ਇੰਗਲਿਸ਼ ਵਿੰਗਲਿਸ਼ : ਪੰਜਾਬੀ ਮਾਂ ਬੋਲੀ ਨੂੰ ਮੋੜ-ਮੋੜ ''ਤੇ ਇਮਤਿਹਾਨ

02/21/2020 5:31:20 PM

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ) : ਅੰਗਰੇਜ਼ੀ ਦਾ ਫੋਬੀਆ ਅਤੇ ਅੰਗਰੇਜ਼ੀ ਦੇ ਅੰਦਰ ਆਣ ਬਾਣ ਸ਼ਾਨ ਦੀ ਝਲਕ ਵੇਖਣਾ ਇਸ ਦੌਰ ਦਾ ਵੱਡਾ ਰੁਝਾਨ ਹੈ। ਇਸੇ ਸਿਲਸਿਲੇ 'ਚ ਪੰਜਾਬ ਸਰਕਾਰ ਦੇ ਸਿੱਖਿਆ ਮਹਿਕਮੇ ਨੇ ਸਮਾਰਟ ਸਕੂਲ ਸ਼ੁਰੂ ਕੀਤੇ ਸਨ। ਇਨ੍ਹਾਂ ਸਮਾਰਟ ਸਕੂਲਾਂ ਦੇ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਅੰਗਰੇਜ਼ੀ ਮਾਧਿਅਮ ਜ਼ਰੂਰੀ ਬਣਾਇਆ ਗਿਆ ਸੀ। ਜੋ ਕਿ ਬੱਚੇ ਦੇ ਬੁਨਿਆਦੀ ਅਧਿਕਾਰਾਂ ਦੀ ਹੱਦ ਨੂੰ ਚੁਣੌਤੀ ਦਿੰਦਾ ਸੀ।

ਇਸ ਸਿਲਸਿਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਐੱਚ. ਸੀ. ਅਰੋੜਾ ਨੇ ਪੰਜਾਬ ਸਟੇਟ ਚਾਈਲਡ ਰਾਈਟਸ ਪ੍ਰੋਟੈਕਸ਼ਨ ਕਮਿਸ਼ਨ ਕੋਲ ਇਸ ਫ਼ੈਸਲੇ ਨੂੰ ਪਟੀਸ਼ਨ ਮਾਰਫਤ ਚੁਣੌਤੀ ਦਿੱਤੀ। ਐੱਚ. ਸੀ. ਅਰੋੜਾ ਦੱਸਦੇ ਹਨ ਕਿ ਸੰਯੁਕਤ ਰਾਸ਼ਟਰ ਦੇ ਯੂਨੀਵਰਸਲ ਕਨਵੈਨਸ਼ਨ ਆਫ ਚਾਈਲਡ ਰਾਈਟਸ ਦੇ ਸਮਝੌਤੇ 'ਚ ਸੰਸਾਰ ਭਰ ਵਿੱਚ ਇਸ ਗੱਲ ਨੂੰ ਯਕੀਨੀ ਕੀਤਾ ਗਿਆ ਹੈ ਕਿ ਬੱਚੇ ਤੇ ਅਸੀਂ ਕੋਈ ਵੀ ਇੱਕ ਭਾਸ਼ਾ ਜਬਰਦਸਤੀ ਥੋਪ ਨਹੀਂ ਸਕਦੇ ਅਤੇ ਇਹ ਉਸ ਦੀ ਸਵੈ ਇੱਛਾ ਦਾ ਅਧਿਕਾਰ ਹੈ ਕਿ ਉਹ ਕਿਹੜੇ ਮਾਧਿਅਮ 'ਚ ਪੜ੍ਹਾਈ ਕਰਨਾ ਚਾਹੁੰਦਾ ਹੈ ਅਤੇ ਇਮਤਿਹਾਨ ਦੇਣਾ ਚਾਹੁੰਦਾ ਹੈ। ਇਸ ਸਮਝੌਤੇ 'ਤੇ ਭਾਰਤ ਨੇ ਵੀ ਦਸਤਖਤ ਕੀਤੇ ਹੋਏ ਹਨ। ਇਸੇ ਸਮਝੌਤੇ ਨੂੰ ਆਧਾਰ ਬਣਾ ਕੇ ਅਸੀਂ ਪੰਜਾਬ ਦੇ ਸਮਾਰਟ ਸਕੂਲਾਂ ਅੰਦਰ ਅੰਗਰੇਜ਼ੀ ਮਾਧਿਅਮ ਦੀ ਪੜ੍ਹਾਈ ਨੂੰ ਚੁਣੌਤੀ ਦਿੱਤੀ। ਇਸ ਬਾਰੇ 6 ਜਨਵਰੀ 2020 ਨੂੰ ਸਬੰਧਤ ਮਹਿਕਮੇ ਵੱਲੋਂ ਸਾਫ ਕੀਤਾ ਗਿਆ ਹੈ ਕਿ ਉਹ ਬੱਚੇ ਦੀ ਇੱਛਾ ਮੁਤਾਬਕ ਉਹਦੀ ਭਾਸ਼ਾ 'ਚ ਹੀ ਪੜ੍ਹਾਈ ਕਰਵਾਉਣਗੇ ।

