ਪੰਜਾਬ ਯੂਥ ਕਾਂਗਰਸ ਚੋਣਾਂ ਲਈ ਮੰਤਰੀਆਂ ਤੇ ਵਿਧਾਇਕਾਂ ਦੇ ''ਕਾਕੇ'' ਮੈਦਾਨ ''ਚ

11/18/2019 9:24:30 PM

ਪਟਿਆਲਾ,(ਰਾਜੇਸ਼ ਪੰਜੌਲਾ): ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੀਆਂ ਚੋਣਾਂ ਲਈ ਮੰਤਰੀਆਂ, ਵਿਧਾਇਕਾਂ, ਮੁੱਖ ਮੰਤਰੀ ਦੇ ਸਲਾਹਕਾਰਾਂ ਤੇ ਓ. ਐੱਸ. ਡੀਜ਼ ਦੇ 'ਕਾਕੇ' ਜਾਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਮੈਦਾਨ 'ਚ ਹਨ। ਆਲ ਇੰਡੀਆ ਯੂਥ ਕਾਂਗਰਸ ਵੱਲੋਂ ਸੂਬਾ ਪ੍ਰਧਾਨਗੀ ਦੀ ਚੋਣ ਲਈ ਜੋ ਪ੍ਰਫਾਰਮਰਜ਼ ਲਿਸਟ ਜਾਰੀ ਕੀਤੀ ਗਈ ਹੈ, ਉਸ 'ਚ ਰੋਪੜ ਦੇ ਬਰਿੰਦਰ ਢਿੱਲੋਂ, ਸੰਗਰੂਰ ਦੇ ਦਮਨ ਬਾਜਵਾ, ਪਟਿਆਲਾ ਦੇ ਧਨਵੰਤ ਸਿੰਘ ਜਿੰਮੀ ਡਕਾਲਾ, ਲੁਧਿਆਣਾ ਦੇ ਇਕਬਾਲ ਸਿੰਘ ਗਰੇਵਾਲ, ਮੋਗਾ ਦੇ ਜਸਵਿੰਦਰ ਜੱਸੀ, ਲੁਧਿਆਣਾ ਦੇ ਪਰਵਿੰਦਰ ਲਾਪਰਾਂ, ਪਟਿਆਲਾ ਦੇ ਬੰਨੀ ਖਹਿਰਾ ਤੇ ਮੋਹਾਲੀ ਦੇ ਗੁਰਜੋਤ ਢੀਂਡਸਾ ਮੈਦਾਨ 'ਚ ਹਨ।
ਇਸੇ ਤਰ੍ਹਾਂ ਸੂਬਾ ਜਨਰਲ ਸਕੱਤਰ ਦੀਆਂ ਚੋਣਾਂ 'ਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਸਪੁੱਤਰ ਤੇ ਪੰਜਾਬ ਯੂਥ ਕਾਂਗਰਸ ਦੇ ਮੌਜੂਦਾ ਜਨਰਲ ਸਕੱਤਰ ਮੋਹਿਤ ਮਹਿੰਦਰਾ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਸਪੁੱਤਰ ਤੇ ਮਾਲ ਮੰਤਰੀ ਸੁੱਖ ਸਰਕਾਰੀਆ ਦੇ ਸਪੁੱਤਰ ਸਮੇਤ ਕਈ ਵਿਧਾਇਕਾਂ ਦੇ ਨਜ਼ਦੀਕੀ ਰਿਸ਼ਤੇਦਾਰ ਮੈਦਾਨ 'ਚ ਹਨ। ਸੂਤਰਾਂ ਅਨੁਸਾਰ ਰੋਪੜ ਦੇ ਵਰਿੰਦਰ ਸਿੰਘ ਢਿੱਲੋਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਕੈ. ਸੰਦੀਪ ਸੰਧੂ ਦਾ ਅਸ਼ੀਰਵਾਦ ਹੈ ਜਦੋਂ ਕਿ ਸੰਗਰੂਰ ਦੇ ਦਮਨ ਬਾਜਵਾ ਨੂੰ ਮੁੱਖ ਮੰਤਰੀ ਦੇ ਓ. ਐੱਸ. ਡੀ. ਮੇਜਰ ਅਮਰਦੀਪ ਸਿੰਘ ਦਾ। ਲੁਧਿਆਣਾ ਦੇ ਇਕਬਾਲ ਸਿੰਘ ਗਰੇਵਾਲ ਨੂੰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸਭ ਤੋਂ ਅਤਿ ਨਜ਼ਦੀਕੀ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਦਾ ਅਸ਼ੀਰਵਾਦ ਪ੍ਰਾਪਤ ਹੈ। ਇਕਬਾਲ ਸਿੰਘ ਗਰੇਵਾਲ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਦੇ ਸਪੁੱਤਰ ਬਿਕਰਮਜੀਤਇੰਦਰ ਸਿੰਘ ਦੇ ਸਾਲੇ ਹਨ। ਮੌਜੂਦਾ ਸਮੇਂ ਉਹ ਕਾਂਗਰਸ ਦੇ ਵਿਦਿਆਰਥੀ ਸੰਗਠਨ ਐੱਨ. ਐੱਸ. ਯੂ. ਆਈ. ਦੇ ਆਲ ਇੰਡੀਆ ਸਕੱਤਰ ਹਨ।

