ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਕਈ ਬਿਲਾਂ ''ਤੇ ਲੱਗੀ ਮੋਹਰ
Friday, Jun 23, 2017 - 02:14 PM (IST)
ਚੰਡੀਗੜ੍ਹ — ਪੰਜਾਬ ਵਿਧਾਨ ਸਭਾ 'ਚ ਅੱਜ 11 ਬਿਲ ਪੇਸ਼ ਕੀਤੇ ਗਏ, ਜਿਨ੍ਹਾਂ ਤੋਂ ਕੁਝ ਬਿਲ ਪਾਸ ਕਰ ਦਿੱਤੇ ਗਏ।
1 ਪੰਜਾਬ ਸਹਿਕਾਰੀ ਸਭਾ (ਸੁਧਾਰ) ਬਿਲ 2017 ਪਾਸ
ਇਸ 'ਚ ਸਭ ਤੋਂ ਪਹਿਲਾਂ ਪੰਜਾਬ ਸਹਿਕਾਰੀ ਸਭਾ ਏਕਟ ਦੀ ਜ਼ਮੀਨ ਕੁਰਕੀ ਦੀ ਧਾਰਾ 67-ਏ ਖਤਮ ਕਰਨ ਸਬੰਧੀ ਬਿਲ ਪਾਸ ਕੀਤਾ ਗਿਆ। ਇਸ ਬਿਲ ਦੇ ਮੁਤਾਬਕ ਕੋਈ ਵੀ ਸਹਿਕਾਰੀ ਬੈਂਕ ਕਿਸਾਨਾਂ ਦੀ ਕੁਰਕੀ ਨਹੀਂ ਕਰ ਸਕੇਗਾ। ਪੰਜਾਬ ਸਰਕਾਰ ਵਲੋਂ ਕੈਬਨਿਟ ਮੀਟਿੰਗ 'ਚ ਲਏ ਗਏ ਫੈਸਲਿਆਂ ਦੇ ਤਹਿਤ ਪੰਜਾਬ ਵਿਧਾਨ ਸਭਾ ਵਲੋਂ ਪੰਜਾਬ ਸਹਿਕਾਰੀ ਸਭਾਵਾਂ ਸੁਧਾਰ ਬਿਲ 2017 ਪਾਸ ਕਰਕੇ ਦਿੱਤਾ ਗਿਆ ਹੈ। ਹਾਲਾਕਿ ਸਹਿਕਾਰੀ ਸੰਸਥਾਵਾਂ ਇਸ ਫੈਸਲੇ ਦੇ ਪੱਖ 'ਚ ਨਹੀਂ ਸੀ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਅਫਸੋਸ ਜ਼ਾਹਿਰ ਕੀਤਾ ਸੀ ਕਿ ਇਹ ਫੈਸਲਾ ਲਾਗੂ ਹੋਣ ਤੋਂ ਬਾਅਦ ਕੋਈ ਵੀ ਕਿਸਾਨ ਕਰਜ਼ ਵਾਪਸ ਨਹੀਂ ਕਰੇਗਾ ਪਰ ਮੁੱਖ ਮੰਤਰੀ ਨੇ ਸਾਫ ਕਰ ਦਿੱਤਾ ਕਿ ਇਹ ਫੈਸਲਾ ਉਨ੍ਹਾਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੈ ਲਿਹਾਜਾ ਉਹ ਹਰ ਹਾਲ 'ਚ ਇਸ ਲਾਗੂ ਕਰਨਗੇ। ਜਿਸ ਦੇ ਮੱਦੇਨਜ਼ਰ ਅੱਜ ਪੰਜਾਬ ਵਿਧਾਨ ਸਭਾ ਵਲੋਂ ਬਿਲ ਨੂੰ ਪਾਸ ਕਰ ਕੇ ਇਸ ਫੈਸਲੇ 'ਤੇ ਕਾਨੂੰਨੀ ਮੋਹਰ ਲਗਾ ਦਿੱਤੀ ਹੈ।
2 ਖਾਲਸਾ ਯੂਨੀਵਰਸਿਟੀ (ਰੀ-ਅਪੀਲ) ਬਿਲ 2017
ਇਸ ਤੋਂ ਬਾਅਦ ਯੂਨੀਵਰਸਿਟੀ ਰੀ-ਅਪੀਲ ਬਿਲ ਪਾਸ ਕੀਤਾ ਗਿਆ। ਇਸ ਮੁਤਾਬਕ ਕਾਲਜ ਦਾ ਹੀ ਸਟੇਟਸ ਰਹੇਗਾ, ਯੂਨੀਵਰਸਿਟੀ ਦਾ ਨਹੀਂ।
