ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਅਕਾਲੀਆਂ ਦਾ ਹੰਗਾਮਾ, ਜਾਣੋ ਕਿਹੜੇ ਮੁੱਦੇ ਗੂੰਜੇ (ਵੀਡੀਓ)

03/22/2018 10:53:21 AM

ਚੰਡੀਗੜ੍ਹ (ਰਮਨਦੀਪ ਸੋਢੀ) : ਪੰਜਾਬ ਵਿਧਾਨ ਸਭਾ 'ਚ ਬਜਟ ਸ਼ੈਸਨ ਦੇ ਦੂਜੇ ਦਿਨ ਦੀ ਕਾਰਵਾਈ ਨੂੰੰ ਅਕਾਲੀ ਦਲ ਦੇ ਹੰਗਾਮੇ ਦੌਰਾਨ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸੈਸ਼ਨ 'ਚ ਸਭ ਤੋਂ ਪਹਿਲਾਂ ਗਵਰਨਰ ਦੇ ਭਾਸ਼ਣ 'ਤੇ ਬਹਿਸ ਹੋਈ, ਜਿਸ ਦੌਰਾਨ ਵਿਧਾਇਕਾਂ ਵੱਲੋਂ ਸਰਕਾਰ ਤੋਂ ਪੰਜਾਬ ਦੇ ਮਸਲਿਆਂ 'ਤੇ ਸਵਾਲ ਕੀਤਾ ਗਿਆ। ਇਸ ਦੌਰਾਨ ਆਪ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕੈਪਟਨ ਤੋਂ ਪੁੱਛਿਆ ਕਿ ਖਾਲੀ ਅਸਾਮੀਆਂ ਕਦੋਂ ਭਰੀਆਂ ਜਾਣਗੀਆਂ ਅਤੇ ਐੱਸ. ਐੱਸ. ਬੋਰਡ ਕਦੋਂ ਬਣਾਇਆ ਜਾਵੇਗਾ। ਕੈਪਟਨ ਨੇ ਸੁਖਪਾਲ ਖਹਿਰਾ ਨੂੰ ਜਵਾਬ ਦਿੱਤਾ ਕਿ ਸਰਕਾਰ ਦੀ ਆਰਥਿਕ ਹਾਲਤ ਬਾਰੇ ਖਹਿਰਾ ਜਾਣਦੇ ਹਨ ਅਤੇ ਅਸੀਂ ਜਲਦੀ ਹੀ ਅਸਾਮੀਆਂ ਭਰਾਂਗੇ। ਖਹਿਰਾ ਨੇ ਕਿਹਾ ਕਿ ਜੇਕਰ ਆਰਥਿਕ ਹਾਲਾਤ ਮਾੜੇ ਹਨ ਤਾਂ ਫਿਰ ਨੌਕਰੀ ਮੇਲਿਆਂ ਦਾ ਕੀ ਮਤਲਬ, ਇਸ 'ਤੇ ਕੈਪਟਨ ਨੇ ਖਹਿਰਾ ਨੂੰ ਜਵਾਬ ਦਿੰਦਿਆਂ ਕਿਹਾ ਕਿ 'ਲਿਟਲ ਨੌਲਜ ਇਜ਼ ਏ ਡੇਂਜਰਸ ਥਿੰਗ'। ਕੈਪਟਨ ਨੇ ਕਿਹਾ ਕਿ ਅਸੀਂ ਹਜ਼ਾਰਾਂ ਨੌਕਰੀਆਂ ਦੇ ਚੁੱਕੇ ਹਾਂ, ਜਿਸ ਬਾਰੇ ਸੁਖਪਾਲ ਖਹਿਰਾ ਨਹੀਂ ਜਾਣਦੇ। 
ਗੂੰਜਿਆ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਦਾ ਮੁੱਦਾ
ਵਿਧਾਨ ਸਭਾ 'ਚ ਸ. ਭਗਤ ਸਿੰਘ ਦਾ ਮੁੱਦਾ ਵੀ ਗੂੰਜਿਆ, ਜਿਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੀ ਮੰਗ ਕੀਤੀ। ਸਿਮਰਜੀਤ ਬੈਂਸ ਨੇ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਸਰਕਾਰ ਦੀ ਕੋਈ ਅਜਿਹੀ ਤਜਵੀਜ ਹੈ, ਜਿਸ ਵਿੱਚ ਉਹ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਕੇਂਦਰ ਨੂੰ ਕੋਈ ਪ੍ਰਸਤਾਵ ਪਾਸ ਕਰਕੇ ਭੇਜਣਗੇ। ਇਸ 'ਤੇ ਸਿਧੂ ਨੇ ਜਵਾਬ ਦਿੱਤਾ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀ ਹੁੰਦੀ ਪਰ ਫਿਰ ਵੀ ਉਹ ਉਨ੍ਹਾਂ ਦੀ ਸਲਾਹ 'ਤੇ ਗੌਰ ਕਰਨਗੇ। ਉਨ੍ਹਾ ਕਿਹਾ ਕਿ ਭਗਤ ਸਿੰਘ ਜੀ ਆਪਣੇ ਆਪ ਚ ਇੱਕ ਸੰਸਥਾ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਖਟਕੜ ਕਲਾਂ ਸਮਾਗਮ 'ਤੇ ਤਿੰਨ ਕਰੋੜ ਰੁਪਇਆ ਖਰਚ ਚੁੱਕੇ ਹਾਂ ਅਤੇ ਇਸ ਤੋਂ ਇਲਾਵਾ 15 ਕਰੋੜ ਰੁਪਿਆ ਹੁਸੈਨੀਵਾਲਾ ਬਾਰਡਰ ਦੇ ਲਈ ਵੀ ਕੇਂਦਰ ਤੋਂ ਮੰਗਿਆ ਹੈ।
ਅਕਾਲੀ ਦਲ ਦਾ ਹੰਗਾਮਾ 
ਵਿਧਾਨ ਸਭਾ 'ਚ ਅਕਾਲੀ ਦਲ ਨੇ ਕੰਮ ਰੋਕੂ ਮਤਾ ਪੇਸ਼ ਕੀਤਾ, ਜਿਸ ਨੂੰ ਸਪੀਕਰ ਵਲੋਂ ਰੱਦ ਕਰ ਦਿਤਾ ਗਿਆ। ਅਕਾਲੀ ਦਲ ਕਿਸਾਨੀ ਦੇ ਮੁੱਦੇ 'ਤੇ ਬਹਿਸ ਕਰਨਾ ਚਾਹੁੰਦਾ ਸੀ। ਅਕਾਲੀ ਦਲ ਵਲੋਂ ਸਪੀਕਰ ਵੈਲ 'ਚ ਆ ਕੇ ਨਾਅਰੇਬਾਜ਼ੀ ਕੀਤੀ ਗਈ। ਅਕਾਲੀ ਦਲ ਵਲੋਂ ਕਿਸਾਨ ਕਰਜ਼ਾ ਮੁਆਫੀ ਦੀ ਮੰਗ ਕੀਤੀ ਗਈ।  ਅਕਾਲੀ ਦਲ ਦਾ ਨਾਅਰਾ ਸੀ ਕਿ 'ਕਿਸਾਨਾ ਦਾ ਕਰਜ਼ਾ ਮੁਆਫ ਕਰੋ', ਜਦੋਂ ਕਿ ਕਾਗਰਸੀਆਂ ਦਾ ਨਾਅਰਾ ਹੈ ਕਿ 'ਕਿਸਾਨੀ ਕਰਜ਼ਾ ਚੜ੍ਹਾਉਣ ਵਾਲੇ ਬਾਹਰ ਕਰੋ'। ਇਸ ਹੰਗਾਮੇ ਦੇ ਕਾਰਨ ਹੀ ਵਿਧਾਨ ਸਭਾ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰਨਾ ਪਿਆ।

