ਪੰਜਾਬ : ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਚੋਣ ਜ਼ਾਬਤਾ ਲਾਗੂ, ਇਸ ਦਿਨ ਤੋਂ ਭਰੀ ਜਾਵੇਗੀ ਨਾਮਜ਼ਦਗੀ

Thursday, Nov 12, 2026 - 04:23 PM (IST)

ਪੰਜਾਬ : ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ, ਚੋਣ ਜ਼ਾਬਤਾ ਲਾਗੂ, ਇਸ ਦਿਨ ਤੋਂ ਭਰੀ ਜਾਵੇਗੀ ਨਾਮਜ਼ਦਗੀ

ਪਟਿਆਲਾ (ਵੈਬ ਡੈਸਕ, ਬਲਜਿੰਦਰ) : ਪਟਿਆਲਾ ਨਗਰ ਨਿਗਮ ਦੇ 30 ਵਾਰਡਾਂ ਵਿਚ ਮੁੜ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਹੋ ਗਿਆ ਹੈ। ਜਾਰੀ ਹੋਏ ਸ਼ਡਿਊਲ ਮੁਤਾਬਕ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਭਲਕੇ ਯਾਨੀ 13 ਨਵੰਬਰ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ ਅਤੇ 28 ਨਵੰਬਰ ਸ਼ਨੀਵਾਰ ਨੂੰ ਵੋਟਾਂ ਪੈਣਗੀਆਂ। ਰਾਜ ਚੋਣ ਕਮਿਸ਼ਨ ਵੱਲੋਂ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਨਗਰ ਨਿਗਮ, ਪਟਿਆਲਾ ਦੇ 30 ਵਾਰਡਾਂ, ਨਗਰ ਕੌਂਸਲ ਬਾਘਾ ਪੁਰਾਣਾ ਦੇ 15 ਵਾਰਡਾਂ ਅਤੇ ਨਗਰ ਕੌਂਸਲ ਧਰਮਕੋਟ ਦੇ 7 ਵਾਰਡਾਂ ਦੇ ਮੈਂਬਰਾਂ ਦੀ ਮੁੜ-ਚੋਣ ਕਰਵਾਉਣ ਲਈ ਸ਼ਡਿਊਲ ਨੋਟੀਫਾਈ ਕੀਤਾ ਗਿਆ ਹੈ। ਚੋਣਾਂ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਦਾਖਲ ਕਰਨ ਦਾ ਪਹਿਲਾ ਦਿਨ: ਸ਼ੁੱਕਰਵਾਰ, 13 ਨਵੰਬਰ 2026 (ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ। ਇਸ ਤੋਂ ਅੱਗੇ 14, 15 ਤੇ 16 ਨਵੰਬਰ ਨੂੰ ਛੁੱਟੀਆਂ ਹੋਣ ਕਾਰਣ ਕੋਈ ਨਾਮਜ਼ਦਗੀ ਪ੍ਰਾਪਤ ਨਹੀਂ ਕੀਤੀ ਜਾਵੇਗੀ। ਨਾਮਜ਼ਦਗੀਆਂ ਦਾਖਲ ਕਰਨ ਦਾ ਦੂਜਾ ਦਿਨ: ਮੰਗਲਵਾਰ, 17 ਨਵੰਬਰ 2026 (ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ। ਨਾਮਜ਼ਦਗੀਆਂ ਦਾਖਲ ਕਰਨ ਦਾ ਤੀਜਾ ਦਿਨ: ਬੁੱਧਵਾਰ, 18 ਨਵੰਬਰ 2026 (ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ, ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਵੀਰਵਾਰ, 19 ਨਵੰਬਰ 2026 (ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗਾ। 

