ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਆਸਟਰੇਲੀਆ ਰਹਿੰਦੇ ਪੰਜਾਬੀ ਨੌਜਵਾਨ ਨੇ ਕੀਤੀ ਆਤਮ ਹੱਤਿਆ

07/03/2017 3:22:02 PM

ਨਵਾਸ਼ਹਿਰ/ਮੈਲਬੌਰਨ,(ਅਰਸ਼ਦੀਪ)— ਚੰਗੀ ਜ਼ਿੰਦਗੀ ਅਤੇ ਰੋਜ਼ਗਾਰ ਦੀ ਭਾਲ 'ਚ ਪੰਜਾਬੀ ਨੌਜਵਾਨ ਪੀੜ੍ਹੀ ਹਰ ਰੋਜ਼ ਵਧੇਰੇ ਗਿਣਤੀ 'ਚ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ 'ਚ ਜਾ ਰਹੇ ਹਨ। ਇਸ ਤਰ੍ਹਾਂ ਹੀ ਚੰਗੀ ਜ਼ਿੰਦਗੀ ਅਤੇ ਕਮਾਈ ਕਰਨ ਲਈ ਪੰਜਾਬ ਤੋਂ ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਆਏ ਜਗਵੀਰ ਸਿੰਘ ਦੀ ਪਿਛਲੇ ਹਫਤੇ ਹੋਈ ਮੌਤ ਬਾਰੇ ਸੁਣ ਸਾਰੇ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਜਗਵੀਰ 2014 'ਚ ਸਟੂਡੈਂਟ ਵੀਜ਼ੇ 'ਤੇ ਨਵਾਂਸ਼ਹਿਰ ਦੇ ਪਿੰਡ ਸਹੂੰਗੜੇ ਤੋਂ ਮੈਲਬੌਰਨ ਆਇਆ ਸੀ। ਪਤਾ ਲੱਗਿਆ ਹੈ ਕਿ ਉਹ ਇਥੇ ਆਪਣੀ ਭੈਣ ਅਤੇ ਜੀਜੇ ਕੋਲ ਰਹਿੰਦਾ ਸੀ। ਉਸ ਨੇ ਆਪਣੀ ਪੜ੍ਹਾਈ ਖਤਮ ਕਰ ਲਈ ਸੀ ਅਤੇ ਟੈਂਪਰੈਰੀ ਰੈਜੀਡੈਂਸ (ਕੱਚੇ ਤੌਰ 'ਤੇ) ਪਾਉਣ ਬਾਰੇ ਸੋਚ ਰਿਹਾ ਸੀ। ਪਾਰਟ ਟਾਇਮ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਿਹਾ ਜਗਵੀਰ ਸਿੰਘ ਆਤਮ ਹੱਤਿਆ ਕਰ ਗਿਆ। 
ਪੁਲਸ ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਕਿ ਉਸ ਦੀ ਮੌਤ ਦਾ ਅਸਲ ਕਾਰਨ ਕੀ ਹੈ। ਆਪਣੇ ਖੁੱਲ੍ਹੇ ਸੁਭਾਅ ਤੇ ਉਦਾਰ ਦਿਲੀ ਵਜੋਂ ਜਾਣੇ ਜਾਂਦਾ ਜਗਵੀਰ ਆਪਣੇ ਪਰਿਵਾਰ ਦਾ ਇਕੋ ਇਕ ਪੁੱਤਰ ਤੇ ਆਪਣੀਆਂ ਦੋ ਭੈਣਾਂ ਦਾ ਵੀਰਾ ਸੀ। ਉਸਦੇ ਪਿਤਾ ਨੇ ਘਰ ਦੀ ਵਿੱਤੀ ਹਾਲਤ ਮੰਦੀ ਹੋਣ ਕਾਰਨ ਉਸ ਨੂੰ ਬੈਂਕਾਂ ਤੋਂ ਕਰਜ਼ਾ ਚੁੱਕ ਆਸਟਰੇਲੀਆ ਭੇਜਿਆ ਸੀ।
ਜਦੋਂ ਆਸਟਰੇਲੀਆ ਪੰਜਾਬੀ ਕਮਿਊਨਿਟੀ ਨੂੰ ਘਰ ਦੇ ਨਾਜ਼ੁਕ ਹਲਾਤਾਂ ਬਾਰੇ ਪਤਾ ਲੱਗਿਆ ਤੇ ਸਾਰਿਆਂ ਨੇ ਬਣਦੀ ਸਹਾਇਤਾ ਕਰਨ ਦਾ ਵਿਸ਼ਵਾਸ ਜਤਾਇਆ ਹੈ। ਜਗਵੀਰ ਦੀ ਦੇਹ ਪੰਜਾਬ ਵਾਪਸ ਭੇਜਣ ਲਈ 1000 ਆਸਟ੍ਰੇਲੀਅਨ ਡਾਲਰ ਲੱਗਣ ਦੀ ਉਮੀਦ ਹੈ। ਜਗਵੀਰ ਦੀ ਭੈਣ (ਨਰਿੰਦਰ ਕੌਰ) ਜੋ ਕਿ ਆਸਟਰੇਲੀਆ 'ਚ ਰਹਿੰਦੀ ਹੈ, ਉਸ ਨੇ ਪੰਜਾਬੀ ਭਾਈਚਾਰੇ ਤੋਂ ਮਦਦ ਦੀ ਗੁਹਾਰ ਲਗਾਈ ਹੈ।


Related News