ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਜਾਣੋ ਕਿਹੜੇ ''ਬਿੱਲ'' ਹੋਏ ਪਾਸ
Wednesday, Mar 04, 2020 - 06:48 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਦਾ ਬੁੱਧਵਾਰ ਨੂੰ ਆਖਰੀ ਦਿਨ ਸੀ ਅਤੇ ਇਸ ਦਿਨ ਵੀ ਸਦਨ ਦੀ ਕਾਰਵਾਈ ਖੂਬ ਹੰਗਾਮਾ ਭਰਪੂਰ ਰਹੀ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਸਰਕਾਰ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ ਅਤੇ 'ਆਪ' ਨੇ ਦੋਹਾਂ ਪਾਰਟੀਆਂ 'ਤੇ ਆਪਸ 'ਚ ਮਿਲੀ-ਭੁਗਤ ਦੇ ਦੋਸ਼ ਲਾਏ ਹਨ। 'ਆਪ' ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 28 ਫਰਵਰੀ ਨੂੰ ਪੇਸ਼ ਕੀਤੇ ਗਏ ਸਾਲ 2020-21 ਦੇ ਬਜਟ ਨੂੰ ਖੋਖਲਾ ਅਤੇ ਆਧਾਰਹੀਣ ਦੱਸਿਆ ਗਿਆ। ਇਨ੍ਹਾਂ ਦੋਹਾਂ ਪਾਰਟੀਆਂ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਵਲੋਂ ਵੀ ਲੈਂਡ ਮਾਫੀਆ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਬਜਟ ਇਜਲਾਸ ਦੇ ਆਖਰੀ ਦਿਨ ਵਿਧਾਨ ਸਭਾ 'ਚ ਕੁਝ ਬਿੱਲ ਪਾਸ ਕਰਨ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਜਾਣੋ ਕਿਹੜੇ-ਕਿਹੜੇ ਬਿੱਲ ਹੋਏ ਪਾਸ
- ਕੈਬਨਿਟ ਮੰਤਰੀ ਓ. ਪੀ. ਸੋਨੀ ਵਲੋਂ ਪੇਸ਼ ਕੀਤਾ ਗਿਆ 'ਪੰਜਾਬ ਪ੍ਰਾਈਵੇਟ ਹੈਲਥ ਸਾਇੰਸਿਜ਼ ਐਜੂਕੇਸ਼ਨਲ ਇੰਸਟੀਚਿਊਸ਼ਨ (ਰੈਗੂਲੇਸ਼ਨ ਆਫ ਐਡਮਿਸ਼ਨ, ਫਿਕਸੇਸ਼ਨ ਆਫ ਫੀ ਐਂਡ ਮੇਕਿੰਗ ਆਫ ਰਿਜ਼ਰਵੇਸ਼ਨ) ਬਿੱਲ-2020 ਪਾਸ
- ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਪੇਸ਼ ਕੀਤਾ ਗਿਆ 'ਪੰਜਾਬ ਜੇਲਾਂ ਵਿਕਾਸ ਬੋਰਡ ਬਿੱਲ-2020' ਪਾਸ
- ਕੈਬਨਿਟ ਮੰਤਰੀ ਬ੍ਰਹਮ ਮਹਿੰਦਰ ਵਲੋਂ ਪੇਸ਼ 'ਦਿ ਪੰਜਾਬ ਮੈਨਜਮੈਂਟ ਐਂਡ ਟਰਾਂਸਫਰ ਆਫ ਮਿਊਂਸੀਪਲ ਪ੍ਰਾਪਰਟੀਜ਼ ਬਿੱਲ-2020 ਪਾਸ
- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ 'ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧ (ਸੋਧ) ਬਿੱਲ-2020 ਪਾਸ
