ਮੇਅਰ ਸਮੇਤ ਕਈ ਕੱਦਾਵਰ ਕਾਂਗਰਸੀ ਕੌਂਸਲਰ ਆਪਣੇ-ਆਪਣੇ ਵਾਰਡਾਂ ’ਚੋਂ ਹੀ ਹਾਰ ਗਏ

03/12/2022 3:08:50 PM

ਜਲੰਧਰ (ਖੁਰਾਣਾ)– ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਜਲੰਧਰ ਦੇ 2 ਕਾਂਗਰਸੀ ਵਿਧਾਇਕ ਤਾਂ ਦੋਬਾਰਾ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਰਹੇ ਪਰ ਤਾਕਤਵਰ ਮੰਨੇ ਜਾ ਰਹੇ ਬੇਰੀ ਅਤੇ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਮਾਮੂਲੀ ਸਮਝੇ ਜਾ ਰਹੇ ਉਮੀਦਵਾਰਾਂ ਨੇ ਹਰਾ ਦਿੱਤਾ। ਹੁਣ ਪਰਗਟ ਸਿੰਘ ਅਤੇ ਬਾਵਾ ਹੈਨਰੀ ਤਾਂ ਖੈਰ ਆਪਣੀ-ਆਪਣੀ ਜਿੱਤ ਦੇ ਜਸ਼ਨ ਮਨਾਉਣ ਵਿਚ ਲੱਗੇ ਹੋਏ ਹਨ, ਉਥੇ ਹੀ ਹਾਰੇ ਹੋਏ ਉਮੀਦਵਾਰ ਆਪਣੀ ਹਾਰ ਦੇ ਕਾਰਨਾਂ ’ਤੇ ਚਿੰਤਨ-ਮੰਥਨ ਕਰ ਰਹੇ ਹਨ।

ਸੈਂਟਰਲ ਵਿਧਾਨ ਸਭਾ ਹਲਕੇ ਤੋਂ ਬੇਰੀ ਦੀ ਹਾਰ ’ਤੇ ਚਰਚਾ ਕਰਨ ਬੈਠੇ ਬੇਰੀ ਦੀ ਟੀਮ ਦੇ ਮੈਂਬਰ ਮੰਨਦੇ ਹਨ ਕਿ ਇਸ ਵਾਰ ਚੋਣਾਂ ਵਿਚ ਉਨ੍ਹਾਂ ਨੂੰ ਮੇਅਰ ਜਗਦੀਸ਼ ਰਾਜ ਰਾਜਾ ਅਤੇ ਉਨ੍ਹਾਂ ਦੀ ਧਰਮਪਤਨੀ ਅਨੀਤਾ ਰਾਜਾ ਦੇ ਵਾਰਡਾਂ ਵਿਚੋਂ ਵੀ ਹਾਰ ਦਾ ਮੂੰਹ ਵੇਖਣ ਨੂੰ ਮਿਲਿਆ, ਜਦਕਿ ਇਹ ਦੋਵੇਂ ਵਾਰਡ ਕਾਂਗਰਸ ਦਾ ਗੜ੍ਹ ਸਮਝੇ ਜਾਂਦੇ ਹਨ। ਇਸ ਵਾਰ ਇਨ੍ਹਾਂ ਵਾਰਡਾਂ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਾਲੇ ਵਧੇਰੇ ਵੋਟਾਂ ਲੈ ਗਏ। ਬੇਰੀ ਨੂੰ ਤਾਂ ਕੱਦਾਵਰ ਸਮਝੇ ਜਾਂਦੇ ਕਾਂਗਰਸੀ ਕੌਂਸਲਰਾਂ ਵਿਮਲਾ ਦਕੋਹਾ, ਮਨਦੀਪ ਕੌਰ ਮੁਲਤਾਨੀ, ਕਮਲਜੀਤ ਕੌਰ ਗੁੱਲੂ, ਬੰਟੀ ਨੀਲਕੰਠ, ਮਨਜੀਤ ਕੌਰ, ਬੱਬੀ ਚੱਢਾ, ਪੱਲਨੀ ਸਵਾਮੀ, ਡੌਲੀ ਸੈਣੀ, ਮਨਮੋਹਨ ਸਿੰਘ ਰਾਜੂ, ਪ੍ਰਵੀਨਾ ਮਨੂ ਅਤੇ ਜਗਦੀਸ਼ ਦਕੋਹਾ ਦੇ ਵਾਰਡਾਂ ਵਿਚੋਂ ਵੀ ਹਾਰ ਹੀ ਨਸੀਬ ਹੋਈ ਅਤੇ ਇਨ੍ਹਾਂ ਵਾਰਡਾਂ ਵਿਚੋਂ ਅਕਾਲੀ-ਭਾਜਪਾ ਨੂੰ ਮਿਲਾ ਕੇ ਜ਼ਿਆਦਾ ਵੋਟਾਂ ਪੈ ਗਈਆਂ।

