ਘਾਤਕ ਹਥਿਆਰਾਂ ਦਾ ਗੜ੍ਹ ਬਣ ਰਿਹਾ ਪੰਜਾਬ, ਪਾਕਿਸਤਾਨ ਤੋਂ ਡਰੋਨ ਜ਼ਰੀਏ ਪਹੁੰਚ ਰਹੇ ਹਥਿਆਰ

06/03/2022 3:32:27 PM

ਚੰਡੀਗੜ੍ਹ (ਅਸ਼ਵਨੀ)- ਰਾਕੇਟ ਪ੍ਰੋਪੈਲਡ ਗ੍ਰਨੇਡ (ਆਰ. ਪੀ. ਜੀ.) ਲਾਂਚਰ ਤੋਂ ਲੈ ਕੇ ਏ. ਐੱਨ.-94 ਅਸਾਲਟ ਰਾਈਫਲ ਤਕ, ਪੰਜਾਬ ਵਿਚ ਅਜਿਹੇ ਘਾਤਕ ਹਥਿਆਰਾਂ ਦੀ ਐਂਟਰੀ ਨੇ ਪੰਜਾਬ ਤੋਂ ਲੈ ਕੇ ਕੇਂਦਰ ਤਕ ਦੀਆਂ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਉਂਝ ਤਾਂ ਕੁਝ ਸਾਲਾਂ ਵਿਚ ਗਾਹੇ-ਬਗਾਹੇ ਹਥਿਆਰਾਂ ਦੀ ਖੇਪ ਮਿਲਦੀ ਰਹੀ ਹੈ ਪਰ ਮੋਹਾਲੀ ਵਿਚ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ’ਤੇ ਰਾਕੇਟ ਪ੍ਰੋਪੈਲਡ ਗ੍ਰਨੇਡ ਲਾਂਚਰ ਨਾਲ ਹਮਲਾ ਅਤੇ ਉਸ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਏ. ਐੱਨ.-94 ਅਸਾਲਟ ਰਾਈਫਲ ਦੇ ਇਸਤੇਮਾਲ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਦੋਵੇਂ ਘਾਤਕ ਹਥਿਆਰ ਪੰਜਾਬ ਵਿਚ ਪਹਿਲੀ ਵਾਰ ਇਸਤੇਮਾਲ ਹੋਏ ਹਨ, ਜਿਸ ਕਾਰਨ ਇਕ ਵੱਡਾ ਸਵਾਲ ਇਹ ਹੈ ਕਿ ਕੀ ਪੰਜਾਬ ਘਾਤਕ ਹਥਿਆਰਾਂ ਦੇ ਗੜ੍ਹ ਦੇ ਤੌਰ ’ਤੇ ਉੱਭਰ ਰਿਹਾ ਹੈ।

