ਲੀਬੀਆ ’ਚ ਫਸੇ 8 ਪੰਜਾਬੀ ਪਰਤੇ ਵਤਨ, ਦੱਸਿਆ ਕਿਨ੍ਹਾਂ ਖ਼ਤਰਨਾਕ ਹਾਲਾਤ ’ਚ ਕੱਟੇ ਦਿਨ

Sunday, Mar 05, 2023 - 09:29 PM (IST)

ਲੀਬੀਆ ’ਚ ਫਸੇ 8 ਪੰਜਾਬੀ ਪਰਤੇ ਵਤਨ, ਦੱਸਿਆ ਕਿਨ੍ਹਾਂ ਖ਼ਤਰਨਾਕ ਹਾਲਾਤ ’ਚ ਕੱਟੇ ਦਿਨ

ਸ੍ਰੀ ਅਨੰਦਪੁਰ ਸਾਹਿਬ (ਬਿਊਰੋ) : ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਯਤਨਾਂ ਨੂੰ ਉਦੋਂ ਬੂਰ ਪਿਆ, ਜਦੋਂ ਲੀਬੀਆ ’ਚ ਫਸੇ 8 ਪੰਜਾਬੀ ਨਾਗਰਿਕ ਭਾਰਤੀ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਸੁਰੱਖਿਅਤ ਭਾਰਤ ਪਰਤ ਆਏ ਹਨ। ਲੀਬੀਆ ’ਚ ਫਸੇ 12 ਵਿਅਕਤੀਆਂ ’ਚੋਂ 4 ਭਾਰਤੀ ਨਾਗਰਿਕ 13 ਫਰਵਰੀ ਨੂੰ ਪਰਤ ਆਏ ਸਨ। ਇਸ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਲੀਬੀਆ ’ਚ ਫਸੇ 12 ਭਾਰਤੀ ਨਾਗਰਿਕਾਂ ’ਚੋਂ 8 ਪੰਜਾਬੀ ਵੀ ਪਰਤ ਆਏ ਹਨ, ਜਿਨ੍ਹਾਂ ’ਚ ਜ਼ਿਆਦਾਤਰ ਸ੍ਰੀ ਅਨੰਦਪੁਰ ਸਾਹਿਬ ਜਾਂ ਨੇੜਲੇ ਇਲਾਕਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਨੂੰ ਏਜੰਟ ਗ਼ਲਤ ਢੰਗ ਨਾਲ ਦੁਬਈ ਲੈ ਕੇ ਗਿਆ ਤੇ ਉਥੋਂ ਇਨ੍ਹਾਂ ਨੂੰ ਲੀਬੀਆ ਭੇਜ ਦਿੱਤਾ ਗਿਆ, ਜਿਥੇ ਉਹ ਜਾਣਾ ਨਹੀਂ ਚਾਹੁੰਦੇ ਸਨ।

ਇਹ ਖ਼ਬਰ ਵੀ ਪੜ੍ਹੋ : ਗੋਇੰਦਵਾਲ ਸਾਹਿਬ ਜੇਲ੍ਹ ਗੈਂਗਵਾਰ ਵਾਇਰਲ ਵੀਡੀਓ ਮਾਮਲੇ ’ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ

PunjabKesari

ਇਸ ਦੌਰਾਨ ਇਨ੍ਹਾਂ ਨੂੰ ਉਥੇ ਬਹੁਤ ਦੁੱਖ ਝੱਲਣੇ ਪਏ। ਉਨ੍ਹਾਂ ਦੱਸਿਆ ਕਿ ਫਿਰ ਇਨ੍ਹਾਂ ਵੱਲੋਂ ਸਾਡੇ ਤਕ 3 ਫਰਵਰੀ ਨੂੰ ਪਹੁੰਚ ਕੀਤੀ ਗਈ, ਜਿਸ ’ਤੇ ਅਸੀਂ ਭਾਰਤ ਸਰਕਾਰ ਤੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਕਿਉਂਕਿ ਲੀਬੀਆ ’ਚ ਸਾਡੀ ਅੰਬੈਸੀ ਨਹੀਂ ਹੈ, ਇਸ ਲਈ ਟਿਊਨੀਸ਼ੀਆ ’ਚ ਸਾਡੇ ਇੰਚਾਰਜ ਪਰਮਜੀਤ ਸਿੰਘ ਨੇ ਇਨ੍ਹਾਂ ਨੂੰ ਰਾਸ਼ਨ ਤੇ ਪੈਸੇ ਦਿੱਤੇ। ਲੀਬੀਆ ਦੀ ਨਾਗਰਿਕ ਤਬੱਸੁਮ ਰਾਹੀਂ ਇਨ੍ਹਾਂ ਭਾਰਤ ਲਿਆਉਣ ’ਚ ਮਦਦ ਲਈ, ਜੋ 2 ਮਾਰਚ ਨੂੰ ਭਾਰਤ ਪਰਤ ਆਏ। ਲਾਲਪੁਰਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਵਾਂਗ ਹੋਰਾਂ ਨਾਲ ਠੱਗੀ ਨਾ ਹੋਵੇ, ਇਸ ਲਈ ਅਸੀਂ ਇਹ ਸਾਰਾ ਮਾਮਲਾ ਲੋਕਾਂ ਤਕ ਲਿਆਉਣਾ ਚਾਹੁੰਦੇ ਹਾਂ। ਲਾਲਪੁਰਾ ਨੇ ਦੱਸਿਆ ਕਿ ਇਨ੍ਹਾਂ ਨੂੰ ਵਿਦੇਸ਼ ਭੇਜਣ ਵਾਲੀ ਕੰਪਨੀ ਖ਼ਿਲਾਫ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ। ਇਸ ਦੌਰਾਨ ਲੀਬੀਆ ਤੋਂ ਪਰਤੇ ਸ੍ਰੀ ਅਨੰਦਪੁਰ ਸਾਹਿਬ ਦੇ ਇਕ ਨੌਜਵਾਨ ਨੇ ਦੱਸਿਆ ਕਿ ਏਜੰਟ ਉਨ੍ਹਾਂ ਨੂੰ ਦੁਬਈ ਲਿਜਾਣ ਦਾ ਕਹਿ ਕੇ ਲੈ ਕੇ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਖ਼ੁਫ਼ੀਆ ਏਜੰਸੀਆਂ ਦੇ ਰਾਡਾਰ ’ਤੇ ਅੰਮ੍ਰਿਤਪਾਲ, ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਦਾ ਵੇਰਵਾ ਹੋ ਰਿਹਾ ਤਿਆਰ