ਇਹ ਵੀ ਪੜ੍ਹੋ: ਟਾਂਡਾ ਵਿਖੇ ਗਊਆਂ ਦੇ ਕਤਲ ਦਾ ਮਾਮਲਾ ਭਖਿਆ, ਹਿੰਦੂ ਸੰਗਠਨਾਂ ਵੱਲੋਂ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਜਾਮ

ਬੇਰੀ ਦੀ ਸਾਖ਼ ਜਿਨ੍ਹਾਂ ਵਾਰਡਾਂ ਵਿਚ ਬਚੀ, ਉਨ੍ਹਾਂ ਵਿਚ ਸ਼ੈਰੀ ਚੱਢਾ, ਰਾਧਿਕਾ ਪਾਠਕ, ਡਾ. ਜਸਲੀਨ ਸੇਠੀ, ਨੀਲਮ ਰਾਣੀ, ਸ਼ਮਸ਼ੇਰ ਸਿੰਘ ਖਹਿਰਾ ਅਤੇ ਮਨਦੀਪ ਜੱਸਲ ਦੇ ਵਾਰਡ ਪ੍ਰਮੁੱਖ ਹਨ। ਇਸ ਕਾਰਨ ਬੇਰੀ ਦੀ ਟੀਮ ਇਹ ਮੰਨ ਕੇ ਚੱਲ ਰਹੀ ਹੈ ਕਿ ਚੋਣਾਂ ਤੋਂ ਪਹਿਲਾਂ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਨਾਲ ਚੱਲ ਰਹੇ ਲਗਭਗ 8 ਕੌਂਸਲਰਾਂ ਨੇ ਬਗਾਵਤ ਦਾ ਜਿਹੜਾ ਬਿਗੁਲ ਵਜਾਇਆ ਸੀ, ਉਸ ਦੇ ਅਨੁਸਾਰ ਹੀ ਸਾਰਾ ਕੰਮ ਸਿਰੇ ਚੜ੍ਹਾਇਆ ਗਿਆ ਅਤੇ ਜਿਹੜੇ ਕੌਂਸਲਰ ਮੰਨ ਵੀ ਗਏ ਸਨ, ਉਨ੍ਹਾਂ ਆਪਣੇ ਵਾਰਡਾਂ ਵਿਚ ਮਿਹਨਤ ਨਹੀਂ ਕੀਤੀ, ਜਿਸ ਕਾਰਨ ਬੇਰੀ ਨੂੰ ਪਿੱਛੜਨਾ ਪਿਆ।

ਇਹ ਵੀ ਪੜ੍ਹੋ: ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 4 ਦਿਨ ਰੱਦ ਰਹਿਣਗੀਆਂ ਇਹ ਟਰੇਨਾਂ

