ਭਲਕੇ ਪੰਜਾਬ ਮੰਗੇਗਾ ਕੈਪਟਨ ਦੇ ਝੂਠੇ ਲਾਰਿਆਂ ਦਾ ਹਿਸਾਬ : ਮਜੀਠੀਆ

Sunday, Mar 07, 2021 - 02:08 AM (IST)

ਭਲਕੇ ਪੰਜਾਬ ਮੰਗੇਗਾ ਕੈਪਟਨ ਦੇ ਝੂਠੇ ਲਾਰਿਆਂ ਦਾ ਹਿਸਾਬ : ਮਜੀਠੀਆ

ਜਲੰਧਰ, (ਮ੍ਰਿਦੁਲ)- 8 ਮਾਰਚ ਨੂੰ ਵਿਧਾਨ ਸਭਾ ਵਿਚ ਸੂਬੇ ਦਾ ਬਜਟ ਪੇਸ਼ ਹੋਣ ਵਾਲੇ ਦਿਨ ਸੂਬੇ ਦੇ ਸਾਰੇ ਹਲਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਧਰਨੇ ਦੇਵੇਗਾ ਤੇ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਪੂਰੇ ਨਾ ਕਰਨ ਦਾ ਹਿਸਾਬ ਮੰਗੇਗਾ। ਇਹ ਧਰਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਮੰਗਦਾ ਹਿਸਾਬ ਦੇ ਤਹਿਤ ਦਿੱਤੇ ਜਾਣਗੇ ਤੇ ਇਨ੍ਹਾਂ ਰਾਹੀਂ ਨਾ ਸਿਰਫ ਕਾਂਗਰਸ ਵੱਲੋਂ ਸਮਾਜ ਦੇ ਹਰ ਵਰਗ ਨਾਲ ਕੀਤੇ ਗਏ ਧੋਖੇ ਨੂੰ ਬੇਨਕਾਬ ਕੀਤਾ ਜਾਵੇਗਾ ਬਲਕਿ ਇਕ ਨਿਰੰਤਰ ਸੰਘਰਸ਼ ਸ਼ੁਰੂ ਕਰ ਕੇ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜਬੂਰ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਪਾਰਟੀ ਪੈਟਰੋਲ ਅਤੇ ਡੀਜ਼ਲ ’ਤੇ 5 ਰੁਪਏ ਪ੍ਰਤੀ ਲੀਟਰ ਕਟੌਤੀ ਕਰ ਕੇ ਤੇ ਬਿਜਲੀ ਦਰਾਂ ਵਿਚ ਚੌਖੇ ਵਾਧੇ ਨੂੰ ਵਾਪਸ ਲੈ ਕੇ ਆਮ ਲੋਕਾਂ ਨੁੰ ਰਾਹਤ ਦੇਣ ਦੀ ਮੰਗ ਵੀ ਕਰੇਗਾ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੌਜਵਾਨਾਂ ਨੂੰ ਪਿਛਲੇ ਚਾਰ ਸਾਲ ਦੇ ਬਕਾਏ ਸਮੇਤ 2500 ਰੁਪਏ ਪ੍ਰਤੀ ਮਹੀਨਾ ਦਾ ਬੇਰੋਜ਼ਗਾਰੀ ਭੱਤਾ ਤੁਰੰਤ ਦੇਣ ਦੀ ਵੀ ਮੰਗ ਕਰੇਗਾ। ਬੁਢਾਪਾ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪੂਰਾ ਕੀਤੇ ਜਾਣ ਦੀ ਮੰਗ ਕੀਤੀ ਜਾਵੇਗੀ ਤੇ ਸ਼ਗਨ ਸਕੀਮ ਤਹਿਤ 51 ਹਜ਼ਾਰ ਰੁਪਏ ਸ਼ਗਨ ਸਾਰੇ ਯੋਗ ਲਾਭਪਾਤਰੀਆਂ ਨੂੰ ਜਾਰੀ ਕਰਨ ਦੀ ਮੰਗ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਧਰਨਿਆਂ ਵਿਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਜਾਵੇਗੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਮਾਮਲਾ ਕੇਂਦਰ ਸਰਕਾਰ ਚੁੱਕਣ ਲਈ ਵੀ ਕਿਹਾ ਜਾਵੇਗਾ। ਇਸ ਮੌਕੇ ਸੁਖਦੀਪ ਸਿੰਘ ਸੁਕਾਰ, ਤਜਿੰਦਰ ਸਿੰਘ ਨਿਝਰ, ਰਣਜੀਤ ਸਿੰਘ ਖੋਜੇਵਾਲ, ਕਮਲਜੀਤ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਖਾਲਸਾ, ਪਰਮਿੰਦਰ ਬੰਗਾ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।
 


author

Bharat Thapa

Content Editor

Related News