ਸਰਕਾਰ ਸੋਚੀ ਸਮਝੀ ਸਾਜਿਸ਼ ਅਧੀਨ ਪਾਲਿਸੀ ਲਾਗੂ ਕਰਕੇ ਮਜਦੂਰਾਂ ਨਾਲ ਕਰ ਰਹੀ ਧੱਕਾ : ਬੁੱਧ ਰਾਮ
Monday, Mar 05, 2018 - 04:45 PM (IST)
ਬੁਢਲਾਡਾ (ਬਾਂਸਲ) — ਪੰਜਾਬ ਪ੍ਰਦੇਸ਼ ਪੱਲੇਦਾਰ ਮਜਦੂਰ ਯੂਨੀਅਨ ਵੱਲੋਂ 12 ਮਾਰਚ ਨੂੰ ਪਟਿਆਲਾ ਵਿਖੇ ਹੋਣ ਜਾ ਰਹੀ ਸੰਘਰਸ਼ ਰੈਲੀ ਦੀਆਂ ਤਿਆਰੀਆਂ ਸੰਬੰਧੀ ਜ਼ਿਲਾ ਪੱਧਰੀ ਮੀਟਿੰਗ ਕੀਤੀ ਗਈ। ਇਸ ਮੌਕੇ ਪੱਲੇਦਾਰ ਮਜਦੂਰਾਂ ਦੀ ਸਮੱਸਿਆਵਾਂ ਨੂੰ ਜਾਨਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਸਰਕਾਰ ਇਕ ਸੋਚੀ ਸਮਝੀ ਸਾਜਿਸ਼ ਅਧੀਨ ਇਸ ਪਾਲਿਸੀ ਨੂੰ ਲਾਗੂ ਕਰਕੇ ਮਜਦੂਰਾਂ ਨਾਲ ਧੱਕਾ ਕਰ ਰਹੀ ਹੈ, ਜਿਸ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਮਜਦੂਰਾਂ ਨਾਲ ਖੜ੍ਹਦਿਆਂ ਉਨ੍ਹਾਂ ਦੇ ਹੱਕਾਂ 'ਚ ਆਵਾਜ ਬੁਲੰਦ ਕੀਤੀ ਜਾਵੇਗੀ ਅਤੇ ਇਸ ਪਾਲਿਸੀ ਨੂੰ ਵਾਪਸ ਲੈਣ ਤੱਕ ਚੱਲ ਰਹੇ ਸੰਘਰਸ਼ 'ਚ ਪੂਰਾ ਸਾਥ ਦਿੱਤਾ ਜਾਵੇਗਾ ਅਤੇ ਉਹ ਖੁਦ ਇਸ ਮਸਲੇ ਨੂੰ ਪੰਜਾਬ ਵਿਧਾਨ ਸਭਾ 'ਚ ਹੋਣ ਜਾ ਰਹੇ ਸੈਸ਼ਨ ਦੌਰਾਨ ਜੋਰ ਸ਼ੋਰ ਨਾਲ ਉਠਾਉਣਗੇ ਤਾਂ ਜੋ ਪੰਜਾਬ ਦਾ ਪੱਲੇਦਾਰ ਤੇ ਮਜਦੂਰਾਂ ਨੂੰ ਭੁੱਖੇ ਮਰਨ ਦੀ ਨੌਬਤ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਬੋਲਦਿਆਂ ਪੱਲੇਦਾਰ ਯੂਨੀਅਨ ਦੇ ਡੀਪੂ ਪ੍ਰਧਾਨ ਦਰਸ਼ਨ ਸਿੰਘ ਬੱਛੂਆਣਾ ਨੇ ਕਿਹਾ ਕਿ ਪੱਲੇਦਾਰ ਮਜਦੂਰ ਵਰਗ ਸਰਕਾਰ ਵੱਲੋਂ ਨਵੀਂ ਪਾਲਿਸੀ ਲਾਗੂ ਕਰਨ ਦੇ ਵਿਰੋਧ 'ਚ 12 ਮਾਰਚ ਨੂੰ ਪਟਿਆਲਾ 'ਚ ਰੈਲੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਸਰਕਾਰ ਦੀਆਂ ਲੱਖ ਰੋਕਾਂ ਦੇ ਬਾਵਜੂਦ ਵੀ ਉਹ ਮਿੱਥੀ ਜਗ੍ਹਾ ਪਹੁੰਚਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਜਦੂਰਾਂ ਤੇ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧੀ ਅਦਾਇਗੀ ਕਰਨ ਦਾ ਵਿਸ਼ਵਾਸ ਦਵਾਇਆ ਗਿਆ ਸੀ ਪਰ ਹੁਣ ਇਸ ਪਾਲਿਸੀ ਨੂੰ ਲਿਆ ਕੇ ਸਰਕਾਰ ਆਪਣੇ ਬਿਆਨਾਂ ਤੋਂ ਭੱਜ ਰਹੀ ਹੈ,ਜਿਸ ਨੂੰ ਪੱਲੇਦਾਰ ਮਜਦੂਰਾਂ ਵੱਲੋਂ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਭੋਲਾ ਸਿੰਘ ਕਲੀਪੁਰ , ਜਸਵੀਰ ਸਿੰਘ ਮਾਨਸਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ।