ਉਮਾ ਬੇਰੀ ਦੇ ਵਾਰਡ ’ਚੋਂ ਹੀ ਬੇਰੀ ਦਾ ਹਾਰਨਾ ਹੈਰਾਨੀਜਨਕ
ਬੇਰੀ ਦੀ ਟੀਮ ਦੇ ਮੈਂਬਰ ਮੇਅਰ ਰਾਜਾ ਅਤੇ ਅੱਧੀ ਦਰਜਨ ਤੋਂ ਵੱਧ ਕੌਂਸਲਰਾਂ ’ਤੇ ਬਗਾਵਤ ਕਰ ਕੇ ਵਿਰੋਧ ਕਰਨ ਜਾਂ ਚੋਣਾਂ ਵਿਚ ਮਿਹਨਤ ਨਾ ਕਰਨ ਦੇ ਦੋਸ਼ ਤਾਂ ਲਾ ਸਕਦੇ ਹਨ ਪਰ ਇਹ ਗੱਲ ਸਭ ਤੋਂ ਹੈਰਾਨੀਜਨਕ ਰਹੀ ਕਿ ਵਿਧਾਇਕ ਬੇਰੀ ਦੀ ਧਰਮਪਤਨੀ ਉਮਾ ਬੇਰੀ ਦੇ ਆਪਣੇ ਵਾਰਡ ਵਿਚੋਂ ਹੀ ਰਾਜਿੰਦਰ ਬੇਰੀ ਲਗਭਗ 87 ਵੋਟਾਂ ਨਾਲ ਪਿੱਛੇ ਰਹਿ ਗਏ ਅਤੇ ਉਥੇ ਆਮ ਆਦਮੀ ਪਾਰਟੀ ਤੇ ਭਾਜਪਾ ਨੂੰ ਜ਼ਿਆਦਾ ਵੋਟਾਂ ਮਿਲ ਗਈਆਂ। ਉਮਾ ਬੇਰੀ ਦੇ ਮਾਮਲੇ ਵਿਚ ਇਹ ਪ੍ਰਸਿੱਧ ਹੈ ਕਿ ਉਨ੍ਹਾਂ ਵੀ ਆਪਣੀਆਂ ਸਮਾਜਿਕ ਸਰਗਰਮੀਆਂ ਬਰਾਬਰ ਵਧਾਈਆਂ ਹੋਈਆਂ ਸਨ ਅਤੇ ਨਿਗਮ ਨਾਲ ਸਬੰਧਤ ਵਧੇਰੇ ਕੰਮ ਉਹ ਖ਼ੁਦ ਕਰਦੇ ਸਨ। ਉਨ੍ਹਾਂ ਕਿੱਟੀ ਪਾਰਟੀਆਂ ਜ਼ਰੀਏ ਵੀ ਕਾਂਗਰਸੀ ਕੌਂਸਲਰਾਂ ਦੀਆਂ ਪਤਨੀਆਂ ਅਤੇ ਹੋਰਨਾਂ ਨਾਲ ਸੰਪਰਕ ਬਣਾਏ ਹੋਏ ਹਨ ਪਰ ਕਿੱਟੀ ਪਾਰਟੀ ਕਲਚਰ ਦਾ ਉਨ੍ਹਾਂ ਨੂੰ ਜ਼ਿਆਦਾ ਲਾਭ ਹੁੰਦਾ ਦਿਸਿਆ ਨਹੀਂ। ਉਨ੍ਹਾਂ ਦੀ ਕਿੱਟੀ ਪਾਰਟੀ ਮੈਂਬਰ ਪ੍ਰਵੀਨਾ ਮਨੂ ਅਤੇ ਡੌਲੀ ਸੈਣੀ ਦੇ ਵਾਰਡਾਂ ਵਿਚੋਂ ਵੀ ਬੇਰੀ ਪਿੱਛੜ ਗਏ।

ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ SBI ਦਾ ATM ਤੋੜ ਕੇ ਲੁੱਟੀ 23 ਲੱਖ ਦੀ ਨਕਦੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News