ਦਿੱਲੀ ''ਚ ਮੌਤ ਬਣ ਕੇ ਦੌੜੀ DTC ਬੱਸ, ਕਈ ਵਾਹਨਾਂ ਨੂੰ ਦਰੜਿਆ; ਇਕ ਹਲਾਕ 4 ਜ਼ਖ਼ਮੀ

Sunday, Oct 18, 2026 - 02:18 AM (IST)

ਦਿੱਲੀ ''ਚ ਮੌਤ ਬਣ ਕੇ ਦੌੜੀ DTC ਬੱਸ, ਕਈ ਵਾਹਨਾਂ ਨੂੰ ਦਰੜਿਆ; ਇਕ ਹਲਾਕ 4 ਜ਼ਖ਼ਮੀ

ਨਵੀਂ ਦਿੱਲੀ : ਦਿੱਲੀ ਦੇ ਆਨੰਦ ਪਰਬਤ ਇਲਾਕੇ ਵਿੱਚ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (DTC) ਦੀ ਇੱਕ ਬੱਸ ਨੇ ਕਈ ਵਾਹਨਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ ਇੱਕ ਸਕੂਟਰ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪੁਲਸ ਨੇ ਬੱਸ ਦੀ ਮਹਿਲਾ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਨੀਵਾਰ ਸਵੇਰੇ ਲਗਭਗ 10:15 ਵਜੇ ਮੱਧ ਦਿੱਲੀ ਦੇ ਆਨੰਦ ਪਰਬਤ ਇਲਾਕੇ ਵਿੱਚ ਡੀ.ਬੀ.ਜੀ. (DBG) ਰੋਡ 'ਤੇ ਬੱਸ ਸਟੈਂਡ ਨੇੜੇ ਟੀ-ਪੁਆਇੰਟ 'ਤੇ ਵਾਪਰਿਆ। ਰੂਟ ਨੰਬਰ 212 'ਤੇ ਚੱਲ ਰਹੀ ਡੀ.ਟੀ.ਸੀ. ਦੀ ਬੱਸ ਨੇ ਦੋ ਸਕੂਟਰਾਂ, ਇੱਕ ਮੋਟਰਸਾਈਕਲ, ਇੱਕ ਈ-ਰਿਕਸ਼ਾ ਅਤੇ ਇੱਕ ਸਾਈਕਲ ਰਿਕਸ਼ਾ ਨੂੰ ਦਰੜ ਦਿੱਤਾ। ਪੁਲਸ ਅਨੁਸਾਰ ਬੱਸ ਨੂੰ ਇੱਕ ਮਹਿਲਾ ਡਰਾਈਵਰ ਵੱਲੋਂ ਲਾਪਰਵਾਹੀ ਨਾਲ ਚਲਾਇਆ ਜਾ ਰਿਹਾ ਸੀ।

ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਅਕਤੀ ਦੀ ਪਛਾਣ ਰਾਣੀਖੇੜਾ (ਦਿੱਲੀ) ਦੇ ਰਹਿਣ ਵਾਲੇ ਅਤੁਲ ਭਾਰਦਵਾਜ (40) ਵਜੋਂ ਹੋਈ ਹੈ, ਜੋ ਸਕੂਟਰ ਚਲਾ ਰਹੇ ਸਨ। ਸਕੂਟਰ 'ਤੇ ਪਿੱਛੇ ਬੈਠੇ ਭੂਸ਼ਨ ਕੁਮਾਰ (38) ਅਤੇ ਦੂਜੇ ਸਕੂਟਰ ਚਾਲਕ ਰਾਕੇਸ਼ (48) ਵੀ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਇਨ੍ਹਾਂ ਤੋਂ ਇਲਾਵਾ ਰਿਕਸ਼ਾ ਚਾਲਕ ਧਰੁਵ ਕੁਮਾਰ ਮਿਸ਼ਰਾ (56) ਅਤੇ ਮੋਟਰਸਾਈਕਲ ਚਾਲਕ ਦੀਪਕ (34) ਨੂੰ ਵੀ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਅਤੇ ਪੁਲਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।

ਡੀ.ਬੀ.ਜੀ. ਰੋਡ ਥਾਣਾ ਪੁਲਸ ਨੇ ਹਾਦਸੇ ਸਬੰਧੀ ਸਬੰਧਤ ਧਾਰਾਵਾਂ ਤਹਿਤ ਐੱਫ.ਆਈ.ਆਰ. (FIR) ਦਰਜ ਕਰ ਲਈ ਹੈ। ਪੁਲਸ ਨੇ ਫਤਿਆਬਾਦ (ਹਰਿਆਣਾ) ਦੀ ਰਹਿਣ ਵਾਲੀ 26 ਸਾਲਾ ਮਹਿਲਾ ਡਰਾਈਵਰ ਰੇਣੂ ਬਾਲਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੂਜੇ ਪਾਸੇ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਵੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News