ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ, ਹੰਗਾਮੇਦਾਰ ਹੋਣ ਦੇ ਆਸਾਰ

02/20/2020 9:18:32 AM

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ 28 ਫਰਵਰੀ ਤੱਕ ਚੱਲੇਗਾ। ਇਸ ਦੇ ਹੰਗਾਮੇਦਾਰ ਹੋਣ ਦੇ ਆਸਾਰ ਹਨ। ਇਹ ਸੈਸ਼ਨ ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਵੇਗੀ ਅਤੇ ਦੁਪਹਿਰ 12 ਵਜੇ ਦੁਬਾਰਾ ਸ਼ੁਰੂ ਹੋਣ ਵਾਲਾ ਸੈਸ਼ਨ ਗੈਰ-ਸਰਕਾਰੀ ਕੰਮਾਂ ਲਈ ਰਾਖਵਾਂ ਕੀਤਾ ਗਿਆ ਹੈ। ਵਿਧਾਨਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਵਲੋਂ ਜਾਰੀ ਸ਼ੈਡਿਊਲ ਅਨੁਸਾਰ 28 ਫਰਵਰੀ ਤੱਕ ਚੱਲਣ ਵਾਲੇ ਇਸ ਸੈਸ਼ਨ ਦੌਰਾਨ 3 ਦਿਨ ਭਾਵ 21, 22 ਅਤੇ 23 ਫਰਵਰੀ ਨੂੰ ਜਨਤਕ ਛੁੱਟੀ ਕਾਰਣ ਵਿਧਾਨ ਸਭਾ ਦੀ ਕਾਰਵਾਈ ਨਹੀਂ ਹੋਵੇਗੀ।

24 ਫਰਵਰੀ ਨੂੰ ਆਯੋਜਿਤ ਹੋਣ ਵਾਲੇ ਦੋਵਾਂ ਇਜਲਾਸਾਂ 'ਚ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਮਤਾ ਅਤੇ ਚਰਚਾ, 25 ਫਰਵਰੀ ਨੂੰ ਸਾਲ 2018-19 ਦੀਆਂ ਕੈਗ ਰਿਪੋਰਟਾਂ ਸਦਨ ਦੇ ਪਟਲ 'ਤੇ ਰੱਖੀਆਂ ਜਾਣਗੀਆਂ। ਇਸ ਤੋਂ ਇਲਾਵਾ ਸਰਕਾਰ ਵਲੋਂ ਚਾਲੂ ਵਿੱਤ ਸਾਲ ਲਈ ਗ੍ਰਾਂਟ ਦੀ ਅਨੁਪੂਰਕ ਮੰਗਾਂ (ਡਿਮਾਂਡਸ ਫਾਰ ਸਪਲੀਮੈਂਟਰੀ ਗ੍ਰਾਂਟਸ) ਪੇਸ਼ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਮੰਗਾਂ 'ਤੇ ਐਪ੍ਰੋਪ੍ਰੀਏਸ਼ਨ ਬਿੱਲ ਪੇਸ਼ ਕੀਤਾ ਜਾਵੇਗਾ। ਉਸੇ ਦਿਨ ਵਿੱਤ ਮੰਤਰੀ ਸਾਲ 2020-21 ਲਈ ਬਜਟ ਮਤਾ ਪੇਸ਼ ਕਰਨਗੇ। 26 ਫਰਵਰੀ ਨੂੰ ਬਜਟ ਪ੍ਰਸਤਾਵਾਂ 'ਤੇ ਬਹਿਸ ਹੋਵੇਗੀ, 27 ਫਰਵਰੀ ਗੈਰ-ਸਰਕਾਰੀ ਕਾਰਜ ਲਈ ਯਕੀਨੀ ਬਣਾਇਆ ਗਿਆ ਹੈ। 28 ਫਰਵਰੀ ਨੂੰ ਬਜਟ ਮਤਾ ਪਾਸ ਕਰਵਾਉਣ ਅਤੇ ਬਜਟ ਪ੍ਰਸਤਾਵਾਂ 'ਤੇ ਐਪ੍ਰੋਪ੍ਰੀਏਸ਼ਨ ਬਿੱਲ ਪੇਸ਼ ਕਰਨ ਅਤੇ ਹੋਰ ਵਿਦਾਈ ਕੰਮਾਂ ਤੋਂ ਬਾਅਦ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਜਾਵੇਗਾ।


cherry

Content Editor

Related News