧਾ ਕੀਤਾ ਗਿਆ ਸੀ। ਉਸ ਸਮੇਂ ਇਹ ਅਧਿਆਪਕ ਯੂਨੀਵਰਸਿਟੀ ਵੱਲੋਂ ਨਿਰਧਾਰਤ ਸਹਾਇਕ ਪ੍ਰੋਫੈਸਰ ਦੀਆਂ ਲੋੜੀਂਦੀਆਂ ਯੋਗਤਾਵਾਂ ਪੂਰੀਆਂ ਨਹੀਂ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਪਿਛਲੇ ਵਾਈਸ ਚਾਂਸਲਰ ਨੇ ਇਨ੍ਹਾਂ ਸਾਰੇ ਕੇਸਾਂ ਵਿਚ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿਚ ਸਿੰਡੀਕੇਟ ਦੀ ਅਗਲੀ ਹੋਣ ਵਾਲੀ ਮੀਟਿੰਗ ਤੱਕ ਐਕਸਟੈਨਸ਼ਨ ਦਿੱਤੀ ਹੋਈ ਹੈ। ਸ਼੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਹੁਣ ਇਨ੍ਹਾਂ ਅਧਿਆਪਕਾਂ ਨੂੰ ਨੋਟਿਸ ਰਾਹੀਂ ਕਿਹਾ ਗਿਆ ਹੈ ਕਿ ਪੜਤਾਲ ਰਿਪੋਰਟ ਵਿਚ ਆਈ ਗੜਬੜੀ ਕਾਰਨ ਉਹ ਵਜ੍ਹਾ ਬਿਆਨ ਕਰਨ ਕਿ ਕਿਉਂ ਨਾ ਉਨ੍ਹਾਂ ਦੀ ਐਕਸਟੈਨਸ਼ਨ ਵਿਚ ਹੋਰ ਵਾਧਾ ਨਾ ਕੀਤਾ ਜਾਵੇ?
ਅਨੁਰਾਗ ਵਰਮਾ ਨੇ ਰਜਿਸਟਰਾਰ ਨੂੰ ਇਹ ਵੀ ਆਦੇਸ਼ ਦਿੱਤਾ ਹੈ ਕਿ ਪੜਤਾਲ ਰਿਪੋਰਟ ਵਿਚ ਜੋ ਵੀ ਹੋਰ ਘਪਲੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਘੋਖਿਆ ਜਾਵੇ। ਇਨ੍ਹਾਂ ਸਬੰਧੀ ਜੋ ਕਾਰਵਾਈ ਕਰਨੀ ਬਣਦੀ ਹੈ, ਇਸ ਸਬੰਧੀ ਤਜਵੀਜ਼ ਇਕ ਹਫਤੇ ਦੇ ਅੰਦਰ ਪੁਟਅਪ ਕੀਤੀ ਜਾਵੇ।