ਇਹ ਵੀ ਪੜ੍ਹੋ : ਈ. ਡੀ. ਵੱਲੋਂ ਪੰਜਾਬ ਵਿਚ ਵੱਡੀ ਰੇਡ, ਕਈ ਘੰਟਿਆਂ ਤੋਂ ਚੱਲ ਰਹੀ ਜਾਂਚ

ਇਸ ਤੋਂ ਅੱਗੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸ਼ੁੱਕਰਵਾਰ, 20 ਨਵੰਬਰ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਹੋਵੇਗੀ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ 21 ਨਵੰਬਰ ਦੁਪਹਿਰ 3:00 ਵਜੇ ਤੱਕ ਹੋਵੇਗੀ। ਵੋਟਾਂ ਪੈਣ ਦੀ ਮਿਤੀ ਸ਼ਨੀਵਾਰ, 28 ਨਵੰਬਰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ ਸਬੰਧੀ ਹਦਾਇਤਾਂ ਬਾਅਦ ਵਿਚ ਜਾਰੀ ਕੀਤੀਆਂ ਜਾਣਗੀਆਂ। ਸਾਰੇ ਨਾਮਜ਼ਦਗੀ ਫਾਰਮਾਂ ਦੇ ਨਾਲ ਨਿਰਧਾਰਤ ਹਲਫ਼ੀਆ ਬਿਆਨ ਦੇਣਾ ਲਾਜ਼ਮੀ ਹੋਵੇਗਾ ਅਤੇ ਜੇਕਰ ਉਮੀਦਵਾਰ ਕਿਸੇ ਸਿਆਸੀ ਪਾਰਟੀ ਵੱਲੋਂ ਖੜ੍ਹਾ ਕੀਤਾ ਗਿਆ ਹੈ ਤਾਂ ਸਬੰਧਤ ਸਿਆਸੀ ਪਾਰਟੀ ਦਾ ਅਧਿਕਾਰ ਪੱਤਰ ਵੀ ਨੱਥੀ ਕਰਨਾ ਹੋਵੇਗਾ। ਉਮੀਦਵਾਰਾਂ ਦੇ ਕੇ.ਵਾਈ.ਸੀ. ਵੇਰਵੇ ਜ਼ਿਲ੍ਹਿਆਂ ਦੀਆਂ ਵੈੱਬਸਾਈਟਾਂ 'ਤੇ ਅਪਲੋਡ ਕੀਤੇ ਜਾਣਗੇ। ਇਹ ਚੋਣਾਂ ਈ.ਵੀ.ਐਮਜ਼. ਰਾਹੀਂ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ, EVM ਮਸ਼ੀਨਾਂ ਦੀ ਜਾਂਚ ਕਰਨ ਪਹੁੰਚੇ ਅਧਿਕਾਰੀ

ਇਨ੍ਹਾਂ ਚੋਣਾਂ ਲਈ ਨਗਰ ਨਿਗਮ ਪਟਿਆਲਾ ਦੇ 30 ਵਾਰਡਾਂ ਵਿਚ 123 ਪੋਲਿੰਗ ਬੂਥ, ਨਗਰ ਕੌਂਸਲ ਬਾਘਾ ਪੁਰਾਣਾ ਦੇ 15 ਵਾਰਡਾਂ ਵਿਚ 20 ਪੋਲਿੰਗ ਬੂਥ ਅਤੇ ਨਗਰ ਕੌਂਸਲ ਧਰਮਕੋਟ ਦੇ 7 ਵਾਰਡਾਂ ਵਿਚ 7 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਸ ਚੋਣ ਵਿਚ ਕੁੱਲ 1,76,429 ਰਜਿਸਟਰਡ ਵੋਟਰ (91,415 ਪੁਰਸ਼, 84,999 ਮਹਿਲਾ ਅਤੇ 15 ਹੋਰ ਵੋਟਰ) ਹਿੱਸਾ ਲੈਣਗੇ। ਕਮਿਸ਼ਨ ਵੱਲੋਂ ਨਗਰ ਨਿਗਮ ਦੇ ਅਹੁਦੇ ਲਈ ਚੋਣ ਲੜਨ ਵਾਲੇ ਉਮੀਦਵਾਰ ਵਾਸਤੇ ਖਰਚੇ ਦੀ ਹੱਦ 4,00,000 ਰੁਪਏ ਅਤੇ ਨਗਰ ਕੌਂਸਲਾਂ (ਕਲਾਸ-II) ਲਈ 2,30,000 ਰੁਪਏ ਨੋਟੀਫਾਈ ਕੀਤੀ ਗਈ ਹੈ। ਮਾਣਯੋਗ ਹਾਈ ਕੋਰਟ ਵੱਲੋਂ ਮੁੜ-ਚੋਣ ਕਰਵਾਉਣ ਦੀ ਸਮੁੱਚੀ ਪ੍ਰਕਿਰਿਆ ਦੀ ਨਿਗਰਾਨੀ ਲਈ ਇਕ ਨਿਗਰਾਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਇਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਚੋਣ ਸ਼ਡਿਊਲ ਦੇ ਐਲਾਨ ਦੇ ਨਾਲ ਹੀ ਸਬੰਧਤ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਸਮੁੱਚੇ ਅਧਿਕਾਰ ਖੇਤਰ ਵਿਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ, ਉੱਥੇ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਹ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਫੁੱਟਬਾਲ ਖਿਡਾਰੀ ਦਾ ਬੇਰਹਿਮੀ ਨਾਲ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News