'ਪੰਜਾਬ ਵਿਧਾਨ ਸਭਾ' ਦਾ ਇਕ ਦਿਨਾ ਇਜਲਾਸ ਅੱਜ, ਕੈਪਟਨ ਨੇ ਕੀਤੀ ਖ਼ਾਸ ਅਪੀਲ
Friday, Aug 28, 2020 - 10:39 AM (IST)

ਚੰਡੀਗੜ੍ਹ (ਅਸ਼ਵਨੀ) : ਪੰਜਾਬ ਵਿਧਾਨ ਸਭਾ ਦਾ ਇਕ ਦਿਨਾ ਮਾਨਸੂਨ ਇਜਲਾਸ ਸ਼ੁੱਕਰਵਾਰ ਨੂੰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਖ਼ਤ ਨਿਯਮਾਂ ਹੇਠ ਆਯੋਜਿਤ ਕੀਤਾ ਗਿਆ ਹੈ। ਹੁਣ ਤੱਕ ਕੋਵਿਡ-19 ਪਾਜ਼ੇਟਿਵ ਵਿਧਾਇਕਾਂ/ਮੰਤਰੀਆਂ ਦੀ ਗਿਣਤੀ ਵੱਧ ਕੇ 29 ਤੱਕ ਪੁੱਜ ਚੁੱਕੀ ਹੈ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਵਿਧਾਇਕਾਂ/ਮੰਤਰੀਆਂ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਵਿਧਾਇਕਾਂ ਨੂੰ ਅੱਜ ਵਿਧਾਨ ਸਭਾ ਦੇ ਹੋਣ ਵਾਲੇ ਇਕ ਰੋਜ਼ਾ ਇਜਲਾਸ 'ਚ ਸ਼ਿਰਕਤ ਨਾ ਕਰਨ ਦੀ ਅਪੀਲ ਕੀਤੀ ਹੈ।
ਆਮ ਆਦਮੀ ਪਾਰਟੀ ਵੱਲੋਂ 20 ਅਗਸਤ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਦਿੱਤੇ ਜਾ ਰਹੇ ਧਰਨਿਆਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਪਾਰਟੀ ਦੇ ਵਿਧਾਇਕਾਂ ਦੀ ਅਗਵਾਈ 'ਚ ਦਿੱਤੇ ਜਾ ਰਹੇ ਧਰਨੇ ਆਮ ਲੋਕਾਂ ਦੇ ਜੀਵਨ ਨੂੰ ਖ਼ਤਰੇ 'ਚ ਪਾ ਰਹੇ ਹਨ। ਪਾਰਟੀ ਨੂੰ ਇਹ ਧਰਨੇ ਬੰਦ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 25 ਤੋਂ 250 ਵਿਅਕਤੀਆਂ ਦੀ ਸ਼ਮੂਲੀਅਤ ਨਾਲ ਹੋਣ ਵਾਲੇ ਇਹ ਇਕੱਠ/ਧਰਨੇ ਇਸ ਮਹਾਮਾਰੀ ਨੂੰ ਹੋਰ ਫੈਲਾਉਣ ਦਾ ਕੰਮ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ ਇਨ੍ਹਾਂ ਧਰਨਿਆਂ ਦੀ ਦਿਨ/ਰਾਤ ਅਗਵਾਈ ਕਰਨ ਵਾਲੇ ਵਿਧਾਇਕਾਂ ’ਚੋਂ ਦੋ ਵਿਧਾਇਕ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਹ ਵਿਧਾਇਕ ਹੁਣ ਤੱਕ ਵੱਡੀ ਗਿਣਤੀ 'ਚ ਹੋਰ ਲੋਕਾਂ ਦੇ ਸੰਪਰਕ 'ਚ ਆ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਵਿਧਾਇਕਾਂ 'ਚੋਂ ਹੁਣ ਤੱਕ ਚਾਰ ਮੈਂਬਰ (ਸਮੇਤ ਇਕ ਅਲੱਗ ਹੋਏ) ਕੋਵਿਡ ਪਾਜ਼ੇਟਿਵ ਆ ਚੁੱਕੇ ਹਨ। ਮੁੱਖ ਮੰਤਰੀ ਨੇ ਆਪਣੀ ਅਪੀਲ ਨੂੰ ਦਹੁਰਾਉਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਜਿਹੇ ਸੰਵੇਦਨਸ਼ੀਲ ਸਮੇਂ ਧਰਨੇ ਨਾ ਕਰਨ ਲਈ ਆਖਿਆ, ਜਦੋਂ ਸੂਬੇ 'ਚ ਕੇਸਾਂ ਦੀ ਗਿਣਤੀ 'ਚ ਭਾਰੀ ਵਾਧਾ ਹੋ ਰਿਹਾ ਹੈ ਅਤੇ ਆਉਂਦੇ ਹਫ਼ਤਿਆਂ ਦੌਰਾਨ ਵੱਡਾ ਵਾਧਾ ਹੋਣ ਦੇ ਕਿਆਸ ਹਨ।
ਮੁੱਖ ਮੰਤਰੀ ਵੱਲੋਂ ਜਲਦੀ ਨਤੀਜਿਆਂ ਲਈ ਵਿਧਾਨ ਸਭਾ ਦੇ ਨਾਲ-ਨਾਲ ਪੰਜਾਬ ਭਵਨ ਅਤੇ ਐਮ. ਐਲ. ਏ. ਹੋਸਟਲ ਵਿਖੇ ਇਜਲਾਸ ਤੋਂ ਪਹਿਲਾਂ ਟੈਸਟਿੰਗ ਲਈ ਟਰੂਨੈਟ ਅਤੇ ਆਰ. ਏ. ਟੀ ਮਸ਼ੀਨਾਂ ਲਗਾਉਣ ਲਈ ਵੀ ਨਿਰਦੇਸ਼ ਕੀਤੇ ਗਏ ਸਨ ਕਿਉਂ ਜੋ ਇਜਲਾਸ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਕੋਵਿਡ ਟੈਸਟ 'ਚੋਂ ਨੈਗੇਟਿਵ ਆਉਣ ਵਾਲਿਆਂ ਨੂੰ ਹੀ ਇਜਲਾਸ 'ਚ ਸ਼ਮੂਲੀਅਤ ਦੀ ਮਨਜ਼ੂਰੀ ਹੋਵੇਗੀ।