ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ
Thursday, Jan 16, 2020 - 01:57 AM (IST)
ਚੰਡੀਗਡ਼੍ਹ (ਭੁੱਲਰ)-ਪੰਜਾਬ ਵਿਧਾਨ ਸਭਾ ਦਾ ਇਸ ਸਾਲ ਦਾ ਪਹਿਲਾ 2 ਦਿਨਾ ਵਿਸ਼ੇਸ਼ ਸੈਸ਼ਨ 16 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਰਾਜ ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਸ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਨਾਲ ਹੋਵੇਗੀ। ਪਹਿਲੇ ਦਿਨ ਦੀ ਕਾਰਵਾਈ ਇਸ ਭਾਸ਼ਣ ਤੋਂ ਬਾਅਦ ਸਮਾਪਤ ਕਰ ਕੇ ਸਭਾ ਅਗਲੇ ਦਿਨ ਤੱਕ ਉਠ ਜਾਵੇਗੀ। ਦੂਜੇ ਦਿਨ ਦੀ ਕਾਰਵਾਈ ਪਿਛਲੇ ਸਮੇਂ ’ਚ ਵਿਛਡ਼ੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ੋਕ ਮਤਾ ਪੇਸ਼ ਕਰਨ ਨਾਲ ਸ਼ੂਰੁ ਹੋਵੇਗੀ।
ਇਸ ਤੋਂ ਬਾਅਦ ਰਾਖਵੇਂਕਰਨ ਸਬੰਧੀ ਕੇਂਦਰੀ ਸੰਵਿਧਾਨਿਕ ਸੋਧ ਬਿੱਲ ਪੇਸ਼ ਕਰ ਕੇ ਇਸ ਨੂੰ ਪਾਸ ਕਰਵਾਇਆ ਜਾਵੇਗਾ। ਇਹ ਵਿਸ਼ੇਸ਼ ਸੈਸ਼ਨ ਇਸੇ ਬਿੱਲ ਦੇ ਮੱਦੇਨਜ਼ਰ ਬਜਟ ਸੈਸ਼ਨ ਤੋਂ ਪਹਿਲਾਂ ਸੱਦਿਆ ਗਿਆ ਹੈ। ਭਾਵੇਂ ਅਧਿਕਾਰਕ ਤੌਰ ’ਤੇ ਜਾਰੀ ਪ੍ਰੋਗਰਾਮ ਅਨੁਸਾਰ ਇਸ ਬਿੱਲ ਨੂੰ ਪਾਸ ਕਰਨ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਖਤਮ ਹੋ ਜਾਵੇਗੀ ਪਰ ਇਸ ਦਿਨ ਕੁੱਝ ਹੋਰ ਗੈਰ-ਸਰਕਾਰੀ ਮਤੇ ਵੀ ਚਰਚਾ ਲਈ ਬਿਜ਼ਨੈੱਸ ਅਡਵਾਈਜ਼ਰੀ ਕਮੇਟੀ ਦੀ ਸਲਾਹ ਨਾਲ ਸਪੀਕਰ ਦੀ ਮਨਜ਼ੂਰੀ ਬਾਅਦ ਲਿਆਂਦੇ ਜਾ ਸਕਦੇ ਹਨ। ਇਨ੍ਹਾਂ ’ਚ ਬਿਜਲੀ ਸਮਝੌਤਿਆਂ ਸਬੰਧੀ ਬਿੱਲ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਪਾਸ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ’ਚ ਵੀ ਮਤਾ ਲਿਆਂਦਾ ਜਾ ਸਕਦਾ ਹੈ, ਜਿਸ ਬਾਰੇ ਬੀਤੇ ਦਿਨ ਹੋਈ ਮੰਤਰੀ ਮੰਡਲ ਦੀ ਬੈਠਕ ’ਚ ਸਹਿਮਤੀ ਬਣ ਚੁੱਕੀ ਹੈ।