3 ਪੰਚਾਇਤੀ ਰਾਜ ਤੇ ਨਗਰ ਨਿਗਮ 'ਚ ਮਿਲੇਗੀ ਮਹਿਲਾਵਾਂ ਨੂੰ 50 ਫੀਸਦੀ ਹਿੱਸੇਦਾਰੀ
ਇਸ ਬਿਲ ਮੁਤਾਬਕ ਪੰਜਾਬ ਦੇ ਸਾਰੇ ਪੰਚਾਇਤੀ ਰਾਜ ਸੰਸਥਾਨਾਂ,ਨਗਰ ਨਿਗਮਾਂ 'ਚ ਮਹਿਲਾਵਾਂ ਨੂੰ 50 ਫੀਸਦੀ ਹਿੱਸੇਦਾਰੀ ਮਿਲੇਗੀ। ਜਿਸ ਸਬੰਧਤ ਪੰਜਾਬ ਵਿਧਾਨ ਸਭਾ ਵਲੋਂ ਵੱਖ-ਵੱਖ ਸੋਧ ਬਿਲ ਪਾਸ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਪਹਿਲਾ ਇਨ੍ਹਾਂ ਸੰਸਥਾਨਾਂ 'ਚ ਮਹਿਲਾਵਾਂ ਨੂੰ 33 ਫੀਸਦੀ ਹਿੱਸੇਦਾਰੀ ਮਿਲਦੀ ਸੀ ਪਰ ਕਾਂਗਰਸ ਸਰਕਾਰ ਨੇ ਇਸ ਨੂੰ 33 ਫੀਸਦੀ ਤੋਂ ਵੱਧਾ ਕੇ 50 ਫੀਸਦੀ ਕਰਨ ਦਾ ਫੈਸਲਾ ਕੀਤਾ ਸੀ।
4 ਪੰਜਾਬ ਆਬਕਾਰੀ ਸੁਧਾਰ ਬਿਲ 2017 ਪਾਸ
ਪੰਜਾਬ 'ਚ ਹੁਣ ਹਾਈਵੇ ਤੋਂ 500 ਮੀਟਰ ਦੇ ਘੇਰੇ 'ਚ ਆਉਂਦੇ ਬਾਰ, ਰੈਸਟੋਰੈਂਟ ਤੇ ਕਲਬ ਸ਼ਰਾਬ ਦਾ ਇਸਤੇਮਾਲ ਕਰ ਸਕਣਗੇ। ਇਸ ਸਬੰਧਿਤ ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਲਏ ਗਏ ਫੈਸਲੇ ਦੇ ਤਹਿਤ ਪੰਜਾਬ ਵਿਧਾਨ ਸਭਾ ਵਲੋਂ ਪੰਜਾਬ ਆਬਕਾਰੀ ਸੁਧਾਰ ਬਿਲ 2017 ਪਾਸ ਕਰ ਦਿੱਤਾ ਗਿਆ ਹੈ। ਸਰਕਾਰ ਦਾ ਤਰਕ ਹੈ ਕਿ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਸ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਦਾ ਵੱਡਾ ਪ੍ਰਭਾਵ ਪਿਆ ਸੀ ਲਿਹਾਜ਼ਾ ਸਰਕਾਰ ਨੇ ਇਹ ਬਿਲ ਲਿਆ ਕੇ ਇਸ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਰਾਹਤ ਦਿੱਤੀ ਹੈ ਕਿ ਹਾਈਵੇ ਦੇ 500 ਮੀਟਰ ਦੇ ਘੇਰੇ 'ਚ ਪੈਂਦੇ ਸਾਰੇ ਬਾਰ, ਰੈਸਟੋਰੈਂਟ ਆਪਣੇ ਗਾਹਕਾਂ ਨੂੰ ਸ਼ਰਾਬ ਪਿਲਾ ਤਾਂ ਸਕਣਗੇ ਪਰ ਉਨ੍ਹਾਂ ਵਲੋਂ ਸ਼ਰਾਬ ਵੇਚਣ 'ਤੇ ਪਾਬੰਦੀ ਲਾਗੂ ਰਹੇਗੀ।