ਪਟਿਆਲਾ 'ਚ ਜੀਜਾ-ਸਾਲਾ ਆਹਮੋ-ਸਾਹਮਣੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲਾ ਪਟਿਆਲਾ ਦਿਹਾਤੀ ਦੀ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਬੜੀ ਦਿਲਚਸਪ ਸਥਿਤੀ ਬਣ ਗਈ ਹੈ। ਇਥੇ ਜੀਜਾ-ਸਾਲਾ ਆਹਮੋ-ਸਾਹਮਣੇ ਹੋ ਗਏ ਹਨ। ਜ਼ਿਲਾ ਪਟਿਆਲਾ ਦਿਹਾਤੀ ਦੇ ਦੋ ਦਹਾਕਾ ਪ੍ਰਧਾਨ ਰਹੇ ਅਤੇ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਸਪੁੱਤਰ ਨਿਰਭੈ ਸਿੰਘ ਮਿਲਟੀ ਜ਼ਿਲਾ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ। ਨਾਮਜ਼ਦਗੀ ਦਾਖਲ ਕਰਨ ਦੇ ਆਖਰੀ ਦਿਨ ਬਿਲਕੁਲ ਆਖਰੀ ਮੌਕੇ 'ਤੇ ਮਿਲਟੀ ਦੇ ਸਾਲੇ ਅਤੇ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਗਗਨਦੀਪ ਸਿੰਘ ਜੌਲੀ ਜਲਾਲਪੁਰ ਨੇ ਵੀ ਜ਼ਿਲਾ ਪ੍ਰਧਾਨਗੀ ਲਈ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਹ ਗੱਲ ਸਮਝ ਨਹੀਂ ਆ ਰਹੀ ਕਿ ਦੋਵਾਂ ਨੇ ਆਪਸੀ ਅੰਡਰ ਸਟੈਂਡਿੰਗ ਨਾਲ ਇਹ ਨਾਮਜ਼ਦਗੀ ਪੱਤਰ ਭਰੇ ਹਨ ਜਾਂ ਕੋਈ ਹੋਰ ਗੱਲ ਹੈ?
 

ਪਟਿਆਲਾ ਸ਼ਹਿਰੀ ਜ਼ਿਲਾ ਪ੍ਰਧਾਨਗੀ 'ਤੇ ਸੰਜੀਵ ਸ਼ਰਮਾ ਕਾਲੂ ਦਾ ਕਾਬਜ਼ ਹੋਣਾ ਤੈਅ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲਾ ਪਟਿਆਲਾ ਸ਼ਹਿਰੀ ਯੂਥ ਕਾਂਗਰਸ ਦੀ ਪ੍ਰਧਾਨਗੀ 'ਤੇ ਲੋਕ ਸਭਾ ਹਲਕਾ ਪਟਿਆਲਾ ਯੂਥ ਕਾਂਗਰਸ ਦੇ ਸੀਨੀਅਰ ਮੀਤ-ਪ੍ਰਧਾਨ ਰਹੇ ਸੰਜੀਵ ਸ਼ਰਮਾ ਕਾਲੂ ਦਾ ਕਾਬਜ਼ ਹੋਣਾ ਤੈਅ ਹੋ ਗਿਆ ਹੈ। ਸੰਜੀਵ ਸ਼ਰਮਾ ਖਿਲਾਫ ਕਿਸੇ ਨੇ ਵੀ ਨਾਮਜ਼ਦਗੀ ਪੱਤਰ ਨਹੀਂ ਭਰਿਆ। ਸੂਤਰਾਂ ਅਨੁਸਾਰ ਸ਼ਰਮਾ ਨੇ ਪਟਿਆਲਾ ਦਿਹਾਤੀ ਵਿਧਾਨ ਹਲਕੇ ਵਿਚ 16 ਹਜ਼ਾਰ ਤੋਂ ਵੱਧ ਦੀ ਭਰਤੀ ਕੀਤੀ ਹੋਈ ਸੀ। ਪਟਿਆਲਾ ਸ਼ਹਿਰੀ ਵਿਧਾਨ ਸਭਾ ਹਲਕੇ ਵਿਚ 6500 ਦੇ ਲਗਭਗ ਭਰਤੀ ਕੀਤੀ ਹੋਈ ਹੈ। ਜ਼ਿਲਾ ਪਟਿਆਲਾ ਸ਼ਹਿਰੀ ਵਿਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦਾ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਹਲਕਾ ਪਟਿਆਲਾ ਦਿਹਾਤੀ ਆਉਂਦਾ ਹੈ। ਇਸ ਚੋਣ ਤੋਂ ਇੰਝ ਲਗਦਾ ਹੈ ਕਿ ਜਿਵੇਂ ਆਪਸੀ ਸਹਿਮਤੀ ਨਾਲ ਜਾਂ ਸੰਜੀਵ ਸ਼ਰਮਾ ਕਾਲੂ ਦੀ ਵੱਧ ਭਰਤੀ ਕਾਰਨ ਕਿਸੇ ਹੋਰ ਨੇ ਕਾਗਜ਼ ਨਾ ਭਰਿਆ ਹੋਵੇ।


Related News