ਪੀ. ਐੱਸ. ਯੂ. ਦੀ ਅਗਵਾਈ ''ਚ ਵਿਦਿਆਰਥੀਆਂ ਕੀਤਾ ਕਾਲਜ ''ਚ ਰੋਸ ਪ੍ਰਦਰਸ਼ਨ

Tuesday, Oct 24, 2017 - 02:42 PM (IST)

ਪੀ. ਐੱਸ. ਯੂ. ਦੀ ਅਗਵਾਈ ''ਚ ਵਿਦਿਆਰਥੀਆਂ ਕੀਤਾ ਕਾਲਜ ''ਚ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਥਾਨਕ ਕੋਟਕਪੂਰਾ ਰੋਡ ਸਥਿਤ ਸਰਕਾਰੀ ਕਾਲਜ ਵਿਖੇ ਪਿਛਲੇ ਸਾਲ ਵਿਦਿਆਰਥੀਆਂ ਤੋਂ ਕਥਿਤ ਰੂਪ 'ਚ ਲਈਆ ਗਈਆਂ ਨਜਾਇਜ਼ ਫੀਸਾਂ ਦੇ ਵਿਰੁੱਧ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਗਗਨ ਸੰਗਰਾਮੀ ਨੇ ਕਿਹਾ ਕਿ ਪਿਛਲੇ ਸਾਲ ਵਿਦਿਆਰਥੀਆਂ ਤੋਂ ਪ੍ਰੀਖਿਆਂ ਫੀਸ ਦੇ ਨਾਮ ਤੇ 1000 ਰੁਪਏ ਨਜਾਇਜ਼ ਲਏ ਗਏ ਸਨ। ਇਸ ਮਾਮਲੇ ਨੂੰ ਜਦੋਂ ਵਿਦਿਆਰਥੀਆਂ ਨੇ ਰੋਲਾ ਪਾਇਆ ਤਾਂ ਪ੍ਰੋ : ਕੇ. ਸੀ. ਮਿੱਤਲ ਅਤੇ ਪ੍ਰਿੰਸੀਪਲ ਵੱਲੋਂ ਫੀਸਾਂ ਵਾਪਸ ਕਰਨ ਦਾ ਵਾਅਦਾ ਕੀਤਾ ਗਿਆ ਪਰ ਉਹਨਾਂ ਨੇ ਬਾਅਦ 'ਚ ਫੀਸ ਨਾ ਮੋੜੀ। ਇਸ ਮਸਲੇ ਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਤਿੰਨ ਵਾਰ ਮੰਗ ਪੱਤਰ ਵੀ ਦਿੱਤਾ ਗਿਆ ਹੈ ਪਰ ਹੁਣ ਸਾਲ ਬੀਤ ਜਾਣ ਤੇ ਵੀ ਕਾਲਜ ਪ੍ਰਸਾਸ਼ਨ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਸ ਤੋਂ ਇਲਾਵਾ ਫਾਜ਼ਿਲਕਾ, ਜ਼ੀਰਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਦੀ ਇਕੋਂ ਹੀ ਪ੍ਰਿੰਸੀਪਲ ਹੈ ਪਰ ਇਸ ਵਾਰ ਇਹਨਾਂ ਤਿੰਨਾਂ ਕਾਲਜਾਂ 'ਚ ਅਲੱਗ-ਅਲੱਗ ਫੀਸਾਂ ਲਈ ਗਈ ਹੈ ਜਿਸਦੀ ਕੋਈ ਤੁਕ ਨਹੀਂ ਬਣਦੀ। ਇਸ ਤੋਂ ਇਲਾਵਾ ਕਾਲਜ 'ਚੋਂ ਸਫ਼ਾਈ ਦਾ ਬਿਲਕੁਲ ਪ੍ਰਬੰਧ ਨਹੀਂ ਹੈ। ਕਹਿਣ ਨੂੰ ਤਾਂ ਕਾਲਜ ਵਿਚ ਫਿਲਟਰ ਲੱਗੇ ਹੋਏ ਹਨ ਪਰ ਪਾਣੀ ਗੰਦੇ ਦਾ ਗੰਦਾ ਹੀ ਹੈ ਅਤੇ ਲੜਕੀਆਂ ਦੀ ਸੁਰੱਖਿਆ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਹਨ। ਅਸਲ ਵਿਚ ਕਾਲਜ ਮੈਨੇਜਮੈਂਟ ਸਰਕਾਰੀ ਕਾਲਜ ਦਾ ਭੋਗ ਪਾਉਣ ਦੀ ਤਿਆਰੀ 'ਚ ਹੈ। ਉਹਨਾਂ ਕਿਹਾ ਕਿ ਜੇਕਰ ਕਾਲਜ ਮੈਨੇਜਮੈਂਟ ਨੇ ਵਿਦਿਆਰਥੀਆਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਧੀਰਜ ਕੁਮਾਰ, ਸੁਖਮੰਦਰ ਕੌਰ, ਸਤਵੀਰ ਕੌਰ, ਪ੍ਰਵੀਨ ਕਰਮ ਭੱਟੀ, ਮਨਦੀਪ ਸਿੰਘ, ਬੰਟੀ ਬੱਲਮਗੜ, ਮਨਪ੍ਰੀਤ ਕੌਰ, ਅਸ਼ਤੀਸ਼, ਬੇਅੰਤ ਸਿੰਘ, ਖੁਸ਼ ਅਕਾਲਗੜ, ਹਨੀ ਮਹਾਂਬੱਧਰ ਆਦਿ ਮੌਜੂਦ ਸਨ।


Related News