PunjabKesari

ਇਸ ਮਗਰੋਂ ਏਜੰਟ ਨੇ ਕਿਹਾ ਕਿ ਸਾਡਾ ਕੰਮ ਲੀਬੀਆ ’ਚ ਚੱਲ ਰਿਹਾ ਹੈ ਤੇ ਉਥੇ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ, ਨਹੀਂ ਤਾਂ ਸਾਨੂੰ ਘਰ ਭੇਜ ਦਿੱਤਾ ਜਾਵੇਗਾ। ਇਸ ’ਤੇ ਪੈਸਿਆਂ ਦੀ ਮਜਬੂਰੀ ਦੇ ਚੱਲਦਿਆਂ ਅਸੀਂ ਲੀਬੀਆ ਚਲੇ ਗਏ ਪਰ ਸਾਨੂੰ ਲੀਬੀਆ ਦੇਸ਼ ਬਾਰੇ ਕੁਝ ਵੀ ਨਹੀਂ ਪਤਾ ਸੀ। ਏਜੰਟ ਨੇ ਕਿਹਾ ਸੀ ਕਿ ਸਾਨੂੰ 800 ਡਾਲਰ ਤਨਖਾਹ ਦਿੱਤੀ ਜਾਵੇਗੀ। ਉਸ ਨੇ ਦੱਸਿਆ ਏਅਰਪੋਰਟ ’ਤੇ ਉਤਰਦਿਆਂ ਦਾ ਹੀ ਲੀਬੀਆ ਦੇ ਹਾਲਾਤ ਦਾ ਅੰਦਾਜ਼ਾ ਹੋ ਗਿਆ ਸੀ ਕਿ ਇਥੇ ਮਾਹੌਲ ਬਹੁਤ ਖ਼ਰਾਬ ਹੈ। ਕੰਪਨੀ ਵਾਲਿਆਂ ਨੇ ਸਾਡੇ ਪਾਸਪੋਰਟ ਖੋਹ ਲਏ। ਉਸ ਨੇ ਦੱਸਿਆ ਕਿ ਉਥੇ ਮਾਹੌਲ ਬਹੁਤ ਖ਼ਤਰਨਾਕ ਸੀ ਤੇ ਰੋਟੀ-ਪਾਣੀ ਕੁਝ ਵੀ ਨਹੀਂ ਮਿਲਦਾ ਸੀ। ਫਿਰ ਅੰਬੈਸੀ ਵਾਲੇ ਮੈਡਮ ਰਾਸ਼ਨ ਦੇ ਕੇ ਗਏ। ਉਸ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਥਾਣੇ ’ਚ ਦਿੱਲੀ ਦੇ ਏਜੰਟ ਖ਼ਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਅਸੀਂ ਆਪਣੇ ਦੇਸ਼ ’ਚ ਪੂਰੀ ਤਰ੍ਹਾਂ ਸੇਫ ਹਾਂ ਤੇ ਇਕਬਾਲ ਸਿੰਘ ਲਾਲਪੁਰਾ ਅਤੇ ਕੇਂਦਰ ਸਰਕਾਰ ਨੇ ਸਾਨੂੰ ਵਤਨ ਪਰਤਣ ’ਚ ਬਹੁਤ ਮਦਦ ਕੀਤੀ।    


author

Manoj

Content Editor

Related News