ਅੰਗਰੇਜ਼ੀ ਵੈੱਬਸਾਈਟਾਂ ਦਾ ਕੀ ਕਰੀਏ ?
ਸੰਸਾਰ 'ਚ ਦੋ ਹੀ ਯੂਨੀਵਰਸਿਟੀਆਂ ਹਨ ਜਿਨ੍ਹਾਂ ਦਾ ਨਾਮਕਰਨ ਭਾਸ਼ਾ ਦੇ ਆਧਾਰ ਤੇ ਹੋਇਆ ਹੈ। ਇਨ੍ਹਾਂ 'ਚੋਂ ਇੱਕ ਯੂਨੀਵਰਸਿਟੀ ਹਿਬਰੂ ਯੂਨੀਵਰਸਿਟੀ ਹੈ ਅਤੇ ਦੂਜੀ ਪੰਜਾਬ ਦੇ ਪਟਿਆਲਾ 'ਚ ਬਣੀ ਪੰਜਾਬੀ ਯੂਨੀਵਰਸਿਟੀ (1962) ਹੈ। ਪੰਜਾਬੀ ਯੂਨੀਵਰਸਿਟੀ ਦਾ ਉਦੇਸ਼ ਪੰਜਾਬੀ ਦਾ ਪ੍ਰਚਾਰ ਤੇ ਪਸਾਰ ਸੀ। ਪੰਜਾਬੀ ਯੂਨੀਵਰਸਿਟੀ ਨੇ ਆਪਣੀ ਵੈੱਬਸਾਈਟ ਨੂੰ ਅੰਗਰੇਜ਼ੀ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ 'ਚ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ।

ਪਰ ਦੂਜੇ ਪਾਸੇ ਇਸੇ ਸਿਲਸਿਲੇ ਵਿੱਚ 500 ਸਾਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ (1969) ਹੋਂਦ ਵਿੱਚ ਆਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੈੱਬਸਾਈਟ ਫਿਲਹਾਲ ਅੰਗਰੇਜ਼ੀ 'ਚ ਹੈ। ਫਿਲਹਾਲ ਤੋਂ ਭਾਵ ਮਿੱਤਰ ਸੈਨ ਮੀਤ ਮੁਤਾਬਕ ਇਹ ਵੈੱਬਸਾਈਟ ਧਿਆਨ ਦਿਵਾਉਣ ਤੋਂ ਬਾਅਦ ਕਦੀ ਪੰਜਾਬੀ 'ਚ ਹੋ ਜਾਂਦੀ ਹੈ ਅਤੇ ਧਿਆਨ ਹਟਣ ਤੇ ਦੁਬਾਰਾ ਫਿਰ ਆਪਣੇ ਅੰਗਰੇਜ਼ੀ ਰੂਪ 'ਚ ਆ ਜਾਂਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀ ਪੰਜਾਬੀ ਵੈੱਬਸਾਈਟ ਬਣਾਈ ਹੋਈ ਹੈ ਪਰ ਉਸ ਦੇ ਅੰਦਰ ਅੱਗੇ ਖੁੱਲ੍ਹਦਾ ਸਾਰਾ ਮਸੌਦਾ ਸਮੱਗਰੀ ਅੰਗਰੇਜ਼ੀ 'ਚ ਹੀ ਹੈ । ਇਹ ਪੰਜਾਬੀ ਦੇ ਨਾਮ ਤੇ ਵੱਡਾ ਛਲਾਵਾ ਹੈ। ਇੰਜ ਹੀ ਪੰਜਾਬ ਦੇ ਹੋਰ ਅਦਾਰੇ ਭਾਵੇਂ ਉਹ ਡੀਸੀ ਦਫਤਰ ਹੋਵੇ ਬਿਜਲੀ ਮਹਿਕਮਾ ਹੋਵੇ ਜਾਂ ਪੰਜਾਬ ਦੇ ਪੰਜਾਬੀ ਬੋਲਦੇ ਕਿਸਾਨਾਂ ਦੀ ਖੇਤੀਬਾੜੀ ਯੂਨੀਵਰਸਿਟੀ (1962) ਲੁਧਿਆਣਾ ਹੀ ਕਿਉਂ ਨਾ ਹੋਵੇ ਇਨ੍ਹਾਂ ਦੀਆਂ ਸਾਰੀਆਂ ਵੈੱਬਸਾਈਟਾਂ ਅੰਗਰੇਜ਼ੀ ਵਿੱਚ ਹੀ ਬਾਦਸਤੂਰ ਚੱਲ ਰਹੀਆਂ ਹਨ।


Anuradha

Content Editor

Related News