ਪ੍ਰਵਾਸੀ ਲਾੜਿਆਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਪੰਜਾਬੀ ਧੀਆਂ ਚੁੱਪ ਨਾ ਬੈਠਣ

Monday, Mar 16, 2020 - 11:42 PM (IST)

ਪ੍ਰਵਾਸੀ ਲਾੜਿਆਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਪੰਜਾਬੀ ਧੀਆਂ ਚੁੱਪ ਨਾ ਬੈਠਣ

ਸੰਦੌੜ/ਸੰਗਰੂਰ,(ਰਿਖੀ) : ਪੰਜਾਬ ਦੇ ਹਰ ਕੋਨੇ 'ਚ ਵਿਦੇਸ਼ੀ ਡਾਲਰਾਂ ਦੀ ਚਮਕ ਨੇ ਇਸ ਹੱਦ ਤੱਕ ਪੈਰ ਪਸਾਰ ਲਏ ਹਨ ਕਿ ਹਰ ਕੋਈ ਐਨ. ਆਰ. ਆਈ ਬਣਨਾ ਚਾਹੁੰਦਾ ਹੈ ਭਾਂਵੇ ਇਸ ਚਾਹਤ ਨੂੰ ਪੂਰਾ ਕਰਨ ਦੇ ਲਈ ਕਿੰਨਾ ਵੀ ਖਤਰਾ ਮੁੱਲ ਲੈਣਾ ਪਵੇ ਅਤੇ ਕਈ ਸਮਾਜ ਦੇ ਮਾੜੇ ਲੋਕ ਆਮ ਲੋਕਾਂ ਦੀ ਅਜਿਹੀ ਸੋਚ ਦਾ ਲਾਭ ਵੀ ਉਠਾ ਜਾਂਦੇ ਹਨ ਅਤੇ ਅੱਜ ਕਿੰਨੀਆਂ ਹੀ ਪੰਜਾਬੀ ਧੀਆਂ ਦੇ ਨਾਲ ਵਿਦੇਸ਼ੀ ਲੜਕਿਆਂ ਵੱਲੋਂ ਧੋਖਾ ਕੀਤਾ ਜਾ ਚੁੱਕਿਆ ਹੈ, ਜੋ ਪੰਜਾਬ ਦੀਆਂ ਭੋਲੀਆਂ-ਭਾਲੀਆਂ ਲੜਕੀਆਂ ਦੇ ਨਾਲ ਵਿਆਹ ਕਰਵਾ ਕੇ ਅਜਿਹੇ ਉਡਾਰੀ ਮਾਰਦੇ ਹਨ ਕਿ ਮੁੜ ਵਾਪਿਸ ਨਹੀਂ ਪਰਤਦੇ। ਅਜਿਹੇ ਹੀ ਧੋਖੇ ਦਾ ਸ਼ਿਕਾਰ ਹੋਈਆਂ ਪੰਜਾਬ ਦੀਆਂ ਤਿੰਨ ਦਲੇਰ ਅਤੇ ਹਿੰਮਤੀ ਲੜਕੀਆਂ ਨੇ ਜਿੱਥੇ ਆਪਣੀ ਲੜਾਈ ਖੁਦ ਲੜੀ ਅਤੇ ਧੋਖੇਬਾਜ਼ ਲੜਕਿਆਂ ਨੂੰ ਸਬਕ ਸਿਖਾਇਆ ਅਤੇ ਹੁਣ 'ਅਜੇ ਤੱਕ ਜਿੰਦਾ' ਨਾਮੀ ਐਨ. ਜੀ. ਓ ਰਾਹੀ ਦੂਸਰਿਆਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕ ਰੱਖਿਆ ਹੈ।