ਕਰਨਾਲ ਤੋਂ ਫੜ੍ਹੇ ਗਏ 4 ਅੱਤਵਾਦੀਆਂ ਨੇ ਕੀਤਾ ਸੀ ਹਥਿਆਰਾਂ ਦੀ ਡਿਲਿਵਰੀ ਦਾ ਖ਼ੁਲਾਸਾ
ਇਹ ਸਵਾਲ ਇਸ ਲਈ ਵੀ ਅਹਿਮ ਹੈ ਕਿਉਂਕਿ ਪਿਛਲੇ ਦੋ-ਤਿੰਨ ਸਾਲਾਂ ਵਿਚ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਨਾਲ ਹਥਿਆਰਾਂ ਦੀ ਖੇਪ ਸੁੱਟਣ ਦੇ ਮਾਮਲਿਆਂ ਵਿਚ ਕਾਫ਼ੀ ਤੇਜ਼ੀ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਘਾਤਕ ਹਥਿਆਰ ਪੰਜਾਬ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚ ਰਹੇ ਹਨ। ਬੀਤੇ ਦਿਨੀਂ ਕਰਨਾਲ ਵਿਚ ਫੜ੍ਹੇ ਗਏ 4 ਅੱਤਵਾਦੀਆਂ ਦੇ ਖ਼ੁਲਾਸੇ ਇਸ ਲਿਹਾਜ਼ ਤੋਂ ਕਾਫ਼ੀ ਅਹਿਮ ਹਨ। ਇਨ੍ਹਾਂ ਅੱਤਵਾਦੀਆਂ ਨੇ ਕਬੂਲਿਆ ਹੈ ਕਿ ਉਹ ਪੰਜਾਬ ਤੋਂ ਹਥਿਆਰਾਂ ਦੀ ਖੇਪ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚਾਉਂਦੇ ਹਨ। ਉਨ੍ਹਾਂ ਨੇ ਪੰਜਾਬ ਤੋਂ ਹਥਿਆਰਾਂ ਦੀ ਇਕ ਖੇਪ ਨੂੰ ਮਹਾਰਾਸ਼ਟਰ ਦੇ ਨਾਂਦੇੜ ਵਿਚ ਡਿਲਿਵਰ ਕੀਤਾ ਸੀ, ਜਦੋਂਕਿ ਦੂਜੀ ਖੇਪ ਤੇਲੰਗਾਨਾ ਪਹੁੰਚਾਉਣ ਦੀ ਫਿਰਾਕ ਵਿਚ ਸਨ ਪਰ ਫੜ੍ਹੇ ਗਏ। ਇਨ੍ਹਾਂ ਅੱਤਵਾਦੀਆਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਧਮਾਕਾਖੇਜ਼ ਸਮੱਗਰੀ ਮਿਲੀ, ਜਿਸ ਦੀ ਡਿਲਿਵਰੀ ਲਈ ਐਪ ਜ਼ਰੀਏ ਲੋਕੇਸ਼ਨ ਭੇਜੀ ਗਈ ਸੀ। ਪਾਕਿਸਤਾਨ ਤੋਂ ਡਰੋਨ ਜ਼ਰੀਏ ਫਿਰੋਜ਼ਪੁਰ ਜ਼ਿਲ੍ਹੇ ਦੇ ਖੇਤਾਂ ਵਿਚ ਆਈ ਧਮਾਕੇਖਾਜ਼ ਸਮੱਗਰੀ ਨੂੰ ਤੇਲੰਗਾਨਾ ਦੇ ਆਦਿਲਾਬਾਦ ਪਹੁੰਚਾਇਆ ਜਾਣਾ ਸੀ। ਅੱਤਵਾਦੀਆਂ ਮੁਤਾਬਕ ਧਮਾਕਾਖੇਜ਼ ਸਮੱਗਰੀ ਦੀ ਪਹਿਲੀ ਖੇਪ ਵੀ ਪਾਕਿਸਤਾਨ ਤੋਂ ਫਿਰੋਜ਼ਪੁਰ ਦੇ ਖੇਤਾਂ ਵਿਚ ਡਰੋਨ ਨਾਲ ਆਈ ਸੀ। 2021 ਦੇ ਵਿਚਕਾਰ ਸੁਰੱਖਿਆ ਏਜੰਸੀਆਂ ਦੇ ਉਸ ਸਮੇਂ ਹੱਥ-ਪੈਰ ਫੁੱਲ ਗਏ, ਜਦੋਂ ਟਿਫਿਨ ਬੰਬ, ਆਰ. ਡੀ. ਐਕਸ, ਡੈਟੋਨੇਟਰ, ਮਲਟੀਪਰਪਜ਼ ਇਲੈਕਟ੍ਰੋਨਿਕ ਟਾਈਮਰ, ਫਿਊਜ਼ ਵਾਇਰ ਵਰਗਾ ਸੰਵੇਦਨਸ਼ੀਲ ਮਟੀਰੀਅਲ ਬਰਾਮਦ ਹੋਇਆ। 9 ਜੁਲਾਈ ਨੂੰ ਤਰਨਤਾਰਨ ਵਿਚ ਸੁਰੱਖਿਆ ਬਲਾਂ ਨੇ 3 ਕਿਲੋ ਆਰ. ਡੀ. ਐਕਸ ਅਤੇ ਡੈਟੋਨੇਟਰ ਬਰਾਮਦ ਕੀਤੇ। 10 ਜੁਲਾਈ ਨੂੰ ਮਲਟੀਪਰਪਜ਼ ਇਲੈਕਟ੍ਰੋਨਿਕ ਟਾਈਮਰ, 13 ਜੁਲਾਈ ਨੂੰ 2 ਕਿੱਲੋ ਆਰ. ਡੀ. ਐਕਸ, 16 ਜੁਲਾਈ ਨੂੰ 1 ਕਿੱਲੋ ਆਰ. ਡੀ. ਐਕਸ ਅਤੇ ਫਿਊਜ਼ ਵਾਇਰ, 4 ਡੈਟੋਨੇਟਰ ਬਰਾਮਦ ਹੋਏ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਵੰਡਾਇਆ ਪਰਿਵਾਰ ਨਾਲ ਦੁੱਖ਼