ਬਹਿਬਲ ਕਲਾਂ ਮਾਮਲੇ ਦੇ ਮੁੱਖ ਗਵਾਹ ਦੀ ਪਤਨੀ ਪੁੱਜੀ ਹਾਈਕੋਰਟ
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਵੀ ਬਜਟ ਇਜਲਾਸ ਦੇ ਅਖੀਰਲੇ ਦਿਨ ਵਿਧਾਨ ਸਭਾ ਪਹੁੰਚ ਗਈ। ਇੱਥੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੀ ਗਈ ਪ੍ਰੈਸ ਕਾਨਫਰੰਸ 'ਚ ਉਸ ਨੇ ਆਪਣਾ ਦੁੱਖ ਜ਼ਾਹਰ ਕੀਤਾ ਅਤੇ ਮਜੀਠੀਆ ਸਾਹਮਣੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਵੱਡੀ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਸ ਦੇ ਪਰਿਵਾਰ ਦੇ ਕਿਸੇ ਜੀਅ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਉਕਤ ਦੋਵੇਂ ਆਗੂ ਜ਼ਿੰਮੇਵਾਰ ਹੋਣਗੇ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਕਿੱਕੀ ਢਿੱਲੋਂ ਦੀ ਕੋਠੀ ਅੱਗੇ ਜਾ ਕੇ ਖੁਦ ਨੂੰ ਅੱਗ ਲਾ ਲਵੇਗੀ।
ਕਾਂਗੜ ਅਤੇ ਕਿੱਕੀ ਢਿੱਲੋਂ ਖਿਲਾਫ ਕਾਰਵਾਈ ਦੀ ਉੱਠੀ ਮੰਗ
ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਬੇਅਦਬੀ ਮਾਮਲੇ 'ਚ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਗੁਰਪ੍ਰੀਤ ਸਿੰਘ ਕਾਂਗੜ ਅਤੇ ਕਿੱਕੀ ਢਿੱਲੋਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਬਜਟ ਇਜਲਾਸ ਦੇ ਆਖਰੀ ਦਿਨ ਵੀ ਹੰਗਾਮਾ, ਵਿਰੋਧੀਆਂ ਨੇ ਘੇਰੀ ਕਾਂਗਰਸ
'ਪੰਜਾਬ ਭਵਨ' 'ਚ ਕਮਰਾ ਨਾ ਮਿਲਣ ਦਾ ਮੁੱਦਾ ਉੱਠਿਆ
ਪੰਜਾਬ ਵਿਧਾਨ ਸਭਾ 'ਚ ਵਿਧਾਇਕ ਵਰਿੰਦਰਮੀਤ ਸਿੰਘ ਪਾਹੜਾ ਨੇ ਦਿੱਲੀ, ਪੰਜਾਬ ਭਵਨ 'ਚ ਕਮਰਾ ਨਾ ਮਿਲਣ ਦਾ ਮਾਮਲਾ ਚੁੱਕਦੇ ਹੋਏ ਕਿਹਾ ਕਿ ਪੰਜਾਬ ਭਵਨ 'ਚ ਐਡਵੋਕੇਟ ਜਨਰਲ ਅਤੁਲ ਨੰਦਾ ਤੇ ਮੁੱਖ ਸੱਕਤਰ ਦਾ ਕਮਰਾ ਹੈ ਪਰ ਸਪੀਕਰ ਦਾ ਕਮਰਾ ਨਹੀਂ ਹੈ। ਉਨ੍ਹਾਂ ਨੇ ਸਪੀਕਰ ਤੋਂ ਅਤੁਲ ਨੰਦਾ ਤੇ ਮੁੱਖ ਸਕੱਤਰ ਤੋਂ 3 ਸਾਲਾਂ ਦਾ ਕਿਰਾਇਆ ਵਸੂਲਣ ਦੀ ਗੱਲ ਕਹੀ। ਪਾਹੜਾ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਦਾ ਕਮਰਾ ਬੁੱਕ ਕਰਵਾਇਆ ਹੈ ਪਰ ਅਜੇ ਤੱਕ ਬੁਕਿੰਗ ਨਹੀਂ ਹੋ ਸਕੀ ਹੈ।