ਪੰਜਾਬ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਮੁਲਤਵੀ
Friday, Dec 17, 2021 - 01:49 PM (IST)
ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਦੇ ਯੂ. ਜੀ. ਅਤੇ ਪੀ. ਜੀ. ਓਡ ਸਮੈਸਟਰ ਦੇ ਪ੍ਰੈਕਟੀਕਲ ਅਤੇ ਥਿਊਰੀ ਦੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਹ ਪ੍ਰੀਖਿਆਵਾਂ 17 ਦਸੰਬਰ ਤੋਂ ਸ਼ੁਰੂ ਹੋਣੀਆਂ ਸਨ। ਅਗਲਾ ਸ਼ੈਡਿਊਲ ਪੀ. ਯੂ. ਦੀ ਵੈਬਸਾਈਟ ’ਤੇ ਛੇਤੀ ਅਪਲੋਡ ਕਰ ਦਿੱਤਾ ਜਾਵੇਗਾ। ਇਸ ਦੀ ਜਾਣਕਾਰੀ ਨਾ ਹੋਣ ਕਾਰਨ ਵਿਦਿਆਰਥੀ ਪ੍ਰੈਕਟੀਕਲ ਲੈ ਕੇ ਆਉਣ ਵਾਲੀਆਂ ਗਾਈਡਲਾਈਨਜ਼ ਦੀ ਉਡੀਕ ਕਰ ਰਹੇ ਸਨ ਪਰ ਬੀਤੀ ਦੇਰ ਸ਼ਾਮ ਪਤਾ ਲੱਗਿਆ ਕਿ ਪੇਪਰ ਹੀ ਨਹੀਂ ਹੋਣਾ ਹੈ। ਇਨ੍ਹੀਂ ਦਿਨੀਂ ਯੂਨੀਵਰਸਿਟੀ ਅਤੇ ਕਾਲਜਾਂ ਦੇ ਅਧਿਆਪਕ ਹੜਤਾਲ 'ਤੇ ਹਨ ਅਤੇ ਇਸ ਕਾਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਪਿਛਲੇ ਹਫ਼ਤੇ ਹੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਸਨ।
ਦੱਸਣਯੋਗ ਹੈ ਕਿ ਅਧਿਆਪਕ ਯੂਨੀਅਨ ਵੱਲੋਂ ਇਸ ਸਮੇਂ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ 15 ਹਜ਼ਾਰ ਅਧਿਆਪਕ ਜੁੜੇ ਹਨ, ਜੋ ਸਿੱਖਿਆ ਬੰਦ ਦੀ ਕਾਲ ’ਤੇ ਚੱਲ ਰਹੇ ਹਨ ਅਤੇ ਯੂ. ਜੀ. ਸੀ. ਡੀ.-ਲਿੰਕ ਅਤੇ ਯੂ. ਜੀ. ਸੀ. 7ਵੇਂ ਪੇਅ ਕਮਿਸ਼ਨ ਸਬੰਧੀ ਲਗਾਤਾਰ ਹੜਤਾਲ ਕਰ ਰਹੇ ਹਨ। ਸ਼ਹਿਰ ਅਤੇ ਪੰਜਾਬ ਵਿਚ ਰੋਜ਼ਾਨਾ ਧਰਨੇ-ਪ੍ਰਦਰਸ਼ਨ ਹੋ ਰਹੇ ਹਨ। ਅਜਿਹੇ ਵਿਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹੋਣੀਆਂ ਸੰਭਵ ਨਹੀਂ ਹਨ।