ਪੰਜਾਬ ਨੇ ਪਹਿਲੀ ਵਾਰ ਜਿੱਤੀ ਸਈਅਦ ਮੁਸ਼ਤਾਕ ਅਲੀ ਟਰਾਫੀ, ਅਨਮੋਲ ਤੇ ਅਰਸ਼ਦੀਪ ਰਹੇ ਜਿੱਤ ਦੇ ਹੀਰੋ

11/06/2023 11:24:45 PM

ਮੋਹਾਲੀ (ਭਾਸ਼ਾ): ਅਨਮੋਲਪ੍ਰੀਤ ਸਿੰਘ ਦੇ ਧਮਾਕੇਦਾਰ ਸੈਂਕੜੇ ਅਤੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਤਜ਼ਰਬੇ ਦੀ ਬਦੌਲਤ ਪੰਜਾਬ ਨੇ ਸੋਮਵਾਰ ਨੂੰ ਇੱਥੇ ਬੜੌਦਾ ਨੂੰ 20 ਦੌੜਾਂ ਨਾਲ ਹਰਾ ਕੇ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੀ ਪਹਿਲੀ ਟਰਾਫੀ ਜਿੱਤ ਲਈ। ਅਨਮੋਲਪ੍ਰੀਤ ਨੇ 61 ਗੇਂਦਾਂ 'ਤੇ 113 ਦੌੜਾਂ ਬਣਾਈਆਂ ਜਦਕਿ ਨੇਹਲ ਵਢੇਰਾ ਨੇ 27 ਗੇਂਦਾਂ 'ਤੇ 61 ਦੌੜਾਂ ਬਣਾਈਆਂ ਜਿਸ ਨਾਲ ਪੰਜਾਬ ਨੇ 20 ਓਵਰਾਂ 'ਚ ਚਾਰ ਵਿਕਟਾਂ 'ਤੇ 223 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਜਵਾਬ ਵਿਚ ਬੜੌਦਾ ਦੀ ਟੀਮ 7 ਵਿਕਟਾਂ ’ਤੇ 203 ਦੌੜਾਂ ਹੀ ਬਣਾ ਸਕੀ, ਜਿਸ ਵਿਚ ਖੱਬੇ ਹੱਥ ਦੇ ਗੇਂਦਬਾਜ਼ ਅਰਸ਼ਦੀਪ (23 ਦੌੜਾਂ ’ਤੇ ਚਾਰ ਵਿਕਟਾਂ) ਨੇ ਅਹਿਮ ਭੂਮਿਕਾ ਨਿਭਾਈ, ਜਿਸ ਨੇ 19ਵੇਂ ਓਵਰ ਵਿਚ ਤਿੰਨ ਵਿਕਟਾਂ ਲੈ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਪੰਜਾਬ ਨੇ ਆਖ਼ਰੀ 21 ਗੇਂਦਾਂ 'ਤੇ 9 ਛੱਕੇ ਅਤੇ ਤਿੰਨ ਚੌਕੇ ਜੜੇ ਜਿਸ ਦੀ ਬਦੌਲਤ ਟੀਮ ਨੇ ਆਖ਼ਰੀ 10 ਓਵਰਾਂ 'ਚ 143 ਦੌੜਾਂ ਬਣਾਈਆਂ, ਜੋ ਅਰਸ਼ਦੀਪ ਦੀ ਗੇਂਦਬਾਜ਼ੀ ਤੋਂ ਇਲਾਵਾ ਖ਼ਿਤਾਬ ਜਿੱਤਣ ਵਾਲੀ ਟੀਮ 'ਚ ਫੈਸਲਾਕੁੰਨ ਰਹੀ । 

ਇਹ ਖ਼ਬਰ ਵੀ ਪੜ੍ਹੋ - ਕੋਟਕਪੂਰਾ ਗੋਲ਼ੀਕਾਂਡ ਨੂੰ ਲੈ ਕੇ ਵੱਡੀ ਖ਼ਬਰ, 8 ਸਾਲਾਂ ਦੇ ਵਕਫ਼ੇ ਮਗਰੋਂ ਸੁਣਵਾਈ ਸ਼ੁਰੂ ਹੋਣ ਦੀ ਸੰਭਾਵਨਾ

