ਅੱਤਵਾਦੀਆਂ ਦੇ ਨਿਸ਼ਾਨੇ ''ਤੇ ਪੰਜਾਬ ਦੇ ਨੌਜਵਾਨ! ਪੜ੍ਹੋ ਵਿਸ਼ੇਸ਼ ਰਿਪੋਰਟ
Tuesday, Nov 26, 2024 - 01:36 PM (IST)
ਲੁਧਿਆਣਾ (ਪੰਕਜ)- ਸ਼ਨੀਵਾਰ ਦੇਰ ਰਾਤ ਨੂੰ ਮੋਟਰਸਾਈਕਲ ਸਵਾਰ 2 ਮੁਲਜ਼ਮਾਂ ਵੱਲੋਂ ਅੰਮ੍ਰਿਤਸਰ ਅਧੀਨ ਪੈਂਦੇ ਅਜਨਾਲਾ ਪੁਲਸ ਥਾਣੇ ਦੀ ਕੰਧ ਨਾਲ ਰੱਖੀ ਧਮਾਕਾਖੇਜ ਸਮੱਗਰੀ ਦੇ ਮਾਮਲੇ ’ਚ ਜਾਂਚ ’ਚ ਜੁਟੀ ਪੁਲਸ ਦੇ ਸ਼ੱਕ ਦੀ ਸੂਈ ਵਿਦੇਸ਼ ’ਚ ਬੈਠ ਕੇ ਭਾਰਤ ਵਿਚ ਆਪਣੇ ਹੈਂਡਲਰਾਂ ਦੀ ਮਦਦ ਨਾਲ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿਵਾਉਣ ’ਚ ਜੁਟੇ ਗੈਂਗਸਟਰ ਹੈਪੀ ਪਰਸ਼ੀਆ ਵੱਲ ਘੁੰਮਦੀ ਨਜ਼ਰ ਆ ਰਹੀ ਹੈ। ਇਹ ਗੱਲ ਵੀ ਵਿਸ਼ੇਸ਼ ਧਿਆਨ ਦੇਣ ਯੋਗ ਹੈ ਕਿ ਅੱਤਵਾਦੀਆਂ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਵਰਤਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 35 ਲੱਖ ਲੋਕਾਂ ਨੂੰ ਮਿਲੇਗਾ ਖ਼ਾਸ ਤੋਹਫ਼ਾ! List 'ਚ ਆ ਗਿਆ ਨਾਂ
ਅਸਲ ’ਚ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ-10 ’ਚ ਸਥਿਤ ਇਕ ਕੋਠੀ ’ਚ ਹੈਂਡ ਗ੍ਰੇਨੇਡ ਸੁੱਟ ਕੇ ਧਮਾਕਾ ਕਰਵਾਉਣ ਦੇ ਮਾਮਲੇ ’ਚ ਫੜੇ ਗਏ ਮੁਲਜ਼ਮਾਂ ਤੋਂ ਹੋਈ ਪੁੱਛਗਿੱਛ ਤੋਂ ਬਾਅਦ ਵਿਦੇਸ਼ ’ਚ ਸਰਗਰਮ ਹੈਪੀ ਪਰਸ਼ੀਆ ਦਾ ਨਾਂ ਸਾਹਮਣੇ ਆਇਆ ਸੀ।
ਇੰਨਾ ਹੀ ਨਹੀਂ, ਖੁਦ ਵੀ ਹੈਪੀ ਪਰਸ਼ੀਆ ਨੇ ਸੋਸ਼ਲ ਮੀਡੀਆ ’ਤੇ ਇਸ ਧਮਾਕੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਪੰਜਾਬ ਪੁਲਸ ਦੇ ਇਕ ਐੱਸ. ਪੀ. ਨੂੰ ਆਪਣਾ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਸੀ। ਜ਼ਿਆਦਾਤਰ ਸਮਾਂ ਅੰਮ੍ਰਿਤਸਰ ਏਰੀਆ ’ਚ ਡਿਊਟੀ ਨਿਭਾਉਣ ਵਾਲਾ ਉਕਤ ਐੱਸ. ਪੀ. ਜੋ ਕਿ ਪਹਿਲਾਂ ਉਸੇ ਕੋਠੀ ’ਚ ਰਹਿੰਦਾ ਸੀ, ਜਿਸ ਵਿਚ ਗ੍ਰੇਨੇਡ ਸੁੱਟ ਕੇ ਧਮਾਕਾ ਕੀਤਾ ਗਿਆ ਸੀ, ਨੇ ਕੁਝ ਮਹੀਨੇ ਪਹਿਲਾਂ ਹੀ ਉਥੋਂ ਸ਼ਿਫਟ ਕੀਤਾ ਸੀ।
