ਮਲੇਸ਼ੀਆ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ ਵਿਚ ਪਰਿਵਾਰ
Monday, May 14, 2018 - 08:40 PM (IST)

ਕੁਆਲਾਲੰਪੁਰ/ਹਲਵਾਰਾ (ਮਨਦੀਪ)-ਹਲਵਾਰਾ ਦੇ ਇਕ ਵਿਅਕਤੀ ਦੀ ਮਲੇਸ਼ੀਆ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਜੋਗਿੰਦਰ ਸਿੰਘ (42) ਪੁੱਤਰ ਪਰਮਜੀਤ ਸਿੰਘ ਵਾਸੀ ਹਲਵਾਰਾ ਦੀ ਪਤਨੀ ਬਲਵੀਰ ਕੌਰ ਨੇ ਦੱਸਿਆ ਕਿ ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਜੋਗਿੰਦਰ ਸਿੰਘ ਪਿਛਲੇ ਸਾਲ ਮਲੇਸ਼ੀਆ ਗਿਆ ਸੀ। ਮਲੇਸ਼ੀਆ ਪੁਲਸ ਨੇ ਕੱਲ ਫੋਨ ਰਾਹੀਂ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਜੋਗਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਜੋਗਿੰਦਰ ਸਿੰਘ ਦੇ ਵਾਰਿਸਾਂ ਨੇ ਜ਼ਰੂਰੀ ਕਾਗਜ਼-ਪੱਤਰ ਭੇਜ ਦਿੱਤੇ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਤਾ, ਪਤਨੀ ਬਲਵੀਰ ਕੌਰ ਅਤੇ ਦੋ ਲੜਕੇ ਤੇ ਇੱਕ ਲੜਕੀ ਨੂੰ ਛੱਡ ਗਿਆ ਹੈ।
ਮ੍ਰਿਤਕ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪਤਨੀ ਬਲਵੀਰ ਕੌਰ ਸਮੇਤ ਸਾਬਕਾ ਸਰਪੰਚ ਸਰਬਜੀਤ ਸਿੰਘ ਨੇ ਕੇਂਦਰ ਤੇ ਸੂਬਾ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਜੋਗਿੰਦਰ ਸਿੰਘ ਦੀ ਮ੍ਰਿਤਕ ਦੇਹ ਜਲਦੀ ਭਾਰਤ ਲਿਆਂਦੀ ਜਾਵੇ ਅਤੇ ਨਾਲ ਹੀ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਜਾਵੇ ਤਾਂ ਜੋ ਉਸਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਮ੍ਰਿਤਕ ਦੇ ਤਾਇਆ ਕਰਤਾਰ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਮਲੇਸ਼ੀਆ ਵਿਖੇ ਹੋ ਗਿਆ ਹੈ ਤੇ ਉਸ ਦੀ ਦੇਹ ਨੂੰ ਆਉਂਦੇ ਦਿਨਾਂ 'ਚ ਉਨ੍ਹਾਂ ਸਬੰਧਿਤ ਕੰਪਨੀ ਵਲੋਂ ਵਾਪਸ ਭਾਰਤ ਭੇਜਣ ਸਬੰਧੀ ਕਿਹਾ।