PU 'ਚ ਸਤੰਬਰ ਜਾਂ ਅਕਤੂਬਰ ਮਹੀਨੇ ਹੋਣਗੀਆਂ ਚੋਣਾਂ, ਵਿਦਿਆਰਥੀਆਂ ਨੂੰ ਲੁਭਾਉਣ 'ਚ ਲੱਗੇ ਸੰਗਠਨ
Thursday, Aug 25, 2022 - 04:03 PM (IST)
ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਦਾ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਵੀ ਕਰਵਾਈਆਂ ਜਾਣਗੀਆਂ। ਕੈਂਪਸ 'ਚ ਇਹ ਚੋਣਾਂ ਕੋਰੋਨਾ ਦੇ ਦੌਰ ਕਾਰਨ 2 ਸਾਲ ਬਾਅਦ ਹੋਣਗੀਆਂ। ਇਹ ਵਿਦਿਆਰਥੀ ਕੌਂਸਲ ਚੋਣਾਂ ਸਤੰਬਰ ਦੇ ਆਖ਼ਰੀ ਹਫ਼ਤੇ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਹੋ ਸਕਦੀਆਂ ਹਨ। ਪੀ. ਯੂ. 'ਚ ਦਾਖ਼ਲੇ ਲਈ ਅਪਲਾਈ ਕਰਨ ਦੀ ਤਾਰੀਖ਼ 1 ਸਤੰਬਰ ਤੱਕ ਵਧਾ ਦਿੱਤੀ ਗਈ ਹੈ, ਜਦੋਂ ਕਿ ਪਹਿਲਾਂ ਇਹ ਦਾਖ਼ਲਾ ਪ੍ਰਕਿਰਿਆ ਅਗਸਤ ਮਹੀਨੇ 'ਚ ਮੁਕੰਮਲ ਕੀਤੀ ਜਾਣੀ ਸੀ। ਦਾਖ਼ਲੇ ਦੀ ਤਾਰੀਖ਼ ਇਕ ਹਫ਼ਤਾ ਵਧਾਏ ਜਾਣ ਕਾਰਨ ਨਵੇਂ ਅਕਾਦਮਿਕ ਸੈਸ਼ਨ ਦੀਆਂ ਕਲਾਸਾਂ ਵੀ ਲੇਟ ਹੋਣਗੀਆਂ।
ਇਹ ਵੀ ਪੜ੍ਹੋ : ਪਾਖੰਡੀ ਬਾਬੇ ਨੇ ਮੱਥਾ ਟੇਕਣ ਆਏ ਨਾਬਾਲਗ ਮੁੰਡੇ ਨਾਲ ਕੀਤਾ ਸ਼ਰਮਨਾਕ ਕਾਰਾ, ਮਿਲੀ ਸਜ਼ਾ
ਇਸ ਲਈ ਵਿਦਿਆਰਥੀ ਕੌਂਸਲ ਚੋਣਾਂ 'ਚ ਦੇਰੀ ਹੋ ਸਕਦੀ ਹੈ। ਕੈਂਪਸ 'ਚ ਕਾਂਗਰਸ ਨਾਲ ਜੁੜੀ ਐੱਨ. ਐੱਸ. ਯੂ. ਆਈ., ਅਕਾਲੀ ਦਲ ਨਾਲ ਸੋਈ, ਭਾਜਪਾ ਨਾਲ ਜੁੜੀ ਏ. ਬੀ. ਵੀ. ਪੀ. ਅਤੇ ਪੁਸੂ, ਐੱਸ. ਐੱਫ਼. ਐੱਸ. ਅਤੇ ਕਈ ਹੋਰ ਸੰਗਠਨਾਂ ਨਾਲ ਜੁੜੀਆਂ ਆਜ਼ਾਦ ਵਿਦਿਆਰਥੀ ਪਾਰਟੀਆਂ ਵੀ ਹਨ, ਜੋ ਇਕ ਦੂਜੇ ਦੇ ਵਿਰੋਧ 'ਚ ਚੋਣਾਂ ਲੜਦੀਆਂ ਹਨ। ਜਾਣਕਾਰੀ ਅਨੁਸਾਰ ਪੀ. ਯੂ. ਵਿਦਿਆਰਥੀ ਕੌਂਸਲ ਚੋਣਾਂ ਦੇ ਮੱਦੇਨਜ਼ਰ ਹਰੇਕ ਵਿਦਿਆਰਥੀ ਯੂਨੀਅਨ ਇਸ ਵੇਲੇ ਆਪਣੀ ਪਾਰਟੀ ਲਈ ਪੂਰੇ ਜ਼ੋਰਾਂ ’ਤੇ ਪ੍ਰਚਾਰ ਕਰ ਰਹੀ ਹੈ। ਵਿਭਾਗਾਂ 'ਚ ਚੱਲ ਰਹੀ ਕੌਂਸਲਿੰਗ 'ਚ ਵਿਦਿਆਰਥੀ ਯੂਨੀਅਨ ਵੱਲੋਂ ਵਿਦਿਆਰਥੀਆਂ ਨੂੰ ਕੌਂਸਲਿੰਗ 'ਚ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਵਾ ਕੇ ਉਨ੍ਹਾਂ ਨੂੰ ਆਪਣੀ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਜੇਕਰ ਤੁਹਾਡੇ ਘਰ ਵੀ ਨੌਕਰ ਹਨ ਤਾਂ ਹੋ ਜਾਓ ਸਾਵਧਾਨ! ਹੈਰਾਨ ਕਰ ਦੇਵੇਗੀ ਇਹ ਖ਼ਬਰ
ਸਿਆਸਤ ’ਚ ਜਾਣ ਵਾਲਿਆਂ ਲਈ ਹੁੰਦੈ ਪਹਿਲਾ ਕਦਮ
ਵਿਦਿਆਰਥੀ ਕੌਂਸਲ ਲਈ ਪੀ. ਯੂ. ਦੇ ਡੀ. ਐੱਸ. ਡਬਲਿਊ. ਡੀ. ਵਿਭਾਗ ਕੋਲ 80 ਲੱਖ ਰੁਪਏ ਦੇ ਫੰਡ ਰੱਖੇ ਹੋਏ ਹਨ, ਜਿਸ ਰਾਹੀਂ ਵਿਦਿਆਰਥੀਆਂ ਲਈ ਸੈਮੀਨਾਰ, ਟਰਿੱਪ ਅਤੇ ਪ੍ਰਦਰਸ਼ਨੀਆਂ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕਲਚਰਲ ਨਾਈਟਸ ਵੀ ਕਰਵਾਈਆਂ ਜਾਂਦੀਆਂ ਹਨ। ਸਿਆਸੀ ਪਾਰਟੀਆਂ ਨਾਲ ਜੁੜੀਆਂ ਵਿਦਿਆਰਥੀ ਯੂਨੀਅਨਾਂ ਨੂੰ ਚੋਣ ਪ੍ਰਚਾਰ ਲਈ ਫੰਡ ਮਿਲੇ ਹਨ। ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਭਵਿੱਖ 'ਚ ਸਿਆਸਤ 'ਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਚੋਣ ਪਹਿਲੇ ਕਦਮ ਦਾ ਕੰਮ ਕਰਦੀ ਹੈ। ਉਹ ਸਿਆਸਤ ਦੀ ਪਹਿਲੀ ਪੌੜੀ ’ਤੇ ਪੈਰ ਰੱਖਦੇ ਹਨ, ਜਿਥੋਂ ਉਨ੍ਹਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਚੋਣਾਂ ਦੀ ਆਖ਼ਰੀ ਤਾਰੀਖ਼ ਨੂੰ ਮੈਨੇਜਮੈਂਟ ਵਲੋਂ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਜਲਦੀ ਹੀ ਵਿਦਿਆਰਥੀਆਂ ਨੂੰ ਚੋਣਾਂ ਲਈ ਤਾਰੀਖ਼ ਚੁਣਨ ਲਈ ਪੁੱਛਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