ਚਾਰ ਵਾਰ ਫਾਈਨਲ 'ਚ ਪਹੁੰਚ ਚੁੱਕੀ ਪੰਜਾਬ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਵੱਡਾ ਸਕੋਰ ਬਣਾ ਕੇ ਵਿਰੋਧੀ ਟੀਮ ਨੂੰ ਦਬਾਅ 'ਚ ਪਾ ਦਿੱਤਾ। ਅਨਮੋਲਪ੍ਰੀਤ ਨੇ ਪੀਸੀਏ ਸਟੇਡੀਅਮ ਵਿੱਚ ਸਿਰਫ਼ 58 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਬੜੌਦਾ ਲਈ ਸੋਏਬ ਸੋਪਾਰੀਆ ਨੇ ਮੈਚ ਦੀ ਪਹਿਲੀ ਹੀ ਗੇਂਦ 'ਤੇ ਪੰਜਾਬ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਆਊਟ ਕਰ ਦਿੱਤਾ ਅਤੇ ਫਿਰ ਪ੍ਰਭਸਿਮਰਨ ਵੀ ਅਤੀਤ ਸੇਠ ਦਾ ਸ਼ਿਕਾਰ ਬਣੇ ਜਿਸ ਕਾਰਨ ਟੀਮ ਦਾ ਸਕੋਰ ਦੋ ਵਿਕਟਾਂ 'ਤੇ 18 ਦੌੜਾਂ ਹੋ ਗਿਆ। ਫਿਰ ਅਨਮੋਲਪ੍ਰੀਤ ਅਤੇ ਕਪਤਾਨ ਮਨਦੀਪ ਸਿੰਘ (23 ਗੇਂਦਾਂ ਵਿਚ 32 ਦੌੜਾਂ) ਨੇ ਸਾਂਝੇਦਾਰੀ ਕੀਤੀ ਪਰ ਇਹ ਜ਼ਿਆਦਾ ਦੇਰ ਨਹੀਂ ਚੱਲ ਸਕੀ। ਕਰੁਣਾਲ ਪੰਡਯਾ ਦੀ ਗੇਂਦ ਨੂੰ ਰਿਵਰਸ ਸਵੀਪ ਕਰਨ ਦੀ ਕੋਸ਼ਿਸ਼ ਕਰਦੇ ਹੋਏ ਮਨਦੀਪ ਆਊਟ ਹੋ ਗਿਆ ਜਿਸ ਕਾਰਨ ਸਕੋਰ ਤਿੰਨ ਵਿਕਟਾਂ 'ਤੇ 80 ਦੌੜਾਂ ਸੀ। ਹੁਣ ਅਨਮੋਲਪ੍ਰੀਤ ਅਤੇ ਵਢੇਰਾ ਕ੍ਰੀਜ਼ 'ਤੇ ਸਨ ਅਤੇ ਉਨ੍ਹਾਂ ਨੇ ਮਿਲ ਕੇ ਪੰਜਾਬ ਦੀ ਪਾਰੀ ਨੂੰ ਅੱਗੇ ਵਧਾਇਆ ਅਤੇ ਟੀਮ ਨੂੰ ਚੁਣੌਤੀਪੂਰਨ ਸਕੋਰ ਦੇ ਨੇੜੇ ਪਹੁੰਚਾਇਆ। ਦੋਵਾਂ ਨੇ ਆਸਾਨੀ ਨਾਲ ਚੌਕੇ ਅਤੇ ਛੱਕੇ ਲਗਾ ਕੇ ਬੜੌਦਾ ਦੇ ਗੇਂਦਬਾਜ਼ਾਂ ਨੂੰ ਦਬਾਅ ਵਿਚ ਰੱਖਿਆ ਅਤੇ ਮੈਦਾਨ ਦੇ ਚਾਰੇ ਪਾਸੇ ਦੌੜਾਂ ਬਣਾਈਆਂ।

ਇਹ ਖ਼ਬਰ ਵੀ ਪੜ੍ਹੋ - ਕੈਪਟਨ ਅਮਰਿੰਦਰ ਸਿੰਘ ਨੇ ਇਸ ਭਾਜਪਾ ਆਗੂ ਨੂੰ ਪਾਰਟੀ 'ਚੋਂ ਕੱਢਣ ਦੀ ਕੀਤੀ ਅਪੀਲ, ਕਾਨੂੰਨੀ ਕਾਰਵਾਈ ਦੀ ਰੱਖੀ ਮੰਗ