2022 ਵਿਚ ਹੁਣ ਤਕ 45 ਡਰੋਨ ਦਿਸ ਚੁੱਕੇ
2022 ਵਿਚ ਹੁਣ ਤਕ 45 ਤੋਂ ਜ਼ਿਆਦਾ ਵਾਰ ਡਰੋਨ ਦਿਸ ਚੁੱਕੇ ਹਨ, ਜਿਸ ਵਿਚ ਦਰਜਨ ਭਰ ਡਰੋਨਾਂ ਨੂੰ ਹੀ ਬਾਰਡਰ ਸਕਿਓਰਿਟੀ ਫੋਰਸ ਡੇਗ ਸਕੀ ਹੈ। 2021 ਵਿਚ 67 ਵਾਰ ਡਰੋਨ ਦਿਸਣ ਦੀ ਪੁਸ਼ਟੀ ਹੋਈ ਹੈ। ਆਮ ਤੌਰ ’ਤੇ ਪਾਕਿਸਤਾਨ ਵੱਲੋਂ ਆਉਣ ਵਾਲੇ ਇਹ ਡਰੋਨ ਆਪਣੇ ਨਾਲ ਡਰੱਗਜ਼ ਅਤੇ ਹਥਿਆਰਾਂ ਦੀ ਖੇਪ ਲੈ ਕੇ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਡਰੋਨਾਂ ਨਾਲ ਹਥਿਆਰਾਂ ਦੀ ਖੇਪ ਪੰਜਾਬ ਭੇਜੀ ਜਾ ਰਹੀ ਹੈ। ਬੇਸ਼ੱਕ ਬੀ. ਐੱਸ. ਐੱਫ਼. ਕਾਫ਼ੀ ਹੱਦ ਤਕ ਇਨ੍ਹਾਂ ਨਾਲ ਡੇਗੀ ਜਾਣ ਵਾਲੀ ਸਮੱਗਰੀ ਫੜ੍ਹ ਲੈਂਦੀ ਹੈ ਪਰ ਕੁਝ ਮਾਮਲਿਆਂ ਵਿਚ ਘਾਤਕ ਹਥਿਆਰ ਅਤੇ ਡਰੱਗਜ਼ ਪਕੜ ਵਿਚ ਨਹੀਂ ਆਉਂਦੇ ਅਤੇ ਇਹੀ ਗੈਂਗਸਟਰ ਅਤੇ ਅੱਤਵਾਦੀਆਂ ਤਕ ਪਹੁੰਚ ਜਾਂਦੇ ਹਨ, ਜਿਸ ਕਾਰਨ ਪੰਜਾਬ ਘਾਤਕ ਹਥਿਆਰਾਂ ਦੇ ਨਵੇਂ ਗੜ੍ਹ ਦੇ ਤੌਰ ’ਤੇ ਉੱਭਰ ਰਿਹਾ ਹੈ।

