ਪੰਜਾਬੀ ਤੇ ਉਰਦੂ ਭਾਸ਼ਾ ਟੀਚਰਾਂ ਦੀ ਭਰਤੀ ਪ੍ਰਕਿਰਿਆ ਸਬੰਧੀ ਕੌਮੀ ਘਟਗਿਣਤੀ ਕਮਿਸ਼ਨ ’ਚ ਪਟੀਸ਼ਨ ਹੋਈ ਦਾਖ਼ਲ
Thursday, Jun 30, 2022 - 10:54 AM (IST)
ਜਲੰਧਰ (ਚਾਵਲਾ)-ਦਿੱਲੀ ਦੇ ਸਰਕਾਰੀ ਸਕੂਲਾਂ ’ਚ ਪੰਜਾਬੀ ਅਤੇ ਉਰਦੂ ਭਾਸ਼ਾ ਟੀਚਰਾਂ ਦੀਆਂ ਅਸਾਮੀਆਂ ਭਰਨ ਦੇ ਗਲਤ ਤਰੀਕੇ ਨੂੰ ਸੁਧਾਰਨ ਦੀ ਮੰਗ ਸਬੰਧੀ ਪੰਜਾਬੀ ਭਾਸ਼ਾ ਕਾਰਕੁੰਨ ਡਾ. ਪਰਮਿੰਦਰ ਪਾਲ ਸਿੰਘ ਵੱਲੋਂ ਕੌਮੀ ਘਟਗਿਣਤੀ ਕਮਿਸ਼ਨ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਐਡਵੋਕੇਟ ਅਜੈਪਾਲ ਸਿੰਘ ਵੱਲੋਂ ਤਿਆਰ ਕੀਤੀ ਗਈ ਪਟੀਸ਼ਨ ਵਿਚ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਭਾਸ਼ਾ ਦੇ ਟੀਚਰਾਂ ਦੀ 2021 ਵਿਚ ਹੋਈ ਭਰਤੀ ਪ੍ਰੀਖਿਆ ਉਪਰੰਤ ਦਿੱਲੀ ਅਧੀਨ ਸੇਵਾ ਚੋਣ ਬੋਰਡ (ਡੀ. ਐੱਸ. ਐੱਸ. ਐੱਸ. ਬੀ.) ਵੱਲੋਂ ਤਿਆਰ ਕੀਤੀਆਂ ਗਈਆਂ ਵੱਖ-ਵੱਖ ਮੈਰਿਟ ਸੂਚੀਆਂ ’ਚ ਸੋਧ ਕਰਵਾਉਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਪੰਜਾਬੀ ਭਾਸ਼ਾ ਲਾਜ਼ਮੀ ਪੜ੍ਹਾਉਣ ਦੇ ਟੀਚੇ ਦੀ ਪ੍ਰਾਪਤੀ ਹੋ ਸਕੇ।
ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਐਡਵੋਕੇਟ ਅਜੈ ਪਾਲ ਸਿੰਘ ਦੀ ਮੌਜੂਦਗੀ ਵਿਚ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਡਾ. ਪਰਮਿੰਦਰ ਪਾਲ ਸਿੰਘ ਵੱਲੋਂ ਪਟੀਸ਼ਨ ਦੀ ਕਾਪੀ ਸੌਂਪੀ ਗਈ। ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਇਕਬਾਲ ਸਿੰਘ ਲਾਲਪੁਰਾ ਵੱਲੋਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਦੋਸ਼ ਲਾਇਆ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੰਜਾਬੀ ਅਤੇ ਉਰਦੂ ਭਾਸ਼ਾ ਦੇ ਟੀਚਰਾਂ ਪ੍ਰਤੀ ਸੁਹਿਰਦ ਨਹੀਂ ਹੈ। ਪੰਜਾਬੀ ਤੇ ਉਰਦੂ ਭਾਸ਼ਾ ਟੀਚਰਾਂ ਦੀ ਭਰਤੀ ਨਾ ਕਰਨ ਦੀ ਮੰਸ਼ਾ ਨੂੰ ਲੈਕੇ ਗਲਤ ਤਰੀਕੇ ਨਾਲ ਪ੍ਰੀਖਿਆ ਕਰਵਾਈ ਗਈ ਸੀ, ਜਿਸ ਸਬੰਧੀ ਸਾਡੇ ਕੋਲ ਸਬੰਧਤ ਉਮੀਦਵਾਰਾਂ ਪਾਸੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੋਂ ਬਾਅਦ ਮੇਰੇ ਵੱਲੋਂ ਕੇਜਰੀਵਾਲ ਨੂੰ 13 ਜਨਵਰੀ 2022 ਨੂੰ ਇਸ ਬਾਰੇ ਪੱਤਰ ਲਿਖਿਆ ਗਿਆ ਸੀ। ਪਰ ਕੇਜਰੀਵਾਲ ਸਰਕਾਰ ਵੱਲੋਂ ਧਾਰੀ ਚੁੱਪ ਕਰ ਕੇ ਅੱਜ ਸਾਨੂੰ ਪਟੀਸ਼ਨ ਦਾਖ਼ਲ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਇਹ ਵੀ ਪੜ੍ਹੋ: ਜੇਲ੍ਹਾਂ ਨੂੰ ਸਵੈ-ਨਿਰਭਰ ਬਣਾਉਣ ਦੇ ਉਪਰਾਲੇ ਸ਼ੁਰੂ, 2 ਜੇਲ੍ਹ ਪੈਟਰੋਲ ਪੰਪਾਂ ਦਾ ਉਦਘਾਟਨ ਜੁਲਾਈ ’ਚ
ਡਾ. ਪਰਮਿੰਦਰ ਪਾਲ ਸਿੰਘ ਨੇ ਸਥਾਨਕ ਭਾਸ਼ਾ ਟੀਚਰਾਂ ਦੀ ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਨੂੰ ਦਿੱਤੇ ਗਏ ‘ਸਿੱਖਿਆ ਸ਼ਾਸਤਰ’ ਦੇ ਪਹਿਲੇ ਪੇਪਰ ’ਚ ਜਾਣਬੁੱਝ ਕੇ ਫੇਲ ਕਰਨ ਦਾ ਦਿੱਲੀ ਸਰਕਾਰ ’ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਦਿੱਲੀ ਅਧੀਨ ਸੇਵਾ ਚੋਣ ਬੋਰਡ ਨੇ ਭਾਸ਼ਾਈ ਟੀਚਰਾਂ ਨੂੰ ਪਹਿਲੇ ਪੇਪਰ ਵਿਚ ਜੋ 5 ਖੰਡ ਦਿੱਤੇ ਹਨ ਉਸ ਵਿਚ ਸਾਧਾਰਣ ਗਿਆਨ, ਕਾਰਨ ਦਸੋ, ਅੰਗਰੇਜ਼ੀ, ਗਣਿਤ ਤੇ ਹਿੰਦੀ ਵਿਸ਼ੇ ਦੇ 20-20 ਅੰਕਾਂ ਦੇ ਸਵਾਲ ਹਨ। ਜੋ ਕਿ ਪੰਜਾਬੀ ਤੇ ਉਰਦੂ ਭਾਸ਼ਾ ਮਾਹਿਰਾਂ ਨਾਲ ਮਜ਼ਾਕ ਹੈ।
ਇਹ ਵੀ ਪੜ੍ਹੋ: ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ, ਜਨਮਦਿਨ ਦੀ ਪਾਰਟੀ ਦੌਰਾਨ ਝਗੜੇ 'ਚ ਗਈ ਸੀ ਜਾਨ
ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਭਾਸ਼ਾ ਅਧਿਆਪਕਾਂ ਦੀ ਭਰਤੀ ਦੇ ਨਾਂ ’ਤੇ ਧੋਖਾ ਕਰ ਰਹੀ ਹੈ। 2017 ’ਚ ਟੀ. ਜੀ. ਟੀ. ਪੰਜਾਬੀ ਦੀਆਂ 214 ਪੋਸਟਾਂ ਲਈ ਹੋਈ ਪ੍ਰੀਖਿਆ ’ਚ ਸਿਰਫ 53 ਉਮੀਦਵਾਰ ਸਫ਼ਲ ਐਲਾਨੇ ਗਏ ਸਨ। ਇਸੇ ਤਰ੍ਹਾਂ 2021 ਵਿਚ ਟੀ. ਜੀ. ਟੀ. ਪੰਜਾਬੀ ਤੇ ਉਰਦੂ ਭਾਸ਼ਾ ਅਧਿਆਪਕਾਂ ਦੀ ਹੋਈ ਪ੍ਰੀਖਿਆ ਦੇ ਸਫ਼ਲ ਐਲਾਨੇ ਗਏ ਉਮੀਦਵਾਰਾਂ ਦੀ ਔਸਤ 10-15 ਫੀਸਦੀ ਦੇ ਕਰੀਬ ਹੀ ਦੱਸੀ ਜਾ ਰਹੀ ਹੈ। 2021 ਵਿਚ ਹੋਈ ਪ੍ਰੀਖਿਆ ਦੌਰਾਨ ਪੰਜਾਬੀ ਔਰਤ ਟੀਚਰਾਂ ਦੀ 492 ਅਸਾਮੀਆਂ ਵਿਚੋਂ ਸਿਰਫ਼ 72 ਪੋਸਟਾਂ ਭਰੀਆਂ ਗਈਆਂ ਹਨ ਜਦਕਿ 420 ਪੋਸਟਾਂ ਖਾਲੀ ਪਈਆਂ ਹਨ। ਇਸੇ ਤਰ੍ਹਾਂ 382 ਮਰਦ ਪੰਜਾਬੀ ਟੀਚਰਾਂ ਦੀ ਪੋਸਟਾਂ ਲਈ ਸਿਰਫ 66 ਉਮੀਦਵਾਰ ਪਾਸ ਹੋਏ ਹਨ, ਜਦਕਿ 316 ਪੋਸਟਾਂ ਖਾਲੀ ਹਨ। ਇਸ ਦੇ ਨਾਲ ਹੀ ਉਰਦੂ ਭਾਸ਼ਾ ਦੇ ਮਰਦ ਟੀਚਰਾਂ ਦੀ 346 ਪੋਸਟਾਂ ਉਤੇ 120 ਅਤੇ ਔਰਤ ਟੀਚਰਾਂ ਦੀ 571 ਪੋਸਟਾਂ ਲਈ ਸਿਰਫ 57 ਉਮੀਦਵਾਰ ਸਫ਼ਲ ਐਲਾਨੇ ਗਏ ਹਨ। ਜਦੋਂ ਅਸੀਂ ਪੰਜਾਬੀ ਤੇ ਉਰਦੂ ਭਾਸ਼ਾ ਅਧਿਆਪਕਾਂ ਦੀ ਵੱਡੀ ਤਾਦਾਦ ਵਿਚ ਪ੍ਰੀਖਿਆ ਵਿਚ ਕਾਮਯਾਬ ਨਹੀਂ ਹੋਣ ਦੇ ਕਾਰਨਾਂ ਦੀ ਘੋਖ ਕੀਤੀ ਤਾਂ ਪਤਾ ਲੱਗਿਆ ਕਿ ਦਿੱਲੀ ਅਧੀਨ ਸੇਵਾ ਚੋਣ ਬੋਰਡ ਦੇ ਪ੍ਰੀਖਿਆ ਕਰਵਾਉਣ ਦੇ ਤਰੀਕੇ ਵਿਚ ਵੱਡੀ ਕਮੀ ਹੈ।
ਇਹ ਵੀ ਪੜ੍ਹੋ: ਤਲਾਕਸ਼ੁਦਾ ਔਰਤ ਨੂੰ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ,ਜਬਰ-ਜ਼ਿਨਾਹ ਕਰਕੇ ਗਰਭਵਤੀ ਹੋਣ ਮਗਰੋਂ ਕੀਤਾ ਇਹ ਕਾਰਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