ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ’ਚ ਨਵੀਂ ਸਰਕਾਰ ਲਈ ਚੁਣੌਤੀ ਹੋਣਗੇ ‘6-ਬੀ’

Sunday, Mar 06, 2022 - 11:01 AM (IST)

ਜਲੰਧਰ (ਜਗ ਬਾਣੀ ਟੀਮ)- ਬੀ. ਬੀ. ਐੱਮ. ਬੀ., ਬੀ. ਐੱਸ. ਐੱਫ., ਭੁੱਲਰ, ਬਿਕਰਮ ਸਿੰਘ ਮਜੀਠੀਆ, ਬੰਦ ਅਤੇ ਬੰਨ੍ਹ ਸੁਰੱਖਿਆ-ਅੰਗਰੇਜ਼ੀ ਦੇ ਇਹ ‘ਬੀ’ ਐਲਫਾਬੈਟ ਨਾਲ ਸ਼ੁਰੂ ਹੋਣ ਵਾਲੇ 6 ਸ਼ਬਦ ਹਨ, ਜੋ ਪੰਜਾਬ ਦੀ ਸਿਆਸਤ ’ਚ ਪਿਛਲੇ ਕੁਝ ਦਿਨਾਂ ’ਚ ਵਧੇਰੇ ਚਰਚਾ ’ਚ ਹਨ। 10 ਮਾਰਚ ਨੂੰ ਸੂਬੇ ਨੂੰ ਇਕ ਨਵੀਂ ਸਰਕਾਰ ਮਿਲ ਜਾਵੇਗੀ ਪਰ ਇਹ ‘6-ਬੀ’ ਸਰਕਾਰ ਦੀ ਪਿੱਛਾ ਨਹੀਂ ਛਡਣਗੇ। ਸੂਬੇ ’ਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਰੱਸਾਕਸ਼ੀ ਵੀ ਤੇਜ਼ ਹੋਵੇਗੀ। ਮੰਤਰੀਆਂ ਦੇ ਅਹੁਦਿਆਂ ਨੂੰ ਲੈ ਕੇ ਵੀ ਖਿਚੋਤਾਨ ਚਲੇਗੀ ਪਰ ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ, ਜਿਸ ਦਿਨ ‘6-ਬੀ’ ’ਤੇ ਕੋਈ ਚਰਚਾ ਨਾ ਹੋਏ।
ਇਨ੍ਹਾਂ 6 ਮੁੱਦਿਆਂ ਨੂੰ ਸਰਕਾਰ ਕਿਵੇਂ ਸੰਭਾਲਦੀ ਹੈ, ਇਹ ਇਕ ਵੱਡਾ ਸਵਾਲ ਹੋਵੇਗਾ।

ਪੰਜਾਬ ਦੇ ਕੇਂਦਰ ਨਾਲ ਜੁੜੇ ਕੁਝ ਮਾਮਲੇ ਕਿਸੇ ਵੀ ਗੈਰ ਭਾਜਪਾ ਸਰਕਾਰ ਦੇ ਬਣਨ ’ਤੇ ਚਰਚਾ ’ਚ ਰਹਿਣਗੇ। ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਬੀ. ਬੀ. ਐੱਮ. ਬੀ. ’ਚ ਪੰਜਾਬ ਦੀ ਦਖ਼ਲਅੰਦਾਜ਼ੀ ਖ਼ਤਮ ਕਰ ਦਿੱਤੀ ਹੈ। ਕੇਂਦਰ ਨੇ ਸੂਬੇ ’ਚ ਡੈਮ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਸ ਨੂੰ ਬਾਹਰ ਕਰ ਦਿੱਤਾ ਹੈ। ਇਹ 2 ਮੁੱਦੇ ਆਉਣ ਵਾਲੇ ਦਿਨਾਂ ’ਚ ਪੰਜਾਬ ਦੀ ਸਿਆਸਤ ਦਾ ਅਹਿਮ ਹਿੱਸਾ ਬਨਣਗੇ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਕੇਂਦਰ ਵੱਲੋਂ ਕਿਸੇ ਇਕ-ਅੱਧੇ ਹੋਰ ਸਰਕਾਰੀ ਮਹਿਕਮੇ ਤੋਂ ਪੰਜਾਬ ਨੂੰ ਬਾਹਰ ਕਰ ਦਿੱਤਾ ਜਾਵੇ। ਪੰਜਾਬ ’ਚ ਕੇਂਦਰ ਪਹਿਲਾਂ ਹੀ ਬੀ. ਐੱਸ. ਐੱਫ਼. ਦਾ ਅਧਿਕਾਰ ਖੇਤਰ ਸਰਹੱਦ ਤੋਂ 50 ਕਿਲੋਮੀਟਰ ਅੰਦਰ ਤੱਕ ਕਰਨ ਦਾ ਹੁਕਮ ਜਾਰੀ ਕਰ ਚੁਕਾ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਡਿਪਟੀ ਕਮਿਸ਼ਨਰ ਪੁਲਸ ਵੱਲੋਂ ਰੈਸਟੋਰੈਂਟ, ਕਲੱਬ, ਬਾਰ, ਪੱਬ ਸਬੰਧੀ ਹੁਕਮ ਜਾਰੀ