2021 ਵਿਚ ਬਾਰਡਰ ਪਾਰ 25-30 ਕਿ. ਮੀ. ਤਕ ਡਰੋਨ ਪਹੁੰਚਿਆ
2021 ਵਿਚ ਪਹਿਲੀ ਵਾਰ ਬਾਰਡਰ ਪਾਰ ਕਰੀਬ 25-30 ਕਿਲੋਮੀਟਰ ਤਕ ਡਰੋਨ ਦੇ ਭਾਰਤ ਵਿਚ ਦਾਖ਼ਲ ਹੋਣ ਦੀ ਗੱਲ ਸਾਹਮਣੇ ਆਈ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਡਰੋਨ ਦਾ ਦਾਇਰਾ 3-4 ਕਿਲੋਮੀਟਰ ਤੋਂ 17-18 ਕਿਲੋਮੀਟਰ ਤਕ ਹੈ। ਇਸ ਖ਼ਤਰੇ ਨੂੰ ਭਾਂਪਦੇ ਹੋਏ ਕੇਂਦਰ ਸਰਕਾਰ ਨੇ ਬਾਰਡਰ ਸਕਿਓਰਿਟੀ ਫੋਰਸ ਦੇ 15 ਕਿਲੋਮੀਟਰ ਦਾਇਰੇ ਨੂੰ ਵਧਾਉਣ ਦਾ ਫ਼ੈਸਲਾ ਲਿਆ। ਇਹ ਵੱਖਰੀ ਗੱਲ ਹੈ ਕਿ 25-30 ਕਿਲੋਮੀਟਰ ਡਰੋਨ ਦੀ ਦਸਤਕ ਨੇ ਸੁਰੱਖਿਆ ਏਜੰਸੀਆਂ ਨੂੰ ਐਂਟੀ ਡਰੋਨ ਤਕਨੀਕ ’ਤੇ ਗੰਭੀਰਤਾ ਨਾਲ ਸੋਚਣ ’ਤੇ ਮਜ਼ਬੂਰ ਕਰ ਦਿੱਤਾ। ਸੁਰੱਖਿਆ ਏਜੰਸੀਆਂ ਵੱਲੋਂ ਡਰੋਨ ਦੀ ਦੂਰੀ ਨੂੰ ਲੈ ਕੇ ਜਾਰੀ ਕੀਤੇ ਗਏ ਅੰਕੜਿਆਂ ਵਿਚ ਪਾਇਆ ਗਿਆ ਕਿ ਪਾਕਿਸਤਾਨ ਤੋਂ ਆਉਣ ਵਾਲੇ ਚਾਇਨੀਜ਼ ਡਰੋਨ ਦੀ ਭਾਰ ਚੁੱਕਣ ਦੀ ਸਮਰੱਥਾ ਵੀ ਜ਼ਿਆਦਾ ਹੈ। ਇਹ ਹਥਿਆਰਾਂ ਦੀ ਵੱਡੀ ਖੇਪ ਲੈ ਕੇ ਲੰਬੀ ਦੂਰੀ ਤਕ ਬਾਰਡਰ ਪਾਰ ਕਰ ਕੇ ਆ ਸਕਦੇ ਹਨ। 12 ਜੂਨ 2021 ਨੂੰ ਇੰਝ ਹੀ ਇਕ ਡਰੋਨ ਨੇ 2 ਹੈਂਡ ਗ੍ਰਨੇਡ ਅਤੇ 2 ਪਿਸਟਲ ਸੁੱਟੇ, ਜੋ ਬਾਰਡਰ ਪਾਰ ਪੰਜਾਬ ਦੇ ਖੇਤਰ ਵਿਚ 9 ਕਿਲੋਮੀਟਰ ਅੰਦਰ ਸਨ।

ਇਹ ਵੀ ਪੜ੍ਹੋ: ਜਲੰਧਰ ਨੂੰ ਮਿਲਿਆ ਨਵਾਂ ਪੁਲਸ ਕਮਿਸ਼ਨਰ, IPS ਅਧਿਕਾਰੀ ਗੁਰਸ਼ਰਨ ਸਿੰਘ ਸੰਭਾਲਣਗੇ ਕਮਾਨ