ਇਸ ਟੀਚੇ ਦਾ ਪਿੱਛਾ ਕਰਦੇ ਹੋਏ ਬੜੌਦਾ ਨੂੰ ਪਹਿਲਾ ਝਟਕਾ ਤਜਰਬੇਕਾਰ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ ਦੂਜੇ ਹੀ ਓਵਰ ਵਿਚ ਦਿੱਤਾ, ਜਿਸ ਨੇ ਜੋਤਸਨੀਲ ਸਿੰਘ ਨੂੰ ਸਸਤੇ ਵਿਚ ਪੈਵੇਲੀਅਨ ਭੇਜ ਦਿੱਤਾ। ਨਿਨਾਦ ਰਾਠਵਾ ਨੇ 22 ਗੇਂਦਾਂ ਵਿਚ 47 ਦੌੜਾਂ ਬਣਾਈਆਂ ਅਤੇ ਅਭਿਮਨਿਊ ਸਿੰਘ ਰਾਜਪੂਤ (42 ਗੇਂਦਾਂ ਵਿਚ 61 ਦੌੜਾਂ) ਨਾਲ ਦੂਜੀ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਮਯੰਕ ਮਾਰਕੰਡੇ ਨੇ ਨਿਨਾਦ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਰਾਜਪੂਤ ਅਤੇ ਕਰੁਣਾਲ ਨੇ ਤੀਜੇ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕੀਤੀ। ਅਰਸ਼ਦੀਪ ਨੇ 17ਵੇਂ ਓਵਰ ਵਿਚ ਰਾਜਪੂਤ ਨੂੰ ਆਊਟ ਕੀਤਾ ਜਿਸ ਕਾਰਨ ਸਕੋਰ ਤਿੰਨ ਵਿਕਟਾਂ ’ਤੇ 164 ਦੌੜਾਂ ਹੋ ਗਿਆ। ਕਰੁਣਾਲ ਆਸਾਨੀ ਨਾਲ ਹਾਰ ਮੰਨਣ ਵਾਲਾ ਨਹੀਂ ਸੀ, ਉਹ ਗੇਂਦਬਾਜ਼ਾਂ ਦੇ ਖ਼ਿਲਾਫ਼ ਮਜ਼ਬੂਤੀ ਨਾਲ ਖੜ੍ਹਾ ਰਿਹਾ ਅਤੇ ਵਿਸ਼ਨੂੰ ਸੋਲੰਕੀ ਦਾ ਚੰਗਾ ਸਾਥੀ ਮਿਲਿਆ ਜਿਸ ਨੇ ਆਉਂਦੇ ਹੀ ਚੌਕੇ ਲਗਾਉਣੇ ਸ਼ੁਰੂ ਕਰ ਦਿੱਤੇ। ਪਰ ਅਰਸ਼ਦੀਪ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 19ਵੇਂ ਓਵਰ ਵਿਚ ਕਰੁਣਾਲ, ਸ਼ਿਵਾਲਿਕ ਸ਼ਰਮਾ ਅਤੇ ਭਾਨੂ ਪਾਨੀਆ ਨੂੰ ਆਊਟ ਕਰ ਦਿੱਤਾ। ਪੰਜਾਬ ਅਤੇ ਬੜੌਦਾ ਦੋਵਾਂ ਲਈ ਇਹ ਪੰਜਵਾਂ ਫਾਈਨਲ ਸੀ। ਦੋਵੇਂ ਟੀਮਾਂ 2011-12 ਦੇ ਫਾਈਨਲ ਵਿਚ ਇਕ ਦੂਜੇ ਦਾ ਸਾਹਮਣਾ ਕਰ ਰਹੀਆਂ ਸਨ ਜਦੋਂ ਬੜੌਦਾ ਨੇ ਪੰਜਾਬ ਨੂੰ ਹਰਾ ਕੇ ਦੋ 'ਚੋਂ ਆਪਣਾ ਪਹਿਲਾ ਖ਼ਿਤਾਬ ਜਿੱਤਿਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News