ਪਿੰਡ ਸੁਲਤਾਨਪੁਰ ਬਧਰਾਵਾਂ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਰਮਨਦੀਪ ਕੌਰ, ਪ੍ਰਭਜੋਤ ਕੌਰ ਅਤੇ ਪਲਵਿੰਦਰ ਕੌਰ ਨੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਇਹ ਸੇਵਾ ਕਰ ਰਹੀਆਂ ਹਨ ਅਤੇ ਹੁਣ ਤੱਕ ਕਰੀਬ 300 ਲੜਕੀਆਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੇ ਮਸਲੇ ਹੱਲ ਕਰਵਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਐਨ. ਜੀ. ਓ. ਮੈਂਬਰਜ਼ ਪਾਸਪੋਰਟ ਦਫਤਰ ਜਲੰਧਰ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਬੈਠ ਕੇ ਵੀ ਲੜਕੀਆਂ ਨੂੰ ਵਿਦੇਸ਼ੀ ਲੜਕਿਆਂ ਪ੍ਰਤੀ ਕੋਈ ਵੀ ਰਿਸ਼ਤਾ ਬਣਾਉਣ ਤੋਂ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਜਿਹੜੀਆਂ ਵੀ ਲੜਕੀਆਂ ਨਾਲ ਅਜਿਹਾ ਧੋਖਾ ਹੋਇਆ ਹੈ ਉਹ ਚੁੱਪ ਨਾ ਬੈਠਣ ਸਗੋ ਸਾਡੀ ਐਨ. ਜੀ. ਓ ਨਾਲ ਸਪੰਰਕ ਕਰਨ ਅਤੇ ਅਸੀਂ ਉਨ੍ਹਾਂ ਦੀ ਅਜਾਜ਼ ਐਨ. ਆਰ. ਆਈ ਕਮਿਸ਼ਨ ਅਤੇ ਵੁਮੈਨ ਕਮਿਸ਼ਨ ਤੱਕ ਪਹੁੰਚਾ ਕੇ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਅੱਗੇ ਹੋ ਕੇ ਤੁਰਾਂਗੇ। ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਲੜਕੀਆਂ ਅਤੇ ਉਹਨਾਂ ਦੇ ਮਾਪੇ ਚੁੱਪ ਕਰਕੇ ਬੈਠ ਜਾਂਦੇ ਹਨ, ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਅਜਿਹੇ ਲੋਕਾਂ ਨੂੰ ਬਣਦੀ ਕਾਨੂੰਨੀ ਸਜ਼ਾ ਦਿਵਾ ਕੇ ਉਹਨਾਂ ਨੂੰ ਸਮਾਜ ਸਾਹਮਣੇ ਉਜਾਗਰ ਕਰਨਾ ਚਾਹੀਦਾ ਹੈ, ਨਹੀਂ ਤਾਂ ਪੰਜਾਬ ਦੀਆਂ ਧੀਆਂ ਨੂੰ ਖਿਡੌਣੇ ਸਮਝਣ ਵਾਲੇ ਇਹ ਵਿਦੇਸ਼ੀ ਲੜਕੇ ਕਿਸੇ ਹੋਰ ਲੜਕੀ ਦੀ ਜ਼ਿੰਦਗੀ ਬਰਬਾਦ ਕਰਨਗੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਖਾਂ ਮੀਚ ਕੇ ਵਿਦੇਸ਼ੀ ਲੜਕਿਆਂ 'ਤੇ ਭਰੋਸਾ ਨਾ ਕਰਨ ਸਗੋਂ ਪੂਰੀ ਜਾਂਚ ਪੜਤਾਲ ਉਪਰੰਤ ਹੀ ਕੋਈ ਫੈਸਲਾ ਲੈਣ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸੰਗਰੂਰ ਅਤੇ ਮਲੇਰਕੋਟਲਾ ਆਦਿ ਕਈ ਇਲਾਕਿਆਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਅਜਿਹੇ ਧੋਖੇਬਾਜ਼ ਵਿਦੇਸ਼ੀ ਲੜਕਿਆਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਉਣਗੇ। ਇਸ ਮੌਕੇ ਐਡਵੋਕੇਟ ਅਰਵਿੰਦਰਜੀਤ ਸਿੰਘ ਢਿੱਲੋਂ, ਐਡਵੋਕੇਟ ਪ੍ਰੀਤਇੰਦਰ ਸਿੰਘ ਸਿੱਧੂ, ਸ.ਭਗਵਾਨ ਸਿੰਘ ਗਿੱਲ ਅਤੇ ਸ.ਗੁਰਰੀਤ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ।


Related News