ਇਸ ਗ੍ਰੇਨੇਡ ਹਮਲੇ ਤੋਂ ਬਾਅਦ ਹੈਪੀ ਪਰਸ਼ੀਆ ਦਾ ਨਾਂ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਬਾਰਡਰ ਏਰੀਆ ’ਚ ਇਕ ਸ਼ਖਸ ਦੇ ਹੋਏ ਬੇਦਰਦੀ ਨਾਲ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਹੈਪੀ ਨੇ ਮ੍ਰਿਤਕ ’ਤੇ ਪੁਲਸ ਦਾ ਮੁਖ਼ਬਰ ਹੋਣ ਦਾ ਦੋਸ਼ ਲਾਇਆ ਸੀ।
ਅਜਿਹਾ ਨਹੀਂ ਹੈ ਕਿ ਪੰਜਾਬ ’ਚ ਪਹਿਲੀ ਵਾਰ ਪੁਲਸ ਥਾਣੇ ਨੂੰ ਨਿਸ਼ਾਨਾ ਬਣਾਉਣ ਦੀ ਨੀਅਤ ਨਾਲ ਅਜਨਾਲਾ ਪੁਲਸ ਥਾਣੇ ਦੀ ਕੰਧ ਨਾਲ ਧਮਾਕਾਖੇਜ ਸਮੱਗਰੀ ਰੱਖੀ ਗਈ ਸੀ, ਸਗੋਂ ਇਸ ਤੋਂ ਪਹਿਲਾਂ ਵੀ ਪੰਜਾਬ ’ਚ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਕਈ ਯਤਨ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਮੋਹਾਲੀ ’ਚ ਸਥਿਤ ਕਾਊਂਟਰ ਇੰਟੈਲੀਜੈਂਸ ਦੇ ਹੈੱਡ ਆਫਿਸ ਨੂੰ ਉਡਾਉਣ ਦੀ ਸਾਜ਼ਿਸ਼ ਤਹਿਤ ਰਾਕੇਟ ਲਾਂਚਰ ਨਾਲ ਨਿਸ਼ਾਨਾ ਬਣਾਉਣ ਤੋਂ ਇਲਾਵਾ ਨਵਾਂਸ਼ਹਿਰ ਅਤੇ ਸਹਰਾਲੀ ਦੇ ਪੁਲਸ ਥਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਅੱਤਵਾਦੀਆਂ ਵੱਲੋਂ ਆਪਣੇ ਹੈਂਡਲਰਾਂ ਦੀ ਮਦਦ ਨਾਲ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿਵਾਇਆ ਜਾ ਚੁੱਕਾ ਹੈ।
ਬੇਸ਼ੱਕ ਇਨ੍ਹਾਂ ਘਟਨਾਵਾਂ ’ਚ ਸ਼ਾਮਲ ਮੁਲਜ਼ਮਾਂ ਨੂੰ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਇਨ੍ਹਾਂ ’ਚ ਸਿੱਧੇ ਤੌਰ ’ਤੇ ਕੈਨੇਡਾ ’ਚ ਰਹਿ ਰਹੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਹਰੀਕੇ, ਜਿਸ ਨੂੰ ਭਾਰਤ ਸਰਕਾਰ ਅੱਤਵਾਦੀ ਐਲਾਨ ਚੁੱਕੀ ਹੈ, ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਨੇ ਲੋਕਾਂ ਦੇ ਖ਼ਾਤਿਆਂ 'ਚ ਪਾਏ ਪੈਸੇ, ਤੁਸੀਂ ਵੀ ਹੁਣੇ ਚੈੱਕ ਕਰੋ ਆਪਣਾ Balance
ਲੰਡਾ ਹਰੀਕੇ ਜੋ ਕਿ ਖਾਲਿਸਤਾਨੀ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ, ਪਿਛਲੇ ਕਈ ਸਾਲਾਂ ਤੋਂ ਪੰਜਾਬ ’ਚ ਕੰਟ੍ਰੈਕਟ ਕਿਲਿੰਗ, ਸਰਹੱਦ ਪਾਰੋਂ ਹਥਿਆਰ, ਨਸ਼ਿਆਂ ਅਤੇ ਧਮਾਕਾਖੇਜ ਸਮੱਗਰੀ ਦੀ ਖੇਪ ਦੀ ਸਮੱਗÇਲਿੰਗ ਦੇ ਨਾਲ ਸੂਬੇ ’ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿਵਾਉਣ ਦੇ ਕਈ ਮਾਮਲੇ ਦਰਜ ਹਨ ਪਰ ਚੰਡੀਗੜ੍ਹ ਦੀ ਕੋਠੀ ’ਚ ਹੋਏ ਗ੍ਰੇਨੇਡ ਹਮਲੇ ਅਤੇ ਹੁਣ ਅਜਨਾਲਾ ਪੁਲਸ ਥਾਣੇ ਨੂੰ ਉਡਾਉਣ ਦੀ ਸਾਜ਼ਿਸ਼ ਰਚਣ ਦੀ ਜ਼ਿੰਮੇਵਾਰੀ ਮੁਲਜ਼ਮ ਹੈਪੀ ਪਰਸ਼ੀਆ ਵੱਲੋਂ ਲੈਣ ਤੋਂ ਬਾਅਦ ਪੰਜਾਬ ਪੁਲਸ ਅਤੇ ਦੂਜੀਆਂ ਜਾਂਚ ਏਜੰਸੀਆਂ ਦੇ ਨਿਸ਼ਾਨੇ ’ਤੇ ਵਿਦੇਸ਼ ’ਚ ਬੈਠਾ ਉਕਤ ਗੈਂਗਸਟਰ ਆ ਚੁੱਕਾ ਹੈ।
ਅਜਨਾਲਾ ਮਾਮਲੇ ’ਚ ਜਾਂਚ ਵਿਚ ਜੁਟੀ ਪੁਲਸ ਦੇ ਹੱਥ ਲੱਗੀ ਸੀ. ਸੀ. ਟੀ. ਵੀ. ਫੁਟੇਜ ’ਚ ਮੋਟਰਸਾਈਕਲ ਸਵਾਰ ਦੋ ਸ਼ਖਸ, ਜਿਨ੍ਹਾਂ ਨੇ ਚਿਹਰਿਆਂ ’ਤੇ ਸ਼ਾਲ ਲਪੇਟੀ ਹੋਈ ਹੈ ਅਤੇ ਉਨ੍ਹਾਂ ’ਚੋਂ ਇਕ ਥੱਲੇ ਉਤਰ ਕੇ ਧਮਾਕਾਖੇਜ ਸਮੱਗਰੀ ਰੱਖਦਾ ਸਾਫ ਦੇਖਿਆ ਜਾ ਰਿਹਾ ਹੈ, ਦੇ ਗ੍ਰਿਫਤ ’ਚ ਆਉਣ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਮੁਲਜ਼ਮਾਂ ਨੇ ਕਿਸ ਦੇ ਇਸ਼ਾਰੇ ’ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
ਅੱਤਵਾਦੀਆਂ ਦੇ ਨਿਸ਼ਾਨੇ ’ਤੇ ਬੇਰੋਜ਼ਗਾਰ ਨੌਜਵਾਨ
ਪਿਛਲੇ ਕੁਝ ਸਮੇਂ ਅਦੰਰ ਪੰਜਾਬ ’ਚ ਹੋਈਆਂ ਅਜਿਹੀਆਂ ਘਟਨਾਵਾਂ ’ਚ ਫੜੇ ਗਏ ਜ਼ਿਆਦਾਤਰ ਮੁਲਜ਼ਮ ਨਾ ਸਿਰਫ ਘੱਟ ਉਮਰ ਦੇ ਹਨ, ਸਗੋਂ ਬੇਰੋਜ਼ਗਾਰੀ ਨਾਲ ਜੂਝ ਰਹੇ ਹਨ। ਇਨ੍ਹਾਂ ਨੌਜਵਾਨਾਂ ਦੇ ਘਰਾਂ ਦੀ ਆਰਥਿਕ ਹਾਲਤ ਵੀ ਚੰਗੀ ਨਹੀਂ ਸੀ। ਲੁਧਿਆਣਾ ’ਚ ਸ਼ਿਵ ਸੈਨਾ ਨੇਤਾਵਾਂ ਦੇ ਘਰਾਂ ’ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੇ ਮਾਮਲੇ ’ਚ ਫੜੇ ਗਏ ਮੁਲਜ਼ਮਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਸੀ, ਜਿਸ ਤੋਂ ਸਾਫ ਹੈ ਕਿ ਸੋਸ਼ਲ ਮੀਡੀਆ ਜ਼ਰੀਏ ਵਿਦੇਸ਼ਾਂ ’ਚ ਸਰਗਰਮ ਅੱਤਵਾਦੀ ਜਾਂ ਗੈਂਗਸਟਰ ਅਨਪੜ੍ਹ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾ ਕੇ ਉਨ੍ਹਾਂ ਤੋਂ ਗੰਭੀਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿਵਾਉਣ ਦੀ ਖੇਡ ਖੇਡ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8