39 ਭਾਰਤੀਆਂ ਦੇ ਪਰਿਵਾਰਾਂ ਲਈ ਰਾਣਾ ਸੋਢੀ ਨੇ ਮੰਗੀ ਮਦਦ
ਹਲਕਾ ਗੁਰੁਹਰਸਹਾਏ ਤੋਂ ਵਿਧਾਇਕ ਰਾਣਾ ਸੋਢੀ ਨੇ ਮਤਾ ਪੇਸ਼ ਕੀਤਾ ਕਿ ਅਸੀਂ ਕੇਂਦਰ ਤੋਂ ਮੰਗ ਕਰੀਏ ਕਿ 39 ਭਾਰਤੀਆਂ ਦੇ ਪਰਿਵਾਰਾਂ ਨੂੰ ਇੱਕ-ਇੱਕ ਸਰਕਾਰੀ ਨੌਕਰੀ ਅਤੇ ਇੱਕ-ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ। ਰਾਣਾ ਸੋਢੀ ਦੇ ਇਸ ਮਤੇ 'ਤੇ ਸਾਰੇ ਵਿਧਾਇਕਾਂ ਦੀ ਸਹਿਮਤੀ ਮੰਗੀ ਹੈ ਪਰ ਅਕਾਲੀ ਦਲ ਦੇ ਰੌਲੇ-ਰੱਪੇ 'ਚ ਮਤੇ 'ਤੇ ਕੋਈ ਗੱਲ ਨਹੀਂ ਹੋ ਸਕੀ।  

ਸੁਖਜਿੰਦਰ ਸਿੰਘ ਰੰਧਾਵਾ ਅਕਾਲੀ ਦਲ 'ਤੇ ਵਰ੍ਹੇ
ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਨੇ ਅਕਾਲੀ ਦਲ ਨੂੰ ਕਰੜੇ ਹੱਥੀਂ ਲਿਆ। ਵਿਧਾਨ ਸਭਾ 'ਚ ਬੋਲਿਦਆਂ ਰੰਧਾਵਾ ਨੇ ਕਿਹਾ ਕਿ ਹੁਣ ਅਕਾਲੀ ਫੂਲਾ ਸਿੰਘ ਵਾਲਾ ਅਕਾਲੀ ਦਲ ਨਹੀ ਰਿਹਾ। ਇਹ ਹੁਣ ਅਹਿਮਦ ਸ਼ਾਹ ਅਬਦਾਲੀ ਵਾਲਾ ਅਕਾਲੀ ਦਲ ਬਣ ਗਿਆਂ ਹੈ। ਉਨ੍ਹਾਂ ਅਕਾਲੀ ਸਰਕਾਰ ਵੇਲੇ ਬਣਾਏ ਗਏ ਕਮਿਸ਼ਨਾ 'ਤੇ ਸਵਾਲ ਚੁੱਕੇ ਅਤੇ ਪੰਜਾਬ ਦਾ ਮਾੜੇ ਹਾਲਾਤ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆਂ। ਉਨ੍ਹਾ ਦੋਸ਼ ਲਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ ਅਕਾਲੀ ਦਲ ਜ਼ਿੰਮੇਵਾਰ ਹੈ।


Related News