ਜਿਥੋਂ ਤੱਕ ਗੱਲ ਬਿਕਰਮ ਸਿੰਘ ਮਜੀਠੀਆ ਦੀ ਹੈ ਤਾਂ ਪੰਜਾਬ ’ਚ ਆਉਣ ਵਾਲੀ ਸਰਕਾਰ ਲਈ ਇਹ ਇਕ ਵੱਡਾ ਮੁੱਦਾ ਹੋਵੇਗਾ। ਕਾਂਗਰਸ ਸਰਕਾਰ ਨੇ ਆਪਣੇ ਆਖਰੀ 111 ਦਿਨਾਂ ’ਚ ਬਿਕਰਮ ਮਜੀਠੀਆ ਵਿਰੁੱਧ ਡਰੱਗਜ਼ ਦੇ ਮਾਮਲੇ ’ਚ ਪਰਚਾ ਦਰਜ ਕੀਤਾ ਹੈ। ਮਜੀਠੀਆ ਹੁਣ ਜੇਲ੍ਹ ’ਚ ਹਨ। ਆਉਣ ਵਾਲੀ ਸਰਕਾਰ ਇਸ ਮਾਮਲੇ ਨੂੰ ਲੈ ਕੇ ਕਿਵੇਂ ਚਲਦੀ ਹੈ, ਇਹ ਭਵਿੱਖ ਦੇ ਗਰਭ ’ਚ ਹੈ। ਕਾਂਗਰਸ ਨੇ ਪਰਚਾ ਤਾਂ ਦਰਜ ਕਰ ਦਿੱਤਾ ਪਰ ਮਾਮਲੇ ਦੀ ਪੈਰਵੀ ਠੀਕ ਢੰਗ ਨਾਲ ਕਰਨੀ ਜਰੂਰੀ ਹੈ। ਜੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਸ ਲਈ ਵੀ ਇਹ ਮੁੱਦਾ ਬਹੁਤ ਅਹਿਮ ਹੈ। ਡਰੱਗਸ ਦੇ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਮਜੀਠੀਆ ਕੋਲੋਂ ਮੁਆਫ਼ੀ ਮੰਗ ਚੁਕੇ ਹਨ। ਜੇ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਸਪਸ਼ਟ ਹੈ ਕਿ ਇਹ ਕੇਸ ਕਿਸ ਪਾਸੇ ਜਾਏਗਾ। ਮਜੀਠੀਆ ਦੇ ਨਾਲ ਹੀ ਪੰਜਾਬ ’ਚ ਦਵਿੰਦਰ ਸਿੰਘ ਭੁੱਲਰ ਦਾ ਮਾਮਲਾ ਵੀ ਚਰਚਾ ’ਚ ਹੈ। 1993 ’ਚ ਦਿੱਲੀ ’ਚ ਹੋਏ ਬੰਬ ਧਮਾਕਿਆਂ ’ਚ ਫਾਂਸੀ ਦੀ ਸਜ਼ਾ ਪ੍ਰਾਪਤ ਭੁੱਲਰ ਅਜੇ ਵੀ ਜੇਲ੍ਹ ’ਚ ਹੈ। ਉਸ ਦੀ ਮਾਨਸਿਕ ਹਾਲਤ ਨੂੰ ਵੇਖਦੇ ਹੋਏ ਉਸ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲ ਦਿੱਤਾ ਗਿਆ ਸੀ। ਭੁੱਲਰ 24 ਸਾਲ ਦੀ ਸਜ਼ਾ ਕੱਟ ਚੁਕਾ ਹੈ ਪਰ ਅਜੇ ਤੱਕ ਉਸ ਦੀ ਰਿਹਾਈ ਨਹੀਂ ਹੋਈ। ਇਹ ਮੁੱਦਾ ਵੀ ਆਉਣ ਵਾਲੀ ਸਰਕਾਰ ਲਈ ਗੰਭੀਰ ਹੋਵੇਗਾ।

ਇਹ ਵੀ ਪੜ੍ਹੋ: ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਜਿਥੋਂ ਤੱਕ ਗੱਲ ‘ਬੰਦ’ ਦੀ ਹੈ ਤਾਂ ਕਿਸਾਨ ਨੇਤਾ ਰਾਕੇਸ਼ ਟਿਕੈਤ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੀ ਹਾਲਤ ’ਚ ਬੰਦ ਅਤੇ ਅੰਦੋਲਨ ਮੁੜ ਤੋਂ ਸ਼ੁਰੂ ਕਰਨ ਦੀ ਚੇਤਾਵਨੀ ਦੇ ਚੁਕੇ ਹਨ। ਕੇਂਦਰ ਨਾਲ ਜੁੜੇ ਇਸ ਮਸਲੇ ਨੂੰ ਆਉਣ ਵਾਲੀ ਨਵੀਂ ਪੰਜਾਬ ਸਰਕਾਰ ਕਿਸ ਤਰ੍ਹਾਂ ਨਜਿਠਦੀ ਹੈ, ਇਹ ਇਕ ਬਹੁਤ ਵੱਡਾ ਮਾਮਲਾ ਹੈ। ਬੇਸ਼ੱਕ ਗੈਰ ਭਾਜਪਾ ਸਰਕਾਰ ਬਣਨ ’ਤੇ ਇਸ ਮਾਮਲੇ ਨੂੰ ਉਛਾਲਿਆ ਜਾ ਸਕਦਾ ਹੈ ਅਤੇ ਸੂਬੇ ’ਚ ਕਿਸਾਨਾਂ ਨੂੰ ਇਕ ਵਾਰ ਮੁੜ ਤੋਂ ਦਿੱਲੀ ਵੱਲ ਕੁੱਚ ਕਰਵਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਯੂਕ੍ਰੇਨੀ ਫ਼ੌਜ ਨੇ ਸੈਂਕੜੇ ਲੋਕਾਂ ਨੂੰ ਵੀਰਾਨ ਇਲਾਕੇ ’ਚ ਛੱਡਿਆ, ਬਲੈਕਆਊਟ ’ਚ ਕੱਟ ਰਹੇ ਰਾਤਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News