2019 ਤੋਂ ਡਰੋਨ ਦੀ ਦਸਤਕ, ਹਥਿਆਰਾਂ ਦੀ ਖੇਪ ਪਹੁੰਚੀ
2019 ਵਿਚ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨੇ ਜਾਣ ਤੋਂ ਬਾਅਦ ਪੰਜਾਬ ਵਿਚ ਅਗਸਤ 2019 ਦੌਰਾਨ ਪਹਿਲੀ ਵਾਰ ਡਰੋਨ ਦੇ ਜ਼ਰੀਏ ਹਥਿਆਰਾਂ ਦੀ ਖੇਪ ਨੇ ਦਸਤਕ ਦਿੱਤੀ। ਪਾਕਿਸਤਾਨ ਵਿਚ ਬੈਠੇ ਖਾਲਿਸਤਾਨੀ ਅਤੇ ਜੇਹਾਦੀ ਗਰੁੱਪਾਂ ਨੇ ਆਧੁਨਿਕ ਹਥਿਆਰਾਂ ਤੋਂ ਲੈ ਕੇ ਗੋਲਾ-ਬਾਰੂਦ ਦੀ ਖੇਪ ਨੂੰ ਭਾਰਤ ਵਿਚ ਪਹੁੰਚਾਇਆ।
13 ਅਗਸਤ 2019 ਨੂੰ ਅੰਮ੍ਰਿਤਸਰ ਬਾਰਡਰ ’ਤੇ ਇਕ ਚਾਈਨਾ ਮੇਡ ਐੱਮ. ਪੀ.-9 ਸਬ ਮਸ਼ੀਨ ਗੰਨ, ਇਕ ਏ. ਕੇ.-47, ਇਕ .30 ਬੋਰ ਪਿਸਟਲ ਤੋਂ ਇਲਾਵਾ ਗੋਲਾ-ਬਾਰੂਦ ਡਰੋਨ ਦੇ ਜ਼ਰੀਏ ਭੇਜਿਆ ਗਿਆ, ਜੋ ਫੜ੍ਹਿਆ ਗਿਆ।

PunjabKesari
22 ਸਤੰਬਰ 2019 ਨੂੰ 5 ਏ. ਕੇ.-47 ਰਾਈਫਲਜ਼, .30 ਬੋਰ ਦੀ ਮੇਡ ਇਨ ਚਾਈਨਾ ਵਾਲੀਆਂ 4 ਪਿਸਟਲ, 9 ਗ੍ਰਨੇਡ ਫੜ੍ਹੇ ਗਏ।
3 ਸਤੰਬਰ 2019 ਨੂੰ ਰੂਸ ਵਿਚ ਬਣੇ 72 ਗੋਲ਼ੀਆਂ ਵਾਲੀ ਡਰੰਮ ਮੈਗਜ਼ੀਨ ਨਾਲ ਲੈਸ .30 ਬੋਰ ਰਾਈਫਲ ਬਰਾਮਦ ਕੀਤੀ ਗਈ।
30 ਸਤੰਬਰ 2019 ਨੂੰ ਬਾਰਡਰ ਪਾਰ ਤੋਂ ਡਰੋਨ ਦੇ ਜ਼ਰੀਏ ਸੁੱਟੀਆਂ ਗਈਆਂ 2 ਚਾਈਨੀਜ਼ ਪਿਸਤੌਲ ਅਤੇ 64 ਜ਼ਿੰਦਾ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ।
2020 ਵਿਚ ਪਹਿਲੀ ਵਾਰ ਚਾਈਨੀਜ਼ ਡਰੋਨ ਰਿਕਵਰ ਕੀਤੇ ਗਏ।
3 ਜਨਵਰੀ 2020 ਨੂੰ ਡਰੋਨ ਦੇ ਜ਼ਰੀਏ ਭੇਜੇ ਗਏ ਚੀਨ ਵਿਚ ਬਣੇ .30 ਬੋਰ ਦੇ 2 ਪਿਸਟਲ, 28 ਮੈਗਜ਼ੀਨ ਫੜ੍ਹੇ ਗਏ।
4 ਜਨਵਰੀ 2020 ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿਚ ਬਾਰਡਰ ’ਤੇ 12 ਗ੍ਰਨੇਡਾਂ ਦੀ ਖੇਪ ਫੜ੍ਹੀ ਗਈ।
9 ਜਨਵਰੀ 2020 ਨੂੰ ਬਾਰਡਰ ’ਤੇ ਪੰਜਾਬ ਦੇ ਖੇਤਰ ਵਿਚ ਪੁਲਸ ਨੇ 2 ਚਾਈਨੀਜ਼ ਡਰੋਨ ਰਿਕਵਰ ਕੀਤੇ, 2 ਵਾਕੀ-ਟਾਕੀ ਬਰਾਮਦ ਕੀਤੇ।    

 

ਇਹ ਵੀ ਪੜ੍ਹੋ: ਜਲੰਧਰ ਵੈਸਟ ਤੋਂ ਵੱਡੀ ਖ਼ਬਰ, 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  


shivani attri

Content Editor

Related News