ਪੰਜਾਬ ਸਰਕਾਰ ਦਾ ਨਵਾਂ ਹੁਕਮ, ਹੁਣ ਸਿਰਫ ਐਤਵਾਰ ਨੂੰ ਹੋਵੇਗੀ ਤਾਲਾਬੰਦੀ

09/08/2020 12:55:32 AM

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਾਸੀਆਂ ਨੂੰ ਸੋਮਵਾਰ ਨੂੰ ਕੁੱਝ ਰਾਹਤ ਦਿੰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਨਵੇਂ ਹੁਕਮਾਂ ਦੌਰਾਨ ਸੂਬੇ 'ਚ ਹਫਤੇ 'ਚ 2 ਦਿਨ (ਸ਼ਨੀਵਾਰ, ਐਤਵਾਰ) ਹੋਣ ਵਾਲੀ ਤਾਲਾਬੰਦੀ ਸਿਰਫ ਐਤਵਾਰ ਨੂੰ ਹੀ ਕੀਤੀ ਜਾਵੇਗੀ।
ਕਾਂਗਰਸ ਦੇ ਕਈ ਵਿਧਾਇਕਾਂ ਅਤੇ ਮੈਡੀਕਲ ਮਾਹਿਰਾਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸ਼ਹਿਰੀ ਖੇਤਰਾਂ ਵਿੱਚ ਕੁਝ ਰਾਹਤ ਦਾ ਐਲਾਨ ਕੀਤਾ ਹੈ। ਜਿਨ੍ਹਾਂ 'ਚ ਸ਼ਨੀਵਾਰ ਨੂੰ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣਾ ਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤਕ ਰਾਤ 9 ਵਜੇ ਤੱਕ ਉਨ੍ਹਾਂ ਨੂੰ ਸਮੇਂ 'ਚ ਰਾਹਤ ਦੇਣਾ ਸ਼ਾਮਲ ਹੈ। ਸੋਧੇ ਗਏ ਫੈਸਲੇ ਅਨੁਸਾਰ ਸਾਰੇ ਸ਼ਹਿਰਾਂ/ਕਸਬਿਆਂ 'ਚ ਹੁਣ ਰਾਤ 9:30 ਤੋਂ ਲੈ ਕੇ ਸਵੇਰੇ 5:00 ਵਜੇ ਤੱਕ ਕਰਫਿਊ ਰਹੇਗਾ।

ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਸਾਰੇ ਦਿਨਾਂ ਦੌਰਾਨ ਜਿਨ੍ਹਾਂ 'ਚ ਐਤਵਾਰ ਵੀ ਸ਼ਾਮਲ ਹੋਵੇਗਾ, ਰਾਤ 9:00 ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਹੋਵੇਗੀ ਅਤੇ ਇਸ ਸਮੇਂ ਤੋਂ ਬਾਅਦ ਖਾਣੇ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਮੋਹਾਲੀ ਵਿੱਚ ਗੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਖੋਲ੍ਹੇ ਜਾਣ ਨੂੰ ਬਾਕੀ ਦੀ ਟ੍ਰਾਈਸਿਟੀ ਭਾਵ ਚੰਡੀਗੜ੍ਹ ਅਤੇ ਪੰਚਕੂਲਾ ਨਾਲ ਜੋੜਿਆ ਜਾਵੇ। ਇਨ੍ਹਾਂ ਫੈਸਲਿਆਂ ਦਾ ਐਲਾਨ ਮੁੱਖ ਮੰਤਰੀ ਵੱਲੋਂ ਪੰਜਾਬ ਕਾਂਗਰਸ ਦੇ ਵਿਧਾਇਕਾਂ ਨਾਲ ਕੋਵਿਡ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸੱਦੀ ਵਰਚੁਅਲ ਮੀਟਿੰਗ ਦੇ ਦੂਜੇ ਦੌਰ ਮੌਕੇ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਮੌਕੇ ਦੱਸਿਆ ਕਿ ਡਾ. ਕੇ.ਕੇ. ਤਲਵਾੜ, ਜੋ ਕਿ ਕੋਵਿਡ ਸਬੰਧੀ ਸੂਬਾ ਸਰਕਾਰ ਦੇ ਮਾਹਿਰ ਗਰੁੱਪ ਦੇ ਮੁਖੀ ਹਨ, ਨੇ ਸਮੂਹ ਸਾਵਧਾਨੀਆਂ ਨਾਲ ਇਹ ਰਾਹਤ ਦੇਣ ਦੀ ਸਲਾਹ ਦਿੱਤੀ ਹੈ।

ਦੁਕਾਨਦਾਰਾਂ ਵੱਲੋਂ ਕਾਫੀ ਲੰਮੇ ਸਮੇਂ ਲਈ ਉਨ੍ਹਾਂ ਦੀਆਂ ਦੁਕਾਨਾਂ ਬੰਦ ਰਹਿਣ ਦੇ ਬਾਵਜੂਦ ਭਾਰੀ ਬਿੱਲ ਆਉਣ ਦੀਆਂ ਸ਼ਿਕਾਇਤਾਂ ਬਾਰੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਬੀਤੇ ਵਰ੍ਹੇ ਦੀ ਔਸਤ ਦੇ ਹਿਸਾਬ ਨਾਲ ਬਿੱਲ ਨਾ ਲਏ ਜਾਣ ਸਗੋਂ ਅਸਲ ਬਿੱਲ ਭੇਜੇ ਜਾਣ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਪਾਜ਼ੇਟਿਵ ਆਉਣ ਵਾਲੇ ਉਸਾਰੀ ਖੇਤਰ ਦੇ ਕਾਮਿਆਂ ਲਈ ਜਾਂ ਜਿਨ੍ਹਾਂ ਦੇ ਨਜ਼ਦੀਕੀ ਪਰਿਵਾਰ ਵੀ ਪਾਜ਼ੇਟਿਵ ਹਨ ਅਤੇ ਇਕਾਂਤਵਾਸ ਕੀਤੇ ਗਏ ਹਨ, ਲਈ 1500 ਰੁਪਏ ਦੇ ਨਕਦ ਮੁਆਵਜ਼ੇ ਦਾ ਐਲਾਨ ਵੀ ਕੀਤਾ। ਉਨ੍ਹਾਂ ਕਾਂਗਰਸੀ ਵਿਧਾਇਕਾਂ ਨੂੰ ਕਿਹਾ ਕਿ ਉਹ ਪਾਜ਼ੇਟਿਵ ਆਏ ਗ਼ਰੀਬ ਮਰੀਜ਼ਾਂ ਨੂੰ ਖਾਣੇ ਦੇ ਪੈਕੇਟ ਮੁਫਤ ਵੰਡਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਤਾਂ ਜੋ ਘਰੇਲੂ ਇਕਾਂਤਵਾਸ ਦੌਰਾਨ ਘੱਟੋ-ਘੱਟ 7-10 ਦਿਨ ਲਈ ਉਨ੍ਹਾਂ ਕੋਲ ਭਰਪੂਰ ਮਾਤਰਾ ਵਿੱਚ ਰਾਸ਼ਣ ਹੋਵੇ। ਮੀਟਿੰਗ ਦੌਰਾਨ ਕੈਪਟਨ ਨੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤੇ ਕਿ ਕੁਝ ਸਮਾਜ ਵਿਰੋਧੀ ਤੱਤਾਂ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਕੋਵਿਡ ਟੈਸਟਿੰਗ ਅਤੇ ਅੰਗਾਂ ਨੂੰ ਕੱਢੇ ਜਾਣ ਸਬੰਧੀ ਕੀਤੇ ਜਾ ਰਹੇ ਨਕਾਰਾਤਮਕ ਪ੍ਰਚਾਰ ਦਾ ਠੋਕਵਾਂ ਜਵਾਬ ਦਿੱਤਾ ਜਾਵੇ। ਉਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਹ ਵੀ ਕਿਹਾ ਕਿ ਉਹ ਆਪੋ-ਆਪਣੇ ਹਲਕਿਆਂ ਵਿੱਚ ਵਰਕਰਾਂ ਅਤੇ ਸਰਪੰਚਾਂ ਆਦਿ ਰਾਹੀਂ ਲੋਕਾਂ ਤੱਕ ਪਹੁੰਚ ਬਣਾਉਣ ਅਤੇ ਸਿਹਤ ਸਬੰਧੀ ਸਮੂਹ ਸਾਵਧਾਨੀਆਂ ਦਾ ਇੰਨ-ਬਿੰਨ ਪਾਲਣ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਸਰਪੰਚਾਂ ਨੂੰ ਮੋਹਰੀ ਹੋ ਕੇ ਮਿਸਾਲੀ ਕਿਰਦਾਰ ਨਿਭਾਉਣ ਲਈ ਕਿਹਾ।  

ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿਰੋਧੀ ਤੇ ਪੰਜਾਬੀ ਵਿਰੋਧੀ ਪ੍ਰਚਾਰ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ ਅਤੇ ਉਨ੍ਹਾਂ ਪੁਲਸ ਨੂੰ ਅਜਿਹੇ ਤੱਤਾਂ ਉਤੇ ਸ਼ਿਕੰਜਾ ਕੱਸਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਅਤੇ ਇਸ ਦੀ ਸੂਚਨਾ ਪੁਲਸ ਨੂੰ ਦੇਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿਹਾ ਕਿ ਔਕਸੀਮੀਟਰ ਟੈਸਟਾਂ ਦਾ ਬਦਲ ਨਹੀਂ ਹਨ ਅਤੇ ਟੈਸਟ ਵਿੱਚ ਦੇਰੀ ਮੌਤ ਦਰ ਨੂੰ ਵਧਾਉਂਦੀ ਹੈ। ਔਕਸੀਮੀਟਰ ਸਿਰਫ ਇਕ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਹੋਣ ਲਈ ਸੇਧ ਦੇ ਸਕਦੇ ਹਨ ਜਦੋਂ ਆਕਸੀਜਨ ਦਾ ਪੱਧਰ ਘੱਟ ਹੋ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 50,000 ਹੋਰ ਔਕਸੀਮੀਟਰ ਖਰੀਦ ਕੇ ਸਿਹਤ ਸਟਾਫ ਅਤੇ ਆਸ਼ਾ ਵਰਕਰਾਂ ਨੂੰ ਦੇ ਰਹੀ ਹੈ ਅਤੇ ਕੁਝ ਘਰੇਲੂ ਏਕਾਂਤਵਾਸ ਮਰੀਜ਼ਾਂ ਨੂੰ ਵੀ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਲੋਕਾਂ ਵਿਚਾਲੇ ਬਿਹਤਰ ਤਾਲਮੇਲ ਵਧਾਉਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਆਪਣੇ ਹਲਕੇ ਅਤੇ ਹਸਪਤਾਲਾਂ ਦਾ ਨਿਰੰਤਰ ਦੌਰਾ ਕਰਦੇ ਰਹਿਣ। ਮੀਟਿੰਗ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਦੇ ਨਾਲ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।


Deepak Kumar

